ਨਵਜੋਤ ਕੌਰ ਸਿੱਧੂ ਨਾਲ ਪ੍ਰਾਪਰਟੀ ਦੇ ਮਾਮਲੇ ਵਿੱਚ ਦੋ ਕਰੋੜ ਰੁਪਏ ਦੀ ਠੱਗੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਨਵੰਬਰ
ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਉਨ੍ਹਾਂ ਨਾਲ ਦੋ ਕਰੋੜ ਰੁਪਏ ਦੀ ਠੱਗੀ ਵੱਜਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਇਸ ਸਬੰਧੀ ਆਪਣੇ ਇੱਕ ਨਿੱਜੀ ਸਹਾਇਕ ਤੇ ਹੋਰਨਾਂ ਖਿਲਾਫ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਆਰਥਿਕ ਅਪਰਾਧ ਸ਼ਾਖਾ ਨੂੰ ਭੇਜ ਦਿੱਤੀ ਗਈ ਹੈ। ਸ਼ਿਕਾਇਤ ਵਿੱਚ ਦੱਸਿਆ ਕਿ ਸ਼ਹਿਰ ਦੇ ਪੌਸ਼ ਰਣਜੀਤ ਐਵੇਨਿਊ ਇਲਾਕੇ ਵਿੱਚ ਐੱਸਸੀਓ ਦੀ ਰਜਿਸਟਰੇਸ਼ਨ ਦੇ ਬਹਾਨੇ ਉਨ੍ਹਾਂ ਤੋਂ ਦੋ ਕਰੋੜ ਰੁਪਏ ਤੋਂ ਵੱਧ ਰੁਪਏ ਵਸੂਲੇ ਗਏ।। ਇਸ ਮਾਮਲੇ ਵਿੱਚ ਉਨ੍ਹਾਂ ਦੇ ਨਿੱਜੀ ਸਹਾਇਕ ਅਤੇ ਉਸ ਦੇ ਸਾਥੀ ਨੇ ਜਾਣਕਾਰੀ ਦਿੱਤੀ ਸੀ ਕਿ ਅਮਰੀਕਾ ਰਹਿੰਦੇ ਐੱਨਆਰਆਈ ਵੱਲੋਂ ਆਪਣੇ ਰਿਸ਼ਤੇਦਾਰਾਂ ਰਾਹੀਂ ਰਣਜੀਤ ਐਵਨਿਊ ਵਿਚ ਸ਼ੋਅਰੂਮ ਵੇਚਿਆ ਜਾ ਰਿਹਾ ਹੈ ਜਿਸ ਦੀ ਕੀਮਤ ਵੀ ਜਾਇਜ਼ ਹੈ। ਇਹ ਪ੍ਰਾਪਰਟੀ ਖਰੀਦਣ ਲਈ ਉਨ੍ਹਾਂ ਉਸ ਨੂੰ ਕੁਝ ਅਗਾਊਂ ਰਕਮ ਦੇਣ ਵਾਸਤੇ ਵੀ ਆਖਿਆ। ਇਸ ਸਬੰਧੀ ਲੋਂੜੀਂਦੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੇ ਲਗਪਗ ਕਰੋੜ ਰੁਪਏ ਤੋਂ ਵੱਧ ਰਾਸ਼ੀ ਬੈਂਕ ਰਾਹੀਂ ਮਾਲਕ ਦੇ ਖਾਤੇ ਵਿੱਚ ਭੇਜ ਦਿੱਤੀ। ਬਾਕੀ ਰਹਿੰਦੀ ਰਕਮ ਚੈੱਕ ਰਾਹੀਂ ਨਿੱਜੀ ਸਹਾਇਕ ਨੂੰ ਦਿੱਤੀ ਅਤੇ ਉਸ ਨੇ ਚੈੱਕ ਕੈਸ਼ ਕਰਵਾਉਣ ਮਗਰੋਂ ਰਕਮ ਮਾਲਕ ਦੇ ਪ੍ਰਤੀਨਿਧ ਨੂੰ ਸੌਂਪ ਦਿੱਤੀ। ਬਾਅਦ ਵਿਚ ਪਤਾ ਲੱਗਾ ਕਿ ਉਸ ਵੱਲੋਂ ਦਿੱਤੀ ਗਈ ਰਕਮ ਉਸ ਦੇ ਨਿੱਜੀ ਸਹਾਇਕ ਅਤੇ ਉਸ ਦੇ ਸਾਥੀਆਂ ਤੇ ਹੋਰਨਾਂ ਨੇ ਆਪਣੇ ਮੰਤਵ ਵਾਸਤੇ ਵਰਤੀ ਹੈ ਜਿਸ ਸਬੰਧੀ ਪੁਲੀਸ ਕਾਰਵਾਈ ਕਰੇ।