ਡਿਪਟੀ ਕਮਿਸ਼ਨਰ ਵੱਲੋਂ ਰਜਿਸਟਰਾਰ ਦਫ਼ਤਰਾਂ ਦੀ ਚੈਕਿੰਗ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 26 ਨਵੰਬਰ
ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਨੇ ਅੱਜ ਸਵੇਰੇ ਰਜਿਸਟਰਾਰ ਦਫਤਰ ਇੱਕ, ਦੋ ਅਤੇ ਤਿੰਨ ਪਹੁੰਚ ਕੇ ਚੈਕਿੰਗ ਕੀਤੀ। ਉਨ੍ਹਾਂ ਇਸ ਮੌਕੇ ਰਜਿਸਟਰੀ ਕਰਵਾਉਣ ਆਏ ਲੋਕਾਂ ਨੂੰ ਮਿਲ ਕੇ ਉਨ੍ਹਾਂ ਕੋਲੋਂ ਦਫਤਰੀ ਕਾਰਗੁਜ਼ਾਰੀ ਬਾਰੇ ਗੱਲਬਾਤ ਕਰਦਿਆਂ ਫੀਡਬੈਕ ਲਈ।
ਇਸ ਤੋਂ ਇਲਾਵਾ ਉਨ੍ਹਾਂ ਕੱਲ੍ਹ ਹੋਈਆਂ ਰਜਿਸਟਰੀਆਂ ਦਾ ਰਿਕਾਰਡ ਵੇਖਿਆ ਅਤੇ ਹਦਾਇਤ ਕੀਤੀ ਕਿ ਰਜਿਸਟਰੀ ਉਸੇ ਦਿਨ ਦਸਤਖ਼ਤ ਕਰਕੇ ਮਾਲਕਾਂ ਦੇ ਹਵਾਲੇ ਕੀਤੀਆਂ ਜਾਣ। ਇਸ ਤੋਂ ਇਲਾਵਾ ਤੁਰੰਤ ਸਾਰੀਆਂ ਰਜਿਸਟਰੀਆਂ ਇੰਤਕਾਲ ਲਈ ਅਗਲੇਰੀ ਕਾਰਵਾਈ ਹਿੱਤ ਭੇਜ ਦਿੱਤੀਆਂ ਜਾਣ। ਉਨ੍ਹਾਂ ਕੱਲ੍ਹ ਰਜਿਸਟਰਾਰ ਦਫਤਰ ਵਿੱਚ ਪਹੁੰਚੀ ਸੁਖਵਿੰਦਰ ਕੌਰ ਜਿਨ੍ਹਾਂ ਨੇ ਕੱਲ੍ਹ ਕੋਈ ਲੀਜ਼ ਕਰਵਾਈ ਸੀ, ਨੂੰ ਫੋਨ ਕਰਕੇ ਉਨ੍ਹਾਂ ਕੋਲੋਂ ਰਜਿਸਟਰਾਰ ਦਫਤਰ ਵਿੱਚ ਹੋਏ ਤਜਰਬੇ ਬਾਰੇ ਜਾਣਕਾਰੀ ਲਈ। ਡੀਸੀ ਨੇ ਦੇਖਿਆ ਕਿ ਰਜਿਸਟਰਾਰ ਦਫਤਰ ਵਿੱਚ ਲੱਗੀ ਡਿਸਪਲੇਅ, ਜਿਸ ਉੱਤੇ ਰਜਿਸਟਰਰੀ ਕਰਵਾਉਣ ਆਏ ਲੋਕਾਂ ਨੂੰ ਨੰਬਰ ਦਿੱਤਾ ਜਾਂਦਾ ਹੈ, ਖਰਾਬ ਸੀ ਤਾਂ ਉਨ੍ਹਾਂ ਨੇ ਤੁਰੰਤ ਹੀ ਇਸ ਨੂੰ ਬਦਲਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਰਿਕਾਰਡ ਸਾਂਭਣ ਲਈ ਜ਼ਰੂਰੀ ਅਲਮਾਰੀਆਂ ਦੀ ਘਾਟ ਨੂੰ ਵੇਖਦਿਆਂ ਇਸ ਦੀ ਮੰਗ ਪੇਸ਼ ਕਰਨ ਲਈ ਕਿਹਾ। ਡੀਸੀ ਨੇ ਰਜਿਸਟਰਾਰ ਦਫਤਰ ਦੇ ਅੰਦਰ ਵਾਟਰ ਕੂਲਰ ਨਹੀਂ ਹੈ, ਇਸ ਦੀ ਲੋੜ ਵੀ ਪੂਰੀ ਕਰਨ ਲਈ ਹਦਾਇਤ ਕੀਤੀ ਗਈ।ਉਨ੍ਹਾਂ ਸੰਬੰਧਿਤ ਤਹਿਸੀਲਦਾਰਾਂ ਨੂੰ ਕਿਹਾ ਕਿ ਉਹ ਲੋਕਾਂ ਦੀ ਲੋੜ ਲਈ ਜੋ ਵੀ ਕੰਮ ਜਾਂ ਮੰਗ ਰੱਖਣਗੇ, ਉਹ ਪੂਰੀ ਕੀਤੀ ਜਾਵੇਗੀ ਪਰ ਲੋਕਾਂ ਨੂੰ ਰਜਿਸਟਰਾਰ ਦਫਤਰ ਵਿੱਚ ਖੱਜਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਮਾਲ ਅਫਸਰ ਨਵਕੀਰਤ ਸਿੰਘ, ਤਹਿਸੀਲਦਾਰ ਜਗਸੀਰ ਸਿੰਘ, ਹਰਕਰਨ ਸਿੰਘ ਅਤੇ ਰਾਜਵਿੰਦਰ ਕੌਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।