ਫਤਹਿਗੜ੍ਹ ਸਾਹਿਬ ਵਿੱਚ ਵਾਹਨਾਂ ਦੀ ਚੈਕਿੰਗ
ਹਿਮਾਂਸ਼ੂ ਸੂਦ
ਮੰਡੀ ਗੋਬਿੰਦਗੜ੍ਹ, 10 ਅਕਤੂਬਰ
ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ’ਤੇ ਨਾਕੇ ਲਾ ਕੇ ਚਾਰ ਸੌ ਤੋਂ ਵੱਧ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ 121 ਚਲਾਨ ਅਤੇ 18 ਵਾਹਨ ਜ਼ਬਤ ਕੀਤੇ ਗਏ। ਪਿੰਡ ਅਜਨਾਲੀ ਫੋਕਲ ਪੁਆਇੰਟ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਇਲਨਚੇਲੀਅਨ ਨੇ ਕਿਹਾ ਕਿ ਪੰਜਾਬ ਪੁਲੀਸ ਸਮਾਜ ਨੂੰ ਜੁਰਮ ਮੁਕਤ ਕਰਨ ਲਈ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਦੇ ਦੋਸ਼ ਹੇਠ ਚਾਰ ਜਣਿਆਂ ਨੂੰ ਕਾਬੂੁ ਕੀਤਾ ਜਦੋਂਕਿ 220 ਸ਼ੱਕੀ ਬੰਦਿਆਂ ਦੀ ਜਾਂਚ ਕੀਤੀ ਗਈ ਅਤੇ ਤਿੰਨ ਰਾਡਾਂ ਤੇ ਬੇਸ ਬਾਲ ਬੈਟ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਫੋਕਲ ਪੁਆਇੰਟ ਅਜਨਾਲੀ, ਢੇਹਾ ਕਲੋਨੀ, ਨਵਾਂ ਬੱਸ ਸਟੈਂਡ ਸਰਹਿੰਦ ਅਤੇ ਰੇਲਵੇ ਸਟੇਸ਼ਨ ਸਰਹਿੰਦ ਵਿਖੇ ਚੈਕਿੰਗ ਕੀਤੀ ਗਈ। ਇਸ ਮੌਕੇ ਐੱਸਪੀ (ਜਾਂਚ) ਰਾਕੇਸ਼ ਯਾਦਵ, ਡੀਐੱਸਪੀ ਅਮਲੋਹ ਗੁਰਦੀਪ ਸਿੰਘ, ਡੀਐੱਸਪੀ ਖਮਾਣੋਂ ਹਰਦੀਪ ਸਿੰਘ ਦਿਓਲ, ਡੀਐੱਸਪੀ ਨਿਖਿਲ ਗਰਗ ਅਤੇ ਡੀਐੱਸਪੀ ਫ਼ਤਹਿਗੜ੍ਹ ਸਾਹਿਬ ਸੁਖਨਾਜ਼ ਸਿੰਘ ਆਦਿ ਹਾਜ਼ਰ ਸਨ।