ਖੇਤੀਬਾੜੀ ਵਿਭਾਗ ਵੱਲੋਂ ਖਾਦ ਡੀਲਰਾਂ ਤੇ ਸੁਸਾਇਟੀਆਂ ਦੀ ਚੈਕਿੰਗ
ਖੇਤਰੀ ਪ੍ਰਤੀਨਿਧ
ਬਰਨਾਲਾ, 9 ਨਵੰਬਰ
ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਜਗਦੀਸ਼ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵੱਲੋਂ ਜ਼ਿਲ੍ਹੇ ਦੇ ਪ੍ਰਾਈਵੇਟ ਡੀਲਰਾਂ, ਕੋਅਪਰੇਟਿਵ ਸੁਸਾਇਟੀਆਂ ਦੀ ਅਚਨਚੇਤ ਛਾਪੇਮਾਰੀ ਕੀਤੀ ਗਈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਇਸ ਸਮੇਂ ਕਣਕ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ, ਜ਼ਿਲ੍ਹੇ ਵਿੱਚ ਡੀਏਪੀ ਦਾ ਆਪਣਾ ਕੋਈ ਰੈਕ ਪੁਆਇੰਟ ਨਹੀਂ ਹੈ ਪਰ ਫਿਰ ਵੀ ਡਿਪਟੀ ਕਮਿਸ਼ਨਰ ਬਰਨਾਲਾ ਦੇ ਯਤਨ ਸਦਕਾ ਜ਼ਿਲ੍ਹੇ ਵਿੱਚ ਡੀਏਪੀ ਉਪਲਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਖਾਦਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਅਧਿਕਾਰੀਆਂ/ਕਰਮਚਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਵਲੋਂ ਵੱਖ ਵੱਖ ਬਲਾਕਾਂ ਵਿੱਚ ਪ੍ਰਾਈਵੇਟ ਡੀਲਰਾਂ ਤੇ ਕੋਅਪਰੇਟਿਵ ਸੁਸਾਇਟੀਆਂ ਦੀ ਚੈਕਿਗ ਕੀਤੀ ਗਈ ਜਿਨ੍ਹਾਂ ਵਿੱਚ ਮਹਿਲ ਕਲਾਂ, ਭੈਣੀ ਮਹਿਰਾਜ, ਧਨੌਲਾ, ਸਹਿਣਾ ਤੇ ਹੋਰ ਪਿੰਡ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਪਲਬਧ ਸਟਾਕ, ਸਟਾਕ ਰਜਿਸਟਰ ਤੇ ਰਿਕਾਰਬ ਚੈੱਕ ਕੀਤਾ ਗਿਆ। ਡਾ. ਜਗਦੀਸ਼ ਸਿੰਘ ਨੇ ਕਿਹਾ ਕਿ ਕਿਸੇ ਵੀ ਖਾਦ ਨਾਲ ਕੋਈ ਟੈਗਿੰਗ ਨਾ ਕੀਤੀ ਜਾਵੇ ਤੇ ਖਾਦ ਦਾ ਸਟਾਕ ਜਮ੍ਹਾਂ ਨਾ ਕੀਤਾ ਜਾਵੇ। ਉਨ੍ਹਾਂ ਡੀਲਰਾਂ ਨੂੰ ਹਦਾਇਤ ਕੀਤੀ ਕਿ ਖਾਦ ਦਾ ਸਟਾਕ ’ਤੇ ਰੇਟ ਨੂੰ ਦਰਸਾਉਂਦਾ ਸਟਾਕ ਬੋਰਡ ਲਗਾਇਆ ਜਾਵੇ। ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਰੂਰਤ ਅਨੁਸਾਰ ਡੀਏਪੀ ਦੀ ਖਰੀਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਇਸ ਤਰ੍ਹਾਂ ਦਾ ਕੋਈ ਮਸਲਾ ਸਾਹਮਣੇ ਆਉਂਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ।