ਹਿੰਡਨ ਹਵਾਈ ਅੱਡੇ ਤੋਂ ਆਦਮਪੁਰ ਲਈ ਸਸਤੀ ਉਡਾਣ ਸ਼ੁਰੂ
07:50 AM Mar 21, 2024 IST
ਪੱਤਰ ਪ੍ਰੇਰਕ
ਜਲੰਧਰ, 20 ਮਾਰਚ
ਦਿੱਲੀ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਸਿਵਲ ਹਵਾਈ ਅੱਡਾ ਹਿੰਡਨ ਏਅਰਪੋਰਟ ਤੋਂ ਆਦਮਪੁਰ (ਜਲੰਧਰ) ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਹਿੰਡਨ ਏਅਰਪੋਰਟ ਤੋਂ ਆਦਮਪੁਰ ਲਈ ਪਹਿਲੀ ਫਲਾਈਟ 31 ਮਾਰਚ ਨੂੰ ਸ਼ੁਰੂ ਹੋਵੇਗੀ ਜੋ ਸਵੇਰੇ 11.25 ’ਤੇ ਰਵਾਨਾ ਹੋਵੇਗੀ ਅਤੇ ਦੁਪਹਿਰ 12.25 ’ਤੇ ਪਹੁੰਚੇਗੀ। ਆਦਮਪੁਰ ਤੋਂ ਹਿੰਡਨ ਲਈ ਉਡਾਣ 12.50 ’ਤੇ ਸ਼ੁਰੂ ਹੋਵੇਗੀ, ਜੋ ਦੁਪਹਿਰ 1.50 ’ਤੇ ਹਿੰਡਨ ਹਵਾਈ ਅੱਡੇ ’ਤੇ ਪਹੁੰਚੇਗੀ। ਹਿੰਡਨ ਹਵਾਈ ਅੱਡੇ ਤੋਂ ਆਦਮਪੁਰ ਦੀ ਟਿਕਟ ਦੀ ਕੀਮਤ 1499 ਰੁਪਏ ਹੈ ਜੋ ਕਿ ਹੁਣ ਤੱਕ ਦੀ ਸਭ ਤੋਂ ਸਸਤੀ ਟਿਕਟ ਹੈ। ਯਾਤਰੀ ਸਟਾਰ ਏਅਰ ਏਅਰਲਾਈਨਜ਼ ਦੀ ਵੈੱਬਸਾਈਟ ਜਾਂ ਯੂਪੀਆਈ ਰਾਹੀਂ ਟਿਕਟ ਬੁੱਕ ਕਰ ਸਕਦੇ ਹਨ। ਸਟਾਰ ਏਅਰਲਾਈਨਜ਼ ਕੰਪਨੀ ਇਹ ਉਡਾਣ ਸ਼ੁਰੂ ਕਰ ਰਹੀ ਹੈ। ਆਦਮਪੁਰ ਤੋਂ ਹਿੰਡਨ ਜਾਣ ਵਾਲਾ ਜਹਾਜ਼ ਅੱਗੇ ਨਾਂਦੇੜ ਤੇ ਉਥੋਂ ਬੰਗਲੌਰ ਜਾਵੇਗਾ।
Advertisement
Advertisement