ਚੀਮਾ ਮੰਡੀ: ਅਮਨ ਅਰੋੜਾ ਵੱਲੋਂ ਸਬ-ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ
ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਨਵੰਬਰ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੀ ਸਬ-ਤਹਿਸੀਲ ਚੀਮਾ ਮੰਡੀ ਵਿੱਚ 6.65 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਦੋ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰਾਜੈਕਟਾਂ ਵਿੱਚ 4.31 ਕਰੋੜ ਦੀ ਲਾਗਤ ਨਾਲ ਬਣੀ ਸਬ-ਤਹਿਸੀਲ ਕੰਪਲੈਕਸ ਦੀ ਇਮਾਰਤ ਅਤੇ 2.34 ਕਰੋੜ ਦੀ ਲਾਗਤ ਨਾਲ ਚੀਮਾ ਮੰਡੀ ਤੋਂ ਤੋਲਾਵਾਲ ਸੜਕ ’ਤੇ ਬਣਿਆ ਨਵਾਂ ਪੁਲ ਸ਼ਾਮਲ ਹੈ।
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੀਮਾ ਮੰਡੀ ’ਚ ਹੀ 1.38 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਵੀ ਰੱਖਿਆ।
ਸਬ-ਤਹਿਸੀਲ ਚੀਮਾ ਮੰਡੀ ਦੀ ਨਵੀਂ ਇਮਾਰਤ ਲੋਕਾਂ ਨੂੰ ਸਮਰਪਿਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪਿਛਲੇ ਢਾਈ ਸਾਲਾਂ ਤੋਂ ਇਸ ਵਚਨਬੱਧਤਾ ’ਤੇ ਪਹਿਰਾ ਦੇ ਰਹੀ ਹੈ। ਅਮਨ ਅਰੋੜਾ ਨੇ ਕਿਹਾ ਕਿ ਸਬ-ਤਹਿਸੀਲ ਕੰਪਲੈਕਸ ਦੇ ਬਣਨ ਨਾਲ ਹੁਣ ਲੋਕਾਂ ਨੂੰ ਵੱਖ-ਵੱਖ ਪ੍ਰਸ਼ਾਸਨਿਕ ਸੇਵਾਵਾਂ ਹਾਸਲ ਕਰਨ ਲਈ ਹੋਰਨਾਂ ਤਹਿਸੀਲਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਸਾਰੇ ਕੰਮ ਇੱਕੋ ਛੱਤ ਹੇਠਾਂ ਹੋਣਗੇ। ਅਮਨ ਅਰੋੜਾ ਨੇ ਚੀਮਾ ਮੰਡੀ ਤੋਂ ਤੋਲਾਵਾਲ ਰੋਡ ’ਤੇ 2.34 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਵੇਂ ਪੁਲ ਦਾ ਉਦਘਾਟਨ ਕਰਦਿਆਂ ਪਿੰਡਾਂ ਦੇ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬਿਨਾਂ ਕਿਸੇ ਠੋਸ ਯੋਜਨਾ ਤੋਂ ਵਿਕਾਸ ਕਾਰਜ ਉਲੀਕੇ ਅਤੇ ਅਧੂਰੇ ਹੀ ਛੱਡ ਦਿੱਤੇ ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਿਆ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਹਰੇਕ ਜ਼ਰੂਰਤ ਨੂੰ ਪੂਰਾ ਕਰਨ ਲਈ ਯੋਜਨਾਬੱਧ ਖਾਕਾ ਤਿਆਰ ਕੀਤਾ ਅਤੇ ਫਿਰ ਪੜਾਅਵਾਰ ਢੰਗ ਨਾਲ ਕੰਮਾਂ ਨੂੰ ਮੁਕੰਮਲ ਕਰਵਾਇਆ ਹੈ। ਇਸ ਮੌਕੇ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ, ਐੱਸਡੀਐਮ ਪ੍ਰਮੋਦ ਸਿੰਗਲਾ, ਕੁਲਦੀਪ ਸਿੱਧੂ, ਬੀਰਬਲ ਸਿੰਘ, ਨਿਰਭੈ ਸਿੰਘ, ਬਹਾਦਰ ਸਿੰਘ, ਸਰਪੰਚ ਦੀਪਾ, ਸਰਪੰਚ ਜੱਗਾ, ਕੁਲਦੀਪ ਸ਼ੇਰੋ ਸਮੇਤ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਅਤੇ ਹੋਰ ਪਤਵੰਤੇ ਮੌਜੂਦ ਸਨ।
ਸੁਨਾਮ ਵਿੱਚ ਅਮਨ ਅਰੋੜਾ ਦਾ ਨਿੱਘਾ ਸਵਾਗਤ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ):
ਕੈਬਨਿਟ ਮੰਤਰੀ ਅਮਨ ਅਰੋੜਾ ਦਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਸ਼ਹਿਰ ਸੁਨਾਮ ਪੁੱਜਣ ’ਤੇ ਸ਼ਹਿਰ ਵਾਸੀਆਂ ਅਤੇ ਪਾਰਟੀ ਵਰਕਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸਭ ਤੋਂ ਪਹਿਲਾਂ ਸਥਾਨਕ ਸ਼ਹੀਦ ਊਧਮ ਦੀ ਸਮਾਰਕ ’ਤੇ ਜਾ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ| ਅਮਨ ਅਰੋੜਾ ਨੇ ਕਿਹਾ ਕਿ ਉਹ ਪ੍ਰਮਾਤਮਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਦੇ ਵੀ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਨੇ ਉਸ ਵਰਗੇ ਨਿਮਾਣੇ ਵਿਅਕਤੀ ਨੂੰ ਇੰਨਾ ਵੱਡਾ ਸਨਮਾਨ ਦਿੱਤਾ ਹੈ। ਅਮਨ ਅਰੋੜਾ ਨੇ ਕਿਹਾ ਕਿ ਵਰਕਰ ਆਮ ਆਦਮੀ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਨਗਰ ਨਿਗਮ ਚੋਣਾਂ ਸਬੰਧੀ ਅਮਨ ਅਰੋੜਾ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ 28 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ, ਸਾਬਕਾ ਪ੍ਰਧਾਨ ਕਮਿਸ਼ਨ ਏਜੰਟ ਐਸੋਸੀਏਸ਼ਨ ਸੁਨਾਮ ਅਮਰੀਕ ਸਿੰਘ ਧਾਲੀਵਾਲ, ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ, ਮੰਡੀ ਪ੍ਰਧਾਨ ਰਾਜਨ ਹੋਡਲਾ, ਜਤਿੰਦਰ ਜੈਨ, ਰਾਜਨ ਸਿੰਗਲਾ, ਯਾਦਵਿੰਦਰ ਸਿੰਘ ਰਾਜਾ ਚੱਠੇ ਨਛੱਤਰ ਤੇ ਰਵੀ ਕਮਲ ਗੋਇਲ ਆਦਿ ਹਾਜ਼ਰ ਸਨ।