ਖੁਫ਼ੀਆ ਵਿਭਾਗ ਵੱਲੋਂ ਹੋਟਲਾਂ ਤੇ ਧਰਮਸ਼ਾਲਾਵਾਂ ਦੀ ਚੈਕਿੰਗ
ਪੱਤਰ ਪ੍ਰੇਰਕ
ਰਤੀਆ, 2 ਅਗਸਤ
ਸੁਤੰਤਰਤਾ ਦਵਿਸ ਸਮਾਗਮ ਦੇ ਮੱਦੇਨਜ਼ਰ ਖੁਫੀਆ ਵਿਭਾਗ ਦੀ ਟੀਮ ਨੇ ਉੱਚ ਅਧਿਕਾਰੀਆਂ ਦੇ ਆਦੇਸ਼ ’ਤੇ ਸ਼ਹਿਰ ਦੇ ਵੱਖ-ਵੱਖ ਹੋਟਲਾਂ ਤੋਂ ਇਲਾਵਾ ਧਰਮਸ਼ਾਲਾਵਾਂ ਅਤੇ ਹੋਰ ਸਥਾਨਾਂ ਦਾ ਅਚਾਨਕ ਨਿਰੀਖਣ ਕੀਤਾ। ਵਿਭਾਗ ਦੇ ਅਧਿਕਾਰੀ ਅਮਰਜੀਤ ਸਿੰਘ ਅਤੇ ਸੰਦੀਪ ਸਿੰਘ ਦੀ ਅਗਵਾਈ ਵਿਚ ਪਹੁੰਚੀ ਟੀਮ ਨੇ ਵੱਖ-ਵੱਖ ਹੋਟਲਾਂ ਤੋਂ ਇਲਾਵਾ ਜੈਨ ਸਮਾਧੀ, ਅਗਰਵਾਲ ਧਰਮਸ਼ਾਲਾ, ਆਤਮਾ ਰਾਮ ਧਰਮਸ਼ਾਲਾ ਆਦਿ ਦੀ ਗੰਭੀਰਤਾ ਨਾਲ ਚੈਕਿੰਗ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਹੋਟਲ ਮਾਲਕਾਂ ਅਤੇ ਧਰਮਸ਼ਾਲਾਵਾਂ ਦੇ ਮੈਨੇਜਰਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਕਿ ਜੇਕਰ ਉਨ੍ਹਾਂ ਦੇ ਉਥੇ ਕੋਈ ਵੀ ਆ ਕੇ ਠਹਿਰਦਾ ਹੈ ਤਾਂ ਉਸ ਦਾ ਪੂਰਾ ਰਿਕਾਰਡ ਰਜਿਸਟਰ ਵਿਚ ਦਰਜ ਕਰਨ ਅਤੇ ਇਸ ਸਬੰਧੀ ਉਨ੍ਹਾਂ ਦੇ ਵਿਭਾਗ ਨੂੰ ਸੂਚਨਾ ਵੀ ਦਿੱਤੀ ਜਾਵੇ।
ਉਨ੍ਹਾਂ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਆਦੇਸ਼ ’ਤੇ ਹੀ ਸੁਤੰਤਰਤਾ ਦਵਿਸ ਨੂੰ ਮੱਦੇਨਜ਼ਰ ਰੱਖਦਿਆਂ ਹੋਟਲਾਂ ਅਤੇ ਧਰਮਸ਼ਾਲਾਵਾਂ ਦਾ ਅਚਾਨਕ ਨਿਰੀਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਹੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਤਾਂ ਕਿ ਅਜਿਹੇ ਤਿਉਹਾਰ ਮੌਕੇ ਇਲਾਕੇ ਵਿਚ ਕੋਈ ਅਣਹੋਣੀ ਘਟਨਾ ਨਾ ਹੋਵੇ। ਉਨ੍ਹਾਂ ਦੱਸਿਆ ਕਿ ਸੁਤੰਤਰਤਾ ਦਵਿਸ ਸਮਾਗਮ ਤੱਕ ਉਨ੍ਹਾਂ ਦੀ ਟੀਮ ਸਬੰਧਤ ਹੋਟਲਾਂ ਤੋਂ ਇਲਾਵਾ ਧਰਮਸ਼ਾਲਾਵਾਂ ਅਤੇ ਹੋਰ ਰਹਿਣ ਬਸੇਰਾ ਦਾ ਜਾਇਜ਼ਾ ਲੈਂਦੀ ਰਹੇਗੀ ਅਤੇ ਇਨ੍ਹਾਂ ਵਿੱਚ ਠਹਿਰੇ ਹੋਏ ਲੋਕਾਂ ਦੀ ਸੂਚੀ ਵੀ ਤਿਆਰ ਕਰੇਗੀ। ਇਸ ਮੌਕੇ ਵਿਭਾਗ ਦੇ ਹੋਰ ਕਰਮਚਾਰੀ ਵੀ ਉਨ੍ਹਾਂ ਨਾਲ ਮੌਜੂਦ ਸਨ।