ਡੀਐੱਫਐੱਸਸੀ ਵੱਲੋਂ ਪੈਟਰੋਲ ਪੰਪਾਂ ਦੀ ਚੈਕਿੰਗ
ਜਗਮੋਹਨ ਸਿੰਘ
ਰੂਪਨਗਰ, 27 ਸਤੰਬਰ
ਅੱਜ ਜ਼ਿਲ੍ਹਾ ਕੰਟਰੋਲਰ, ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਰੂਪਨਗਰ ਡਾ. ਕਿੰਮੀ ਵਨੀਤ ਕੌਰ ਸੇਠੀ ਵੱਲੋਂ ਜ਼ਿਲ੍ਹੇ ਦੇ ਪੈਟਰੋਲ ਪੰਪਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਵੱਲੋਂ ਪੈਟਰੋਲ ਪੰਪਾਂ ਦੀ ਪੈਟਰੋਲ/ਡੀਜ਼ਲ ਦੀ ਮਾਤਰਾ, ਕੁਆਲਟੀ, ਸਟਾਕ ਬੋਰਡ, ਸ਼ਿਕਾਇਤ ਤੇ ਸੁਝਾਅ ਬਕਸੇ ਸਬੰਧੀ ਚੈੱਕ ਕਰਨ ਤੋਂ ਇਲਾਵਾ ਪੈਟਰੋਲ ਪੰਪਾਂ ’ਤੇ ਉਪਲਬਧ ਕਰਵਾਈਆਂ ਜਾਣ ਵਾਲੀਆਂ ਜਨ ਸੁਵਿਧਾਵਾਂ ਜਿਵੇਂ ਕਿ ਪੀਣ ਵਾਲਾ ਪਾਣੀ, ਬਾਥਰੂਮ, ਗੱਡੀਆਂ ਵਿੱਚ ਹਵਾ ਭਰਨ ਵਾਲੀ ਮਸ਼ੀਨ ਆਦਿ ਦਾ ਮੁਆਇਨਾ ਵੀ ਕੀਤਾ। ਉਨ੍ਹਾਂ ਨੇ ਪੈਟਰੋਲ ਪੰਪਾਂ ’ਤੇ ਮੌਜੂਦ ਸਟਾਫ ਨੂੰ ਭਵਿੱਖ ਵਿੱਚ ਤੇਲ ਦੀ ਮਾਤਰਾ, ਕੁਆਲਟੀ ਅਤੇ ਉਕਤ ਜਨ ਸੁਵਿਧਾਵਾਂ ਨੂੰ ਸਹੀ ਰੱਖਣ ਦੀ ਹਦਾਇਤ ਕੀਤੀ। ਇਸ ਦੌਰਾਨ ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਤੇਲ ਪਵਾਉਣ ਤੋਂ ਪਹਿਲਾਂ ਮਸ਼ੀਨ ਉਤੇ ਜ਼ੀਰੋ ਚੈੱਕ ਕੀਤੀ ਜਾਵੇ ਅਤੇ ਤੇਲ ਪਵਾਉਣ ਉਪਰੰਤ ਬਿੱਲ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੀ ਸੂਰਤ ਵਿੱਚ ਖਪਤਕਾਰ ਨਜ਼ਦੀਕੀ ਖੁਰਾਕ ਸਪਲਾਈ ਦਫਤਰ ਵਿੱਚ ਸੰਪਰਕ ਕਰ ਸਕਦਾ ਹੈ। ਇਸ ਮੌਕੇ ਨਿਰੀਖਕ ਨਾਪ ਤੋਲ ਰੂਪਨਗਰ ਰਣਜੀਤ ਸਿੰਘ ਭੁੱਲਰ ਹਾਜ਼ਰ ਸਨ।