ਦਿਲਜੀਤ ਦੋਸਾਂਝ ਦੇ ਕੰਸਰਟ ਨਾਂ ’ਤੇ ਔਰਤ ਨਾਲ ਠੱਗੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਸਤੰਬਰ
ਦਿਲਜੀਤ ਦੋਸਾਂਝ ਦੇ ਕੰਸਰਟ ਦੇ ਨਾਂ ’ਤੇ ਦਿੱਲੀ ਦੀ ਔਰਤ ਨਾਲ 15,000 ਰੁਪਏ ਦੀ ਠੱਗੀ ਮਾਰੀ ਗਈ ਹੈ। ਗਾਇਕ-ਅਭਿਨੇਤਾ ਦਿਲਜੀਤ ਦੋਸਾਂਝ ਦੇ ਆਗਾਮੀ ‘ਦਿਲ-ਲੁਮਿਨਾਟੀ’ ਕੰਸਰਟ ਨਾਲ ਸਬੰਧਤ ਆਨਲਾਈਨ ਘੁਟਾਲੇ ਬਾਰੇ ਦਿੱਲੀ ਪੁਲੀਸ ਦੀ ਚਿਤਾਵਨੀ ਦੇ ਬਾਵਜੂਦ ਦਿੱਲੀ ਦੀ ਇੱਕ ਔਰਤ ਤੇ ਉਸ ਦੇ ਦੋਸਤ ਨਾਲ ਕਥਿਤ ਤੌਰ ’ਤੇ ਕ੍ਰਮਵਾਰ 15,000 ਅਤੇ 6,000 ਰੁਪਏ ਦੀ ਠੱਗੀ ਮਾਰੀ ਗਈ। ਧੋਖਾਧੜੀ ਕਰਨ ਵਾਲੇ ਨੇ ਕਥਿਤ ਤੌਰ ’ਤੇ ਉਨ੍ਹਾਂ ਦਾ ਭਰੋਸਾ ਹਾਸਲ ਕਰਨ ਲਈ ਆਧਾਰ ਕਾਰਡ ਦੀ ਵਰਤੋਂ ਕੀਤੀ। ਪੀੜਤਾ ਨੇ ਇਸ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਸੋਸ਼ਲ ਮੀਡੀਆ ’ਤੇ ਜਾ ਕੇ ਦੂਜਿਆਂ ਨੂੰ ਅਜਿਹੀਆਂ ਧੋਖਾਧੜੀਆਂ ਤੋਂ ਸੁਚੇਤ ਕੀਤਾ ਹੈ। ਔਰਤ ਅਨੁਸਾਰ ਘੁਟਾਲੇ ਕਰਨ ਵਾਲੇ, ਜਿਸ ਨੇ ਆਪਣੀ ਪਛਾਣ ਧਰਮਿੰਦਰ ਸਿੰਘ (ਕ੍ਰਿਗਯਾਨ07) ਵਜੋਂ ਕੀਤੀ ਸੀ। ਉਸ ਨੇ ਅਸਲ ਦਿਖਣ ਲਈ ਉਸ ਦੇ ਆਈਡੀ ਪਰੂਫ ਸਣੇ ਸਬੰਧਤ ਸਕ੍ਰੀਨਸ਼ਾਟਸ ਦੀ ਵਰਤੋਂ ਕੀਤੀ। ਉਹ ਘੁਟਾਲੇ ਦੀ ਸ਼ਿਕਾਰ ਹੋ ਗਈ ਅਤੇ 15,000 ਗੁਆ ਦਿੱਤੇ। ਉਸ ਦੀ ਸਹੇਲੀ ਨੇ ਵੀ 6,000 ਰੁਪਏ ਗੁਆ ਦਿੱਤੇ। ਉਸ ਨੇ ਦੋਸ਼ ਲਗਾਇਆ ਕਿ ਕਈ ਹੋਰ ਐਕਸ ਉਪਭੋਗਤਾ ਇਸ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਇਸ ਤੋਂ ਬਾਅਦ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਦੂਜਿਆਂ ਨੂੰ ਚਿਤਾਵਨੀ ਦੇਣ ਲਈ ਆਨਲਾਈਨ ਪੋਸਟ ਕੀਤੀ ਹੈ। ਸੋਸ਼ਲ ਮੀਡੀਆ ਔਰਤ ਨੇ ਘੁਟਾਲੇਬਾਜ਼ ’ਤੇ ਦਬਾਅ ਪਾਉਣ ਦੀ ਅਪੀਲ ਕੀਤੀ ਔਰਤ ਨੇ ਇੱਕ ਵੱਖਰੇ ਨੰਬਰ ਦੀ ਵਰਤੋਂ ਕਰਕੇ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਉਸ ਨੂੰ ਉਸ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੀ ਬਲਾਕ ਕਰ ਦਿੱਤਾ ਹੈ।