ਲੋੜਵੰਦਾਂ ਨੂੰ ਮਕਾਨ ਬਣਾਉਣ ਲਈ 21 ਲੱਖ ਦੇ ਚੈੱਕ ਸੌਂਪੇ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 17 ਸਤੰਬਰ
ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਜਤਿੰਦਰ ਭੱਲਾ ਵੱਲੋਂ ਲੋੜਵੰਦਾਂ ਨੂੰ ਮਕਾਨ ਬਣਾਉਣ ਲਈ 21 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ। ਇਹ ਰਕਮ ਹਲਕਾ ਬਠਿੰਡਾ (ਦਿਹਾਤੀ) ਦੇ ਪਿੰਡਾਂ ਬੱਲੂਆਣਾ, ਚੁੱਘੇ ਖੁਰਦ, ਦਿਓਣ, ਗਹਿਰੀ ਦੇਵੀ ਨਗਰ, ਜੋਧਪੁਰ ਰੋਮਾਣਾ, ਕਟਾਰ ਸਿੰਘ ਵਾਲਾ, ਮੀਆਂ, ਤਿਓਣਾ ਅਤੇ ਵਿਰਕ ਖੁਰਦ ਦੇ ਜ਼ਰੂਰਤਮੰਦ ਗਰੀਬਾਂ ਨੂੰ ਦਿੱਤੀ ਗਈ। ਸ੍ਰੀ ਭੱਲਾ ਨੇ ਦੱਸਿਆ ਕਿ ਹਰ ਲੋੜਵੰਦ ਨੂੰ ਮਕਾਨ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 1.20 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ, ਜਦ ਕਿ 22 ਹਜ਼ਾਰ ਰੁਪਏ ਮਕਾਨ ਉਸਾਰਨ ਲਈ ਮਜ਼ਦੂਰੀ ਵਜੋਂ ਵੀ ਦਿੱਤੇ ਜਾਣਗੇ। ਭੱਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਉਨ੍ਹਾਂ ਦੇ ਸੂਬੇ ਵਿਚ ਕੋਈ ਵੀ ਵਿਅਕਤੀ ਛੱਤ ਤੋਂ ਵਾਂਝਾ ਨਾ ਹੋਵੇ, ਇਸ ਲਈ ਪੱਕੇ ਮਕਾਨ ਬਣਾਉਣ ਲਈ ਲੋੜਵੰਦਾਂ ਨੂੰ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ (ਦਿਹਾਤੀ) ਹਲਕੇ ਅੰਦਰ ਕਰੀਬ 100 ਵਿਕਾਸ ਕਾਰਜ ਤੇਜ਼ੀ ਨਾਲ ਜਾਰੀ ਹਨ, ਜੋ ਜਲਦੀ ਹੀ ਪੂਰੇ ਹੋ ਜਾਣਗੇ ਅਤੇ ਇਨ੍ਹਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।