For the best experience, open
https://m.punjabitribuneonline.com
on your mobile browser.
Advertisement

ਚੀਮਾ ਵਾਸੀਆਂ ਨੂੰ ਸਮਾਜ ਸੇਵੀਆਂ ਦੇ ਉਦਮ ਸਦਕਾ ਮਿਲਿਆ ਪਾਣੀ

09:47 AM Jul 11, 2024 IST
ਚੀਮਾ ਵਾਸੀਆਂ ਨੂੰ ਸਮਾਜ ਸੇਵੀਆਂ ਦੇ ਉਦਮ ਸਦਕਾ ਮਿਲਿਆ ਪਾਣੀ
ਪਿੰਡ ਚੀਮਾ ਵਿਚ ਵਾਟਰ ਵਰਕਸ ਦੀ ਮੋਟਰ ਚਾਲੂ ਕਰਦੇ ਹੋਏ ਪਿੰਡ ਦੇ ਸਮਾਜ ਸੇਵੀ।
Advertisement

ਲਖਵੀਰ ਸਿੰਘ ਚੀਮਾ
ਟੱਲੇਵਾਲ, 10 ਜੁਲਾਈ
ਪਿੰਡ ਚੀਮਾ ਵਿੱਚ ਵਾਟਰ ਵਰਕਸ ਦੀ ਖ਼ਰਾਬ ਹੋਈ ਮੋਟਰ 15 ਦਿਨਾਂ ਬਾਅਦ ਪਿੰਡ ਦੇ ਹੀ ਸਮਾਜ ਸੇਵੀਆਂ ਦੇ ਉਦਮ ਸਦਕਾ ਮੁੜ ਚਾਲੂ ਹੋ ਸਕੀ ਹੈ ਜਦਕਿ ਵਾਟਰ ਸਪਲਾਈ ਮਹਿਕਮਾ ਅਜੇ ਵੀ ਕਾਗਜ਼ੀ ਕਾਰਵਾਈ ਵਿੱਚ ਹੀ ਉਲਝਿਆ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਮੋਟਰ ਖ਼ਰਾਬ ਹੋਣ ਕਾਰਨ ਪਿੰਡ ਦੇ ਲੋਕਾਂ ਨੂੰ ਪਾਣੀ ਦੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵਾਟਰ ਸਪਲਾਈ ਵਿਭਾਗ ਵੱਲੋਂ ਫ਼ੰਡ ਨਾ ਹੋਣ ਦਾ ਕਾਰਨ ਦੱਸ ਕੇ ਮੋਟਰ ਨੂੰ ਸੰਵਾਰਨ ਦਾ ਕੋਈ ਹੀਲਾ ਨਾ ਕੀਤਾ ਗਿਆ। ਇਸ ਤੋਂ ਬਾਅਦ ਪਿੰਡ ਦੇ ਆਜ਼ਾਦ ਸਪੋਰਟਸ ਕਲੱਬ ਅਤੇ ਸਮਾਜ ਸੇਵੀ ਆਪ ਆਗੂ ਮਲੂਕ ਸਿੰਘ ਧਾਲੀਵਾਲ ਵੱਲੋਂ ਉਦਮ ਕਰਕੇ ਆਪਣੇ ਤੌਰ ’ਤੇ ਵਾਟਰ ਵਰਕਸ ਦੀ ਖ਼ਰਾਬ ਹੋਈ ਮੋਟਰ ਨੂੰ ਠੀਕ ਕਰਵਾਇਆ ਗਿਆ ਹੈ। ਕਲੱਬ ਦੇ ਖ਼ਜ਼ਾਨਚੀ ਲਖਵਿੰਦਰ ਸਿੰਘ ਸੀਰਾ ਅਤੇ ਆਪ ਆਗੂ ਮਲੂਕ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਰੀਬ 150 ਤੋਂ ਵੱਧ ਘਰ ਵਾਟਰ ਵਰਕਸ ਦੇ ਪਾਣੀ ਉਪਰ ਨਿਰਭਰ ਹਨ ਪਰ ਅੰਤਾਂ ਦੀ ਗਰਮੀ ਵਿੱਚ ਪਿਛਲੇ 15 ਦਿਨਾਂ ਤੋਂ ਮੋਟਰ ਖ਼ਰਾਬ ਹੋਣ ਕਾਰਨ ਵੱਡੀ ਪ੍ਰੇਸ਼ਾਨੀ ਬਣੀ ਹੋਈ ਸੀ। ਵਾਟਰ ਸਪਲਾਈ ਮਹਿਕਮੇ ਨੇ ਮੋਟਰ ਤਾਂ ਕੀ ਠੀਕ ਕਰਵਾਉਣੀ ਸੀ ਬਲਕਿ ਮੌਕਾ ਦੇਖਣ ਵੀ ਕੋਈ ਅਧਿਕਾਰੀ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੱਧਰ ’ਤੇ ਕਰੀਬ 13 ਹਜ਼ਾਰ ਰੁਪਏ ਖ਼ਰਚ ਕਰਕੇ ਇਸ ਮੋਟਰ ਨੂੰ ਠੀਕ ਕਰਵਾ ਕੇ ਪਾਣੀ ਚਾਲੂ ਕਰਵਾ ਦਿੱਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਾਣੀ ਵਰਗੀ ਮੁੱਢਲੀ ਸਹੂਲਤ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਆਪ ਆਗੂ ਜਸਵੀਰ ਸਿੰਘ ਮਾਹੀ, ਨਵਜੀਤ ਸਿੰਘ ਨਵੀ, ਬਲਸ਼ੇਰ ਸਿੰਘ ਅਤੇ ਅਮਨਾ ਸਿੰਘ ਵੀ ਹਾਜ਼ਰ ਸਨ। ਉਧਰ ਵਾਟਰ ਸਪਲਾਈ ਮਹਿਕਮੇ ਦੇ ਐੱਸਡੀਓ ਬਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਫ਼ੰਡ ਨਾ ਹੋਣ ਕਰਕੇ ਤੁਰੰਤ ਮੋਟਰ ਠੀਕ ਕਰਵਾਉਣਾ ਸੰਭਵ ਨਹੀਂ ਹੈ। ਇਸ ਲਈ ਬਾਕਾਇਦਾ ਕੁਟੇਸ਼ਨ ਬਣਾ ਕੇ ਫ਼ੰਡ ਦੀ ਮੰਗ ਕੀਤੀ ਗਈ ਸੀ। ਜਿਸ ਕਰਕੇ ਇਹ ਸਮੱਸਿਆ ਠੀਕ ਹੋਣ ਵਿੱਚ ਦੇਰੀ ਹੋਈ ਹੈ।

Advertisement

Advertisement
Advertisement
Author Image

joginder kumar

View all posts

Advertisement