ਨਸ਼ਾ ਛਡਾਊ ਕੇਂਦਰਾਂ ਦੀ ਚੈਕਿੰਗ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 20 ਨਵੰਬਰ
ਇੱਥੋਂ ਨੇੜਲੇ ਪਿੰਡ ਪੱਤੜ ਕਲਾਂ ਵਿੱਚ ਪੁਲੀਸ ਨੇ ਦੋ ਕਥਿਤ ਨਾਜਾਇਜ਼ ਨਸ਼ਾ ਛਡਾਊ ਕੇਂਦਰਾਂ ਦੀ ਜਾਂਚ ਕੀਤੀ। ਇਸ ਸਬੰਧੀ ਡੀਐੱਸਪੀ ਸਬ ਡਿਵੀਜ਼ਨ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਨੇੜਲੇ ਪਿੰਡ ਪੱਤੜ ਕਲਾਂ ਵਿੱਚ ਧੰਨ ਬਾਬਾ ਫਤਿਹ ਸਿੰਘ ਗੁਰਮਿਤ ਵਿਦਿਆਲਿਆ ਅਤੇ ਗੁਰੂ ਤੇਗ ਬਹਾਦਰ ਗੁਰਮਤਿ ਵਿਦਿਆਲਿਆ ਵਿੱਚ ਕਥਿਤ ਨਸ਼ਾ ਛਡਾਊ ਕੇਂਦਰ ਚੱਲ ਰਹੇ ਹਨ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਥਾਣਾ ਮੁਖੀ ਕਰਤਾਰਪੁਰ ਰਮਨਦੀਪ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ, ਦਿਮਾਗੀ ਬਿਮਾਰੀਆਂ ਦੇ ਮਾਹਿਰ ਡਾ. ਅਭੈਰਾਜ ਸਿੰਘ, ਡਰੱਗ ਇੰਸਪੈਕਟਰ ਅਮਿਤ ਬਾਸਲ ਤੋਂ ਇਲਾਵਾ ਡਿਊਟੀ ਮੈਜਿਸਟਰੇਟ ਰਾਮ ਚੰਦ ਤਹਿਸੀਲਦਾਰ ਜਲੰਧਰ ਦੋ ਦੀ ਹਾਜ਼ਰੀ ਵਿੱਚ ਚੈਕਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਲਈ ਗਈ ਤਲਾਸ਼ੀ ਦੌਰਾਨ ਮੌਕੇ ਤੋਂ ਕੋਈ ਵੀ ਨਸ਼ਾ ਛਡਾਉਣ ਦੀ ਵਰਤੋਂ ਕਰਨ ਵਾਲੀ ਦਵਾਈ ਅਤੇ ਨਾ ਹੀ ਕੋਈ ਮਰੀਜ਼ ਮਿਲਿਆ ਹੈ। ਦੋਵੇਂ ਗੁਰਮਤਿ ਵਿਦਿਆਲਿਆ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਅਤੇ ਹਰਜੀਤ ਸਿੰਘ ਨੇ ਦੱਸਿਆ ਕਿ ਇੱਥੇ ਹੋਲਾ ਮਹੱਲਾ ਮੌਕੇ ਨਿਹੰਗ ਸਿੰਘਾਂ ਦੇ ਆਰਾਮ ਲਈ ਪੜਾਅ ਬਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਕੁੱਝ ਵਿਅਕਤੀ ਗੁਰਮਤਿ ਵਿਦਿਆਲਿਆ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਚੈਕਿੰਗ ਮੌਕੇ ਉਨ੍ਹਾਂ ਪੁਲੀਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ। ਇਸ ਸਬੰਧੀ ਐੱਸਐੱਮਓ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਕਰਤਾਰਪੁਰ ਵਿੱਚ ਬਣੇ ਓਟ ਸੈਂਟਰ ਵਿੱਚ ਲਾਗਲੇ ਪਿੰਡਾਂ ਤੋਂ ਚਾਰ ਸੌ ਦੇ ਕਰੀਬ ਨਸ਼ਾ ਛੱਡਣ ਦੇ ਚਾਹਵਾਨ ਦਵਾਈ ਖਾਣ ਲਈ ਆਉਂਦੇ ਹਨ।