ਐੱਸਐੱਮਓ ਵੱਲੋਂ ਸਿਹਤ ਕੇਂਦਰਾਂ ਦੀ ਚੈਕਿੰਗ
ਪੱਤਰ ਪ੍ਰੇਰਕ
ਸੰਦੌੜ, 30 ਜੁਲਾਈ
ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮਾਲੇਰਕੋਟਲਾ ਡਾ. ਪਰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ.ਐੱਸ ਭਿੰਡਰ ਵੱਲੋਂ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ ਪਿੰਡ ਕਲਿਆਣ ਅਤੇ ਸੰਦੌੜ ਦੇ ਸਿਹਤ ਕੇਂਦਰਾਂ ਦਾ ਦੌਰਾ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਨੇ ਇਸ ਦੌਰੇ ਦੌਰਾਨ ਸਿਹਤ ਕਰਮਚਾਰੀਆਂ ਦੀ ਹਾਜ਼ਰੀ, ਸਿਹਤ ਇਮਾਰਤਾਂ ਦੀ ਸਾਫ ਸਫਾਈ, ਰਿਕਾਰਡ ਦੀ ਸਾਂਭ ਸੰਭਾਲ, ਮਰੀਜ਼ਾਂ ਲਈ ਹੋਣ ਵਾਲੇ ਯੋਗ ਪ੍ਰਬੰਧਾਂ ਬਾਰੇ ਜਾਂਚ ਕੀਤੀ ਅਤੇ ਹਾਜ਼ਰ ਲੋਕਾਂ ਤੋਂ ਇਨ੍ਹਾਂ ਸਿਹਤ ਕੇਂਦਰਾਂ ਵਿਚ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਸਿਹਤ ਸੰਸਥਾਵਾਂ ਦੀ ਬਿਹਤਰੀ ਲਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਉਨ੍ਹਾਂ ਵਲੋਂ ਬਰਸਾਤੀ ਮੌਸਮ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਸੁਚੇਤ ਕਰਨ ਅਤੇ ਮਲੇਰੀਆ ਬਾਰੇ ਜਾਗਰੂਕਤਾ ਕੈਂਪ ਲਾਉਣ ਲਈ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਬਲਾਕ ਐਜੂਕੇਟਰ ਹਰਪ੍ਰੀਤ ਕੌਰ ਅਤੇ ਮੀਡੀਆ ਕੋਆਰਡੀਨੇਟਰ ਰਾਜੇਸ਼ ਰਿਖੀ ਨੇ ਦੱਸਿਆ ਕਿ ਬਲਾਕ ਵਿਚ ਸਿਹਤ ਕਾਮਿਆਂ ਵੱਲੋਂ ਘਰ ਘਰ ਜਾ ਕੇ ਮੌਸਮੀ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਬਿਮਾਰ ਨਾਗਰਿਕਾਂ ਲਈ ਇਲਾਜ ਦੇ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਸਿਹਤ ਸੁਪਰਵਾਈਜ਼ਰ ਗੁਲਜ਼ਾਰ ਖਾਂ ਹਾਜ਼ਰ ਸਨ।