ਇੰਦਰਜੀਤ ਸੰਧੂ ਵੱਲੋਂ ਸ਼ੈੱਲਰਾਂ ਦੀ ਚੈਕਿੰਗ
ਪੱਤਰ ਪ੍ਰੇਰਕ
ਪਟਿਆਲਾ, 9 ਅਗਸਤ
ਪੰਜਾਬ ਰਾਜ ਕੰਟੇਨਰ ਤੇ ਗੁਦਾਮ ਨਿਗਮ ਦੇ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਵੱਲੋਂ ਸ਼ੈੱਲਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਨਾਨਕਸਰ ਗੁਰਦੁਆਰਾ ਸਾਹਿਬ ਨੇੜੇ ਲਿੰਕ ਰੋਡ ਦਲਾਨਪੁਰ ’ਤੇ ਪੈਂਦੇ ਕ੍ਰਿਸ਼ਨਾ ਰਾਈਸ ਮਿੱਲ ਵਿੱਚ ਚੌਲਾਂ ’ਚ ਕੀੜੇ ਅਤੇ ਗੰਦਗੀ ਮਿਲੀ। ਇਸ ਤੋਂ ਇਲਾਵਾ ਹੋਰ ਵੀ ਖਾਦ ਗੁਦਾਮਾਂ ’ਚ ਸੁਸਰੀ ਦੇ ਢੇਰ ਮਿਲੇ ਹਨ। ਕ੍ਰਿਸ਼ਨਾ ਰਾਈਸ ਮਿੱਲ ਦੇ ਮਾਲਕ ਖ਼ਿਲਾਫ਼ ਪੁਲੀਸ ਨੂੰ ਕੇਸ ਦਰਜ ਕਰਨ ਲਈ ਲਿਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਲਾਕੇ ਦੇ ਲੋਕਾਂ ਨੇ ਪਟਿਆਲਾ ਤੋਂ ਪਿਹੋਵਾ ਰੋਡ ’ਤੇ ਸੁਸਰੀ ਤੋਂ ਤੰਗ ਆ ਕੇ ਧਰਨਾ ਲਗਾ ਕੇ ਸੜਕ ਜਾਮ ਕੀਤੀ ਸੀ ਉਦੋਂ ਹੀ ਪੰਜਾਬ ਰਾਜ ਕੰਟੇਨਰ ਤੇ ਗੁਦਾਮ ਨਿਗਮ ਦੇ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਮੌਕੇ ’ਤੇ ਪਹੁੰਚ ਕੇ ਸੁਸਰੀ ਦਾ ਹੱਲ ਕਰਨ ਦਾ ਵਾਅਦਾ ਕੀਤਾ ਸੀ। ਇਸ ਤਹਿਤ ਉਨ੍ਹਾਂ ਵੱਖ-ਵੱਖ ਗੁਦਾਮਾਂ ’ਚ ਸੁਸਰੀ ਦੀ ਚੈਕਿੰਗ ਕੀਤੀ, ਜਿਸ ਦੌਰਾਨ ਡੀਐੱਮ ਪਨਸਪ ਵਿਨੀਤ ਗੋਇਲ, ਡੀਐੱਫਐੱਸਸੀ ਰਵਿੰਦਰ ਕੌਰ ਤੇ ਹੋਰ ਸਟਾਫ ਵੀ ਮੌਜੂਦ ਸੀ। ਇਸ ਮੌਕੇ ਕਈ ਗੁਦਾਮਾਂ ਵਿੱਚ ਕਣਕ ’ਚ ਪਈ ਮਿਲੀ। ਗੁਦਾਮਾਂ ਵਿੱਚ ਸੁਸਰੀ ਮਿਲਣ ’ਤੇ ਮੌਕੇ ਉੱਤੇ ਅਧਿਕਾਰੀਆਂ ਨੂੰ ਸੁਸਰੀ ਦਾ ਹੱਲ ਕਰਨ ਦੇ ਹੁਕਮ ਵੀ ਕੀਤੇ ਗਏ ਪਰ ਜਦੋਂ ਉਹ ਭੁਨਰਹੇੜੀ ਰੋਡ ’ਤੇ ਬਾਈਪਾਸ ਕੋਲ ਨਾਨਕਸਰ ਗੁਰਦੁਆਰਾ ਸਾਹਿਬ ਨਾਲ ਦਲਾਨਪੁਰ ਰੋਡ ਦੇ ਕ੍ਰਿਸ਼ਨਾ ਰਾਈਸ ਮਿੱਲ ’ਚ ਪੁੱਜੇ ਤਾਂ ਉੱਥੇ ਸਾਰਾ ਸਟਾਫ਼ ਤੇ ਚੇਅਰਮੈਨ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਇੱਥੇ ਪਈਆਂ ਬੋਰੀਆਂ ’ਚ ਸੁੰਡੀਆਂ ਚੱਲ ਰਹੀਆਂ ਸਨ। ਇਸ ਤੋਂ ਇਲਾਵਾ ਚੌਲਾਂ ਵਿੱਚ ਕਬੂਤਰਾਂ ਦੀਆਂ ਬਿੱਠਾਂ ਪਈਆਂ ਸਨ। ਇਸ ਬਾਰੇ ਡੀਐੱਮ ਪਨਸਪ ਵਿਨੀਤ ਗੋਇਲ ਨੇ ਕਿਹਾ ਕਿ ਕ੍ਰਿਸ਼ਨਾ ਰਾਈਸ ਮਿੱਲ ਦੇ ਮਾਲਕ ਗੋਇਲ ਦੇ ਖ਼ਿਲਾਫ਼ ਪੁਲੀਸ ਨੂੰ ਐਫਆਈਆਰ ਲਈ ਲਿਖ ਦਿੱਤਾ ਹੈ।