ਚੀਮਾ ਵੱਲੋਂ ਕੌਹਰੀਆਂ ਅਤੇ ਹਰੀਗੜ੍ਹ ਦੀਆਂ ਪੰਚਾਇਤਾਂ ਦਾ ਸਨਮਾਨ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 27 ਅਕਤੂਬਰ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਚਾਇਤੀ ਚੋਣਾਂ ਵਿੱਚ ਸਰਪੰਚ ਅਤੇ ਪੰਚ ਚੁਣੇ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਲੋਕਾਂ ਦੇ ਸਾਂਝੇ ਕੰਮ ਪਹਿਲ ਦੇ ਆਧਾਰ ’ਤੇ ਕਰਵਾਉਣ ਦਾ ਸੱਦਾ ਦਿੱਤਾ ਹੈ। ਉਹ ਅੱਜ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡਾਂ ਕੌਹਰੀਆਂ ਅਤੇ ਹਰੀਗੜ੍ਹ ਵਿੱਚ ਨਵੀਆਂ ਬਣੀਆਂ ਪੰਚਾਇਤਾਂ ਵੱਲੋਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਰਖਵਾਏ ਗਏ ਅਖੰਡ ਪਾਠ ਦੇ ਭੋਗ ਮਗਰੋਂ ਨਵੇਂ ਚੁਣੇ ਪੰਚਾਇਤ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਦੌਰਾਨ ਹਲਕਾ ਦਿੜ੍ਹਬਾ ਦੇ ਦਿਹਾਤੀ ਤੇ ਸ਼ਹਿਰੀ ਖੇਤਰਾਂ ਵਿੱਚ ਬਹੁ-ਗਿਣਤੀ ਵਿਕਾਸ ਕਰਵਾਏ ਗਏ ਹਨ। ਉਨ੍ਹਾਂ ਪੰਚਾਇਤ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਪੱਖਪਾਤ ਅਤੇ ਵੈਰ ਵਿਰੋਧ ਤੋਂ ਲੋਕ ਹਿਤ ਵਿੱਚ ਸਰਗਰਮ ਰਹਿੰਦੇ ਹੋਏ ਪਿੰਡਾਂ ਦੇ ਬਹੁਪੱਖੀ ਵਿਕਾਸ ਨੂੰ ਯਕੀਨੀ ਬਣਾਉਣ।
ਕੈਬਨਿਟ ਮੰਤਰੀ ਨੇ ਨਵੇਂ ਬਣੇ ਸਰਪੰਚਾਂ ਅਤੇ ਪੰਚਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੰਚਾਇਤ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਚੀਮਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਹਰੀਗੜ੍ਹ ਦੇ ਸਰਪੰਚ ਅਤੇ ਪਿੰਡ ਕੌਹਰੀਆਂ ਦੇ ਸਰਪੰਚ ਤੋਂ ਇਲਾਵਾ ਸੰਤ ਬਾਬਾ ਗੁਰਜੀਤ ਸਿੰਘ ਹਰੀਗੜ੍ਹ, ਮਾਲਵਿੰਦਰ ਸਿੰਘ ਕੌਹਰੀਆਂ ਹਾਜ਼ਰ ਸਨ।