ਟਰਾਂਸਪੋਰਟ ਅਧਿਕਾਰੀਆਂ ਵੱਲੋਂ ਸਕੂਲ ਬੱਸਾਂ ਦੀ ਚੈਕਿੰਗ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 25 ਜੁਲਾਈ
ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਖੇਤਰੀ ਟਰਾਂਸਪੋਰਟ ਅਫ਼ਸਰ ਮਾਲੇਰਕੋਟਲਾ ਹਰਬੰਸ ਸਿੰਘ ਅਤੇ ਸਹਾਇਕ ਖੇਤਰੀ ਟਰਾਂਸਪੋਰਟ ਅਫ਼ਸਰ ਸ਼ਹਿਨਾਜ਼ ਪ੍ਰਵੀਨ ਵੱਲੋਂ ਆਪਣੀ ਟੀਮ ਨਾਲ ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਸਕੂਲਾਂ ਦੀਆਂ 15 ਬੱਸਾਂ ਦੇ ਚਲਾਨ ਕੀਤੇ ਗਏ ਅਤੇ 1 ਸਕੂਲੀ ਵਾਹਨ ਜ਼ਬਤ ਕੀਤਾ। ਇਸ ਤੋਂ ਇਲਾਵਾ ਓਵਰ ਲੋਡ, ਬਗੈਰ ਪਰਮਿਟ, ਬਿਨਾਂ ਇੰਸ਼ੋਰੈਂਸ, ਟੈਕਸ, ਪ੍ਰਦੂਸ਼ਣ, ਲਾਇਸੈਂਸ ਆਦਿ ਤੋਂ ਬਗੈਰ ਚੱਲ ਰਹੇ ਸਕੂਲੀ ਵਾਹਨਾਂ ਤੋਂ ਇਲਾਵਾ 17 ਕਮਰਸ਼ੀਅਲ ਵਾਹਨ ਅਤੇ 2 ਟੂਰਸਿਟ ਬੱਸਾਂ ਦੇ ਵੀ ਚਲਾਨ ਕੀਤੇ ਗਏ। ਉਨ੍ਹਾਂ ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲਾਂ ਨੂੰ ਵਾਹਨ ਨੀਤੀ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨੀਤੀ ਨੂੰ ਇੰਨ-ਬਿੰਨ ਅਪਣਾਇਆ ਜਾਵੇ। ਸਕੂਲੀ ਬੱਸਾਂ ਦੇ ਚਾਲਕ ਬੱਸ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨ ਤੇ ਨਾ ਹੀ ਕੋਈ ਨਸ਼ਾ ਕਰਕੇ ਸਕੂਲੀ ਵਾਹਨ ਚਲਾਉਣ ਅਤੇ ਟਰੈਫ਼ਿਕ ਨਿਯਮਾਂ ਦਾ ਪਾਲਣ ਵੀ ਯਕੀਨੀ ਕੀਤਾ ਜਾਵੇ।