ਸਟੇਟ ਜੀਐੱਸਟੀ ਟੀਮਾਂ ਵੱਲੋਂ ਦੁਕਾਨਾਂ ਦੀ ਚੈਕਿੰਗ
ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਅਕਤੂਬਰ
ਸਟੇਟ ਟੈਕਸ ਜ਼ਿਲ੍ਹਾ ਲੁਧਿਆਣਾ-5 ਦੀ ਸਹਾਇਕ ਕਮਿਸ਼ਨਰ ਹਰਸਿਮਰਤ ਕੌਰ ਗਰੇਵਾਲ ਦੀ ਅਗਵਾਈ ਹੇਠ ਖੰਨਾ ਦੀਆਂ ਸਟੇਟ ਜੀਐੱਸਟੀ ਟੀਮਾਂ ਨੇ ਅੱਜ ਖੰਨਾ, ਦੋਰਾਹਾ ਤੇ ਸਾਹਨੇਵਾਲ ਦੇ ਬਾਜ਼ਾਰਾ ਵਿੱਚ ਚੈਕਿੰਗ ਕੀਤੀ। ਇਸ ਮੌਕੇ ਗਾਹਕਾਂ ਨੂੰ ਚਲਾਨ/ਬਿੱਲ ਜਾਰੀ ਕਰਨ ’ਤੇ ਜੀਐੱਸਟੀ ਐਕਟ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਅਤੇ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ ਗਏ। ਚੈਕਿੰਗ ਦੌਰਾਨ ਸਾਹਮਣੇ ਆਇਆ ਕਿ ਰੈਡੀਮੇਡ ਕੱਪੜਿਆਂ, ਕਰਿਆਨਾ ਤੇ ਜਨਰਲ ਸਟੋਰ ਆਦਿ ਦੇ ਵੱਡੀ ਗਿਣਤੀ ਦੁਕਾਨਦਾਰ ਗਾਹਕਾਂ ਨੂੰ ਬਿੱਲ ਅਦਾ ਨਹੀਂ ਕਰ ਰਹੇ ਅਤੇ ਜੀਐੱਸਟੀ ਐਕਟ ਤਹਿਤ ਇਸ ਨੂੰ ਟੈਕਸ ਚੋਰੀ ਮੰਨਿਆ ਜਾਂਦਾ ਹੈ।
ਇਸ ਮੌਕੇ ਸਟੇਟ ਟੈਕਸ ਅਫ਼ਸਰ ਜਪਿੰਦਰ ਕੌਰ ਢਿੱਲੋਂ ਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਖੰਨਾ ਦੇ ਗੁਰੂ ਅਮਰਦਾਸ ਬਾਜ਼ਾਰ, ਸੁਭਾਸ਼ ਬਾਜ਼ਾਰ ਤੇ ਚਾਂਦਲਾ ਮਾਰਕੀਟ ਵਿੱਚ ਚੈਕਿੰਗ ਕੀਤੀ ਅਤੇ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ। ਇਸੇ ਤਰ੍ਹਾਂ ਸਟੇਟ ਟੈਕਸ ਅਫਸਰ ਵਿਨੀਤ ਕੁਮਾਰ ਨੇ ਸਹਾਇਕ ਸਟਾਫ਼ ਨਾਲ ਸਮਰਾਲਾ ਖੰਨਾ ਰੋਡ, ਰੇਲਵੇ ਰੋਡ ਤੇ ਜੀਟੀ ਰੋਡ ’ਤੇ ਬਿੱਲ ਬੁੱਕਾਂ ਜਾਂਚੀਆਂ।