ਚੀਮਾ ਵੱਲੋਂ ਪਿੰਡਾਂ ਦੇ ਬਹੁ-ਪੱਖੀ ਵਿਕਾਸ ਦਾ ਭਰੋਸਾ
ਪੱਤਰ ਪ੍ਰੇਰਕ
ਲਹਿਰਾਗਾਗਾ, 20 ਨਵੰਬਰ
ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਇਲਾਕੇ ਦੀਆਂ ਗ੍ਰਾਮ-ਪੰਚਾਇਤਾਂ ਨੂੰ ਬਹੁਪ-ੱਖੀ ਵਿਕਾਸ ਲਈ ਭਰੋਸਾ ਦਿੱਤਾ ਹੈ। ਲਹਿਰਾਗਾਗਾ ਵਿੱਚ ਚੀਮਾ ਦੀ ਫੇਰੀ ਦੌਰਾਨ ਵੱਖ-ਵੱਖ ਪਿੰਡਾਂ ਦੇ ਸਰਪੰਚ-ਪੰਚ ਉਨ੍ਹਾਂ ਨੂੰ ਮਿਲੇ ਅਤੇ ਆਪੋ-ਆਪਣੀਆਂ ਮੰਗਾਂ ਰੱਖੀਆਂ। ਸੰਗਤਪੁਰਾ ਦੇ ਸਰਪੰਚ ਹਰਪਾਲ ਸਿੰਘ ਨੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਹੋਰ ਵਿਕਸਿਤ ਕਰਨ ਦੀ ਮੰਗ ਕੀਤੀ। ਚੀਮਾ ਨੇ ਵਿਸ਼ਵਾਸ ਦਿਵਾਇਆ ਕਿ ਰਹਿੰਦੇ ਸਮੇਂ ਦੌਰਾਨ ਪੰਜਾਬ ਸਰਕਾਰ ਹਰ ਪਿੰਡ ਨੂੰ ਬਣਦੀਆਂ ਸਹੂਲਤਾਂ ਦੇਣ ਦੇ ਯਤਨ ਕਰੇਗੀ। ਉਨ੍ਹਾਂ ਨੇ ਗ੍ਰਾਮ-ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਸਾਰੇ ਨੁਮਾਇੰਦੇ ਆਪੋ-ਆਪਣੇ ਪਿੰਡਾਂ ਅੰਦਰ ਬਿਨਾਂ ਭੇਦਭਾਵ ਸਰਵਪੱਖੀ-ਵਿਕਾਸ ਕਾਰਜਾਂ ਲਈ ਜੁਟ ਜਾਣ ਅਤੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਦੇਣ ਲਈ ਯੋਜਨਾਬੰਦੀ ਕਰਨ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪਿੰਡਾਂ ਵਿੱਚ ਚੋਣਾਂ ਤੋਂ ਬਾਅਦ ਸਕੂਨ ਵਾਲਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਸਾਂਝੀਆਂ ਸੱਥਾਂ ਵਿੱਚ ਬੈਠ ਕੇ ਯੋਜਨਾਬੱਧ ਢੰਗ ਨਾਲ ਵਿਕਾਸ ਕਰਨ ਲਈ ਰੂਪ-ਰੇਖਾ ਤਿਆਰ ਕੀਤੀ ਜਾਵੇ ਅਤੇ ਜਦੋਂ ਉਹ ਧੰਨਵਾਦੀ ਦੌਰੇ ’ਤੇ ਪਿੰਡਾਂ ਵਿੱਚ ਜਾਣਗੇ ਤਾਂ ਉਸ ਸਮੇਂ ਇਸ ਬਾਰੇ ਪਿੰਡ ਦੇ ਸਰਬ-ਸਾਂਝੇ ਹਿੱਤ ਵਿੱਚ ਫੈਸਲੇ ਲਏ ਜਾਣ। ਉਨ੍ਹਾਂ ਕਿਹਾ ਧੜੇਬੰਦੀ ਤੋਂ ਉੱਪਰ ਉੱਠ ਕੇ ਵਿਕਾਸ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦਾ ਮੁੱਖ ਏਜੰਡਾ ਵੈਰ-ਵਿਰੋਧ ਨੂੰ ਤਿਆਗ ਕੇ ਪਿੰਡਾਂ ਵਿੱਚ ਸਦਭਾਵਨਾ ਕਾਇਮ ਰੱਖਣਾ ਤੇ, ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਹੈ। ਉਨ੍ਹਾਂ ਨੇ ਕਿਹਾ ਹੁਣ ਵਿਕਾਸ ਕੰਮਾਂ ਨੂੰ ਕਰਵਾਉਣ ਲਈ ਫੰਡਾਂ ਦੀ ਕਮੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਹਰੇਕ ਪਿੰਡ ਲਈ ਬਿਨਾਂ ਕਿਸੇ ਵਿਤਕਰੇ ਤੋਂ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ।