ਖੇਤੀਬਾੜੀ ਵਿਭਾਗ ਵੱਲੋਂ ਕੋ-ਅਪਰੇਟਿਵ ਸੁਸਾਇਟੀਆਂ ਤੇ ਫਰਮਾਂ ਦੀ ਚੈਕਿੰਗ
ਮਨੋਜ ਸ਼ਰਮਾ
ਬਠਿੰਡਾ, 27 ਜੂਨ
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ’ਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਕਾਇਮ ਕੀਤੀਆਂ ਜ਼ਿਲ੍ਹੇ ਦੀਆਂ ਟੀਮਾਂ ਵੱਲੋਂ ਕੋ-ਅਪਰੇਟਿਵ ਸੁਸਾਇਟੀਆਂ ਅਤੇ ਦੁਕਾਨਾਂ ਦੀ ਅਚਨਚੇਤ ਚੈਕਿੰਗ ਕਰਦੇ ਹੋਏ ਵੱਖ-ਵੱਖ ਖੇਤੀ ਵਰਤੋਂ ਵਾਲੀਆਂ ਕੀਟਨਾਸ਼ਕ ਦਵਾਈਆਂ ਤੇ ਖਾਦਾਂ ਆਦਿ ਨੇ ਨਮੂਨੇ ਲਏ ਗਏ। ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਚੈਕਿੰਗ ਟੀਮਾਂ ਵੱਲੋਂ ਵੱਖ-ਵੱਖ ਬਲਾਕਾਂ ਵਿੱਚ ਕੋ-ਅਪਰੇਟਿਵ ਸੁਸਾਇਟੀਆਂ ਜਿਨ੍ਹਾਂ ਵਿੱਚ ਤਿਉਣਾ, ਘੁੱਦਾ, ਝੁੰਬਾ, ਨਥਾਣਾ, ਕੋਠਾ ਗੁਰੂ, ਗੋਬਿੰਦਪੁਰਾ, ਭੁੱਚੋ ਖੁਰਦ, ਭਾਗੀ ਵਾਂਦਰ, ਸੀਂਗੋ, ਤਲਵੰਡੀ ਸਾਬੋ, ਮਲੂਕਾ ਆਦਿ ਦੀ ਚੈਕਿੰਗ ਕੀਤੀ ਅਤੇ ਖਾਦਾਂ ਦੇ ਨਮੂਨੇ ਭਰ ਕੇ ਪਰਖ ਲਈ ਲੈਬਾਂ ਨੂੰ ਭੇਜੇ ਗਏ। ਇਸ ਦੌਰਾਨ ਉਨ੍ਹਾਂ ਕੋ-ਅਪਰੇਟਿਵ ਸੁਸਾਇਟੀਆਂ ਤੇ ਫਰਮਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਗ਼ੈਰ-ਮਿਆਰੀ ਖੇਤੀ ਸਾਮਾਨ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਕਿਸਾਨਾਂ ਨੂੰ ਪੱਕੇ ਬਿੱਲ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਬਲਜਿੰਦਰ ਸਿੰਘ, ਬੀਜ ਵਿਕਾਸ ਅਫ਼ਸਰ ਬਠਿੰਡਾ ਡਾ. ਜਸਕਰਨ ਸਿੰਘ, ਏਪੀਪੀਓ ਬਠਿੰਡਾ ਡਾ. ਮੁਖਤਿਆਰ ਸਿੰਘ, ਏਡੀਓ (ਪੀਪੀ) ਬਠਿੰਡਾ ਡਾ. ਅਸਮਾਨਪ੍ਰੀਤ ਸਿੰਘ ਸਿੱਧੂ, ਏਡੀਓ ਬਲਾਕ ਬਠਿੰਡਾ ਡਾ. ਮਨਜਿੰਦਰ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।