For the best experience, open
https://m.punjabitribuneonline.com
on your mobile browser.
Advertisement

ਪੁਲੀਸ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਠੱਗੀ

10:17 AM Apr 13, 2024 IST
ਪੁਲੀਸ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਠੱਗੀ
Advertisement

ਹਤਿੰਦਰ ਮਹਿਤਾ
ਜਲੰਧਰ, 12 ਅਪਰੈਲ
ਇਥੇ 2 ਫਰਜ਼ੀ ਪੁਲੀਸ ਮੁਲਾਜ਼ਮਾਂ ਵੱਲੋਂ ਭਰਤੀ ਦੇ ਨਾਂ ’ਤੇ ਨੌਂ ਵਿਅਕਤੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਰਤੀ ਦਾ ਭਰੋਸਾ ਦਿਵਾਉਣ ਲਈ ਮੁਲਜ਼ਮਾਂ ਨੇ ਐੱਸਐੱਸਪੀ ਦਫ਼ਤਰ ਅਤੇ ਪੀਏਪੀ ਦੇ ਬਾਹਰ ਰਜਿਸਟਰਾਂ ’ਤੇ ਜਾਅਲੀ ਹਾਜ਼ਰੀ ਵੀ ਲਾ ਦਿੱਤੀ। ਧੋਖਾਧੜੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਨੌਜਵਾਨ ਨੂੰ 3 ਮਹੀਨੇ ਤਨਖਾਹ ਨਾ ਮਿਲੀ। ਪੂਰੇ ਮਾਮਲੇ ਦੀ ਤਿੰਨ ਸਾਲ ਜਾਂਚ ਮਗਰੋਂ ਥਾਣਾ ਜਲੰਧਰ ਛਾਉਣੀ ਦੀ ਪੁਲੀਸ ਨੇ ਕੈਂਟ ਦੇ ਮੁਹੱਲਾ ਨੰਬਰ 32 ਵਾਸੀ ਅਮਿਤ ਕੁਮਾਰ ਅਤੇ ਬਲਵਿੰਦਰ ਕੁਮਾਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਫਿਲਹਾਲ ਦੋਵੇਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਲੰਧਰ ਛਾਉਣੀ ਵਾਸੀ ਚੇਤਨ ਨੇ ਦੱਸਿਆ ਕਿ ਉਸ ਦਾ ਪਿਤਾ ਵੈਲਡਿੰਗ ਦਾ ਕੰਮ ਕਰਦਾ ਹੈ। ਉਕਤ ਮੁਲਜ਼ਮਾਂ ਨੇ ਉਸ ਨੂੰ ਕਿਹਾ ਕਿ ਉਹ ਪੀਏਪੀ ਵਿੱਚ ਦਰਜਾ ਚਾਰ ਮੁਲਾਜ਼ਮ ਭਰਤੀ ਕਰਵਾਉਣਗੇ ਤੇ ਇਸ ਲਈ ਇੱਕ ਲੱਖ ਰੁਪਏ ਮੰਗੇ। ਇਸ ਤੋਂ ਬਾਅਦ ਉਸ ਨੇ ਆਪਣੇ ਦੋਸਤਾਂ ਨਾਲ ਪੁਲੀਸ ਵਿੱਚ ਭਰਤੀ ਹੋਣ ਦੀ ਗੱਲ ਕੀਤੀ ਤਾਂ ਉਸ ਦੇ ਦੋਸਤਾਂ ਮਨੀਸ਼ ਕੁਮਾਰ, ਵਿਕਰਮ ਕੁਮਾਰ, ਸੌਰਵ ਕੁਮਾਰ, ਸੁਨੀਲ ਕੁਮਾਰ, ਨਵੀਨ, ਅਭਿਸ਼ੇਕ, ਮਨੀ ਅਤੇ ਅਸ਼ੋਕ ਕੁਮਾਰ ਨੇ ਮਿਲ ਕੇ ਮੁਲਜ਼ਮ ਨੂੰ ਕੁੱਲ 9 ਲੱਖ ਰੁਪਏ ਦੇ ਦਿੱਤੇ। ਮੁਲਜ਼ਮ ਨੇ ਦੱਸਿਆ ਕਿ ਉਸ ਦਾ ਕੰਮ ਪੁਲੀਸ ਵੱਲੋਂ ਜਾਰੀ ਨੋਟਿਸ ਨੂੰ ਡਾਕ ਰਾਹੀਂ ਲੋਕਾਂ ਦੇ ਘਰ ਪਹੁੰਚਾਉਣਾ ਸੀ, ਜਿਸ ਲਈ ਉਸ ਨੂੰ 26 ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲਣ ਦੀ ਗੱਲ ਕਹੀ ਸੀ। ਪੈਸੇ ਲੈਣ ਦੇ ਇੱਕ ਮਹੀਨੇ ਬਾਅਦ ਮੁਲਜ਼ਮ ਨੇ ਪੀੜਤਾਂ ਨੂੰ ਪੁਲੀਸ ਲਾਈਨ ਵਿੱਚ ਬੁਲਾ ਲਿਆ, ਜਿੱਥੇ ਉਹ ਪਹਿਲੀ ਵਾਰ ਬਲਵਿੰਦਰ ਕੁਮਾਰ ਨੂੰ ਮਿਲਿਆ। ਬਲਵਿੰਦਰ ਸਿੰਘ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮੀਟਿੰਗ ਕਰਵਾਈ ਅਤੇ ਡਰਾਈਵਿੰਗ ਟੈਸਟ ਮਗਰੋਂ ਅਤੇ ਅਗਲੇ ਦਿਨ ਪੁਲੀਸ ਲਾਈਨਜ਼ ਦੇ ਬਾਹਰ ਬੁਲਾਇਆ ਜਿੱਥੋਂ ਹਾਜ਼ਰੀ ਲਾਉਣ ਦਾ ਸਿਲਸਿਲਾ ਸ਼ੁਰੂ ਹੋਇਆ। ਚੇਤਨ ਮੁਤਾਬਕ ਪਹਿਲਾਂ ਮੁਲਜ਼ਮਾਂ ਨੇ ਪੀਏਪੀ ਦੇ ਬਾਹਰ ਫੋਨ ਕਰ ਕੇ ਜਾਅਲੀ ਹਾਜ਼ਰੀ ਲਗਵਾਉਣੀ ਸ਼ੁਰੂ ਕਰ ਦਿੱਤੀ ਅਤੇ 15 ਦਿਨਾਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਇਸ ਤੋਂ ਬਾਅਦ 15 ਦਿਨਾਂ ਲਈ ਐੱਸਐੱਸਪੀ ਦਫ਼ਤਰ ਵਿੱਚ ਹਾਜ਼ਰੀ ਲਾ ਦਿੱਤੀ। ਚੇਤਨ ਨੇ ਦੱਸਿਆ ਧੋਖਾਧੜੀ ਦਾ ਉਦੋਂ ਪਤਾ ਲੱਗਾ ਜਦੋਂ ਦੋ ਮਹੀਨੇ ਬਾਅਦ ਵੀ ਤਨਖਾਹ ਨਹੀਂ ਮਿਲੀ। ਇਸ ਸਬੰਧੀ ਗੱਲ ਕਰਨ ’ਤੇ ਮੁਲਜ਼ਮਾਂ ਨੇ ਉਸ ਨਾਲ ਹੱਥੋਪਾਈ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×