ਵਿਧਾਇਕ ਵੱਲੋਂ ਪੰਚਾਇਤ ਘਰਾਂ ਨੂੰ 60 ਲੱਖ ਦੇ ਚੈੱਕ
ਪੱਤਰ ਪ੍ਰੇਰਕ
ਮੁਕੇਰੀਆਂ, 21 ਸਤੰਬਰ
ਕੰਢੀ ਇਲਾਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕਰਵਾਏ ਇੱਕ ਸਮਾਗਮ ਦੌਰਾਨ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਨੇ ਗੜ੍ਹਦੀਵਾਲਾ ਨੇੜਲੇ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਧੁਰੀਆਂ, ਗਾਲੋਵਾਲ ਤੇ ਫਤਹਿਪੁਰ ਨੂੰ ਪੰਚਾਇਤ ਘਰ ਬਣਾਉਣ ਲਈ 60 ਲੱਖ ਰੁਪਏ ਦੇ ਚੈੱਕ ਭੇਟ ਕੀਤੇ। ਇਸ ਮੌਕੇ ਵਿਧਾਇਕ ਸ੍ਰੀ ਰਾਜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਰੁਪਏ ਖਰਚ ਕਰ ਕੇ ਨੁਹਾਰ ਬਦਲਣ ਦੇ ਯਤਨ ਕੀਤੇ ਜਾ ਰਹੇ ਹਨ। ਪਿੰਡਾਂ ਵਿੱਚ ਪੰਚਾਇਤ ਘਰਾਂ ਦੀ ਕਾਇਆ ਕਲਪ ਬਦਲਣ ਲਈ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਹਿਤ ਪਿੰਡ ਧੁਰੀਆਂ, ਗਾਲੋਵਾਲ ਤੇ ਪਿੰਡ ਫਤਿਹੇਪੁਰ ਨੂੰ ਪੰਚਾਇਤ ਘਰ ਬਣਾਉਣ ਲਈ 20-20 ਲੱਖ ਰੁਪਏ ਦੇ ਚੈੱਕ ਦਿੱਤੇ ਗਏ ਹਨ। ਇਸ ਮੌਕੇ ਬੀਡੀਪੀਓ ਦਿਲਪ੍ਰੀਤ ਸਿੰਘ, ਚੇਅਰਮੈਨ ਬਲਾਕ ਸੰਮਤੀ ਭੂੰਗਾ ਵਿਸ਼ਨੂੰ ਤਿਵਾੜੀ, ਬਲਾਕ ਪ੍ਰਧਾਨ ਕੈਪਟਨ ਤਰਸੇਮ ਸਿੰਘ ਮੱਲ੍ਹੇਵਾਲ, ਬਲਾਕ ਪ੍ਰਧਾਨ ਲਖਵੀਰ ਸਿੰਘ ਬਡਿਆਲ, ਪੰਚਾਇਤ ਸਕੱਤਰ ਸੁਰਿੰਦਰ ਸਿੰਘ ਕਾਲਰਾਂ, ਸਰਪੰਚ ਗੌਰਵ ਫਤਿਹਪੁਰ, ਅਵਤਾਰ ਸਿੰਘ ਅਤੇ ਨਰਿੰਦਰ ਸਿੰਘ ਹਾਜ਼ਰ ਸਨ।