ਕੀੜੇਮਾਰ ਦਵਾਈਆਂ ਵੇਚਣ ਵਾਲੀਆਂ ਫਰਮਾਂ ਦੀ ਚੈਕਿੰਗ
ਪੱਤਰ ਪ੍ਰੇਰਕ
ਜ਼ੀਰਾ, 7 ਜਨਵਰੀ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਖਾਦਾਂ, ਬੀਜਾਂ ਅਤੇ ਕੀੜੇਮਾਰ ਦਵਾਈਆਂ ਦੀ ਕੁਆਲਟੀ ਨੂੰ ਬਰਕਰਾਰ ਰੱਖਣ ਲਈ ਡਾ. ਬਲਵਿੰਦਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਜ਼ੀਰਾ, ਡਾ. ਅਮਿਤ ਪੁੰਜ ਅਤੇ ਡਾ. ਜਸਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵਲੋਂ ਫਰਮਾਂ ਦੀ ਚੈਕਿੰਗ ਕੀਤੀ ਗਈ। ਇਸ ਤਹਿਤ ਵੱਖ-ਵੱਖ ਥਾਵਾਂ ’ਤੇ ਫੇਲ੍ਹ ਪਾਏ ਗਏ ਸੈਂਪਲਾਂ ਨਾਲ ਸਬੰਧਤ ਸਟਾਕ ਅਤੇ ਰਿਕਾਰਡ ਚੈੱਕ ਕੀਤਾ ਗਿਆ ਅਤੇ ਫਰਮਾਂ ਨੂੰ ਵਿਭਾਗ ਦੀਆਂ ਕੁਆਲਟੀ ਕੰਟਰੋਲ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਡਾ. ਬਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਜਿਨ੍ਹਾਂ ਖੇਤਾਂ ਵਿਚ ਕਣਕ ਦੀ ਫ਼ਸਲ ਦਾ ਸਿਫਾਰਸ਼ਾਂ ਮੁਤਾਬਕ ਖਾਦਾਂ ਪਾਉਣ ਤੋਂ ਬਾਅਦ ਵੀ ਵਾਧਾ ਨਹੀਂ ਹੋ ਰਿਹਾ, ਉਨ੍ਹਾਂ ਖੇਤਾਂ ਵਿਚ ਕਣਕ ਦੀ ਫ਼ਸਲ ’ਤੇ 9 ਕਿੱਲੋ ਯੂਰੀਆ ਖਾਦ ਨੂੰ 300 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਅਤੇ ਰੇਤਲੀਆਂ ਜ਼ਮੀਨਾਂ ਵਿੱਚ ਬੀਜੀ ਕਣਕ ਨੂੰ ਇੱਕ ਕਿਲੋ ਮੈਗਨੀਜ ਸਲਫੇਟ (30.5%) ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਅਤੇ ਜਿੰਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਇੱਕ ਕਿੱਲੋ ਜ਼ਿੰਕ ਸਲਫ਼ੇਟ (21%) ਅਤੇ ਅੱਧਾ ਕਿਲੋ ਅਣਬੁਝੇ ਚੂਨੇ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ 15 ਦਿਨਾਂ ਦੀ ਵਿੱਥ ਤੇ 2-3 ਛਿੜਕਾਅ ਕਰਨ ਲਈ ਕਿਹਾ ਗਿਆ।