For the best experience, open
https://m.punjabitribuneonline.com
on your mobile browser.
Advertisement

ਚੌਮੁਖੀਆ ਚਿਰਾਗ਼ ਮਾਸਟਰ ਤਰਲੋਚਨ ਸਦਾ ਜਗਦਾ ਰਹੇਗਾ

06:10 AM Aug 12, 2023 IST
ਚੌਮੁਖੀਆ ਚਿਰਾਗ਼ ਮਾਸਟਰ ਤਰਲੋਚਨ ਸਦਾ ਜਗਦਾ ਰਹੇਗਾ
Advertisement

ਅਮੋਲਕ ਸਿੰਘ

ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਸਾਬਕਾ ਜਨਰਲ ਸਕੱਤਰ ਮਾਸਟਰ ਤਰਲੋਚਨ ਸਿੰਘ ਸਮਰਾਲਾ ਸੜਕ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਗਏ। ਲੋਕ ਸਰੋਕਾਰਾਂ ਦੀ ਬਾਂਹ ਫੜਨ ਵਾਲਾ ਲੋਕਾਂ ਦਾ ਵਿਸ਼ਾਲ ਕਾਫ਼ਲਾ ਸਮਰਾਲਾ ਵਿਚ 12 ਅਗਸਤ ਨੂੰ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਵੇਗਾ।
ਮਾਸਟਰ ਤਰਲੋਚਨ ਸਿੰਘ ਨੇ ਪਲਸ ਮੰਚ ਤੋਂ ਇਲਾਵਾ ਤਰਕਸ਼ੀਲ, ਸਮਾਜਿਕ, ਜਮਹੂਰੀ, ਅਧਿਆਪਕ ਲਹਿਰ ਵਿਚ ਸਦਾ ਯਾਦ ਰੱਖਣਯੋਗ ਭੂਮਿਕਾ ਨਿਭਾਈ। ਉਹਨਾਂ ਨੇ ‘ਭਾਰਤ ਵਿਕਾਊ ਹੈ’, ‘ਬਾਗ਼ੀ’, ‘ਸੁਪਰ ਵੀਜ਼ਾ’, ਸੁਖਜੀਤ ਦੀ ਕਹਾਣੀ ’ਤੇ ਆਧਾਰਿਤ ‘ਆਦਮਖ਼ੋਰ’ ਵਰਗੇ ਕਿੰਨੇ ਹੀ ਨਾਟਕ ਆਰਟ ਸੈਂਟਰ ਸਮਰਾਲਾ ਵੱਲੋਂ ਖੇਡੇ। ਜਦੋਂ ਪੰਜਾਬ ਅੰਦਰ ਤਿੱਖੜ ਦੁਪਹਿਰੇ ਦਹਿਸ਼ਤ ਦੀ ਕਾਲ਼ੀ ਬੋਲੀ ਰਾਤ ਸਾਡੇ ਅੰਬਰਾਂ ’ਤੇ ਛਾ ਜਾਂਦੀ ਸੀ, ਜਦੋਂ ਸੱਚ ਦੀ ਗੱਲ ਕਰਦੇ ਰੰਗਮੰਚ ਅਤੇ ਉਸ ਦੇ ਦਰਸ਼ਕਾਂ ਉਪਰ ਬੰਬਾਂ ਤੇ ਗੋਲੀਆਂ ਦੀ ਵਾਛੜ ਕਰਦੇ ‘ਅੰਨ੍ਹੇ ਨਿਸ਼ਾਨਚੀ’ ਬੇਹਯਾਈ ਨਾਲ ਅਜਿਹੇ ਖ਼ੂਨੀ ਕਾਂਡ ਦੀਆਂ ਜਿ਼ੰਮੇਵਾਰੀਆਂ ਲੈਂਦੇ ਸੀ, ਉਸ ਵੇਲੇ ਮਾਸਟਰ ਤਰਲੋਚਨ ਸਿੰਘ ‘ਦਹਿਕਦੇ ਅੰਗਿਆਰਾਂ ’ਤੇ’ ਵਾਲੇ ਸਫ਼ਰ ’ਤੇ ਰਿਹਾ। ਸਿੱਧੀਆਂ ਧਮਕੀਆਂ ਵੀ ਮਿਲੀਆਂ, ਅਸੀਂ ਉਨ੍ਹਾਂ ਦੇ ਜੱਦੀ ਪਿੰਡ ਮੱਲ ਮਾਜਰਾ ਵਿਚ ਘਰ ਦੀ ਸੁਰੱਖਿਆ ਪੱਖੋਂ ਕਈ ਕਦਮ ਵੀ ਚੁੱਕੇ।
ਜਦੋਂ ਸਮਰਾਲਾ ਖੇਤਰ ਦੇ ਪਿੰਡ ਚੜ੍ਹੀ ਵਿਚ ਕਮਿਊਨਿਸਟ ਇਨਕਲਾਬੀ (ਨਕਸਲਬਾੜੀ) ਲਹਿਰ ’ਚ ਝੂਠੇ ਪੁਲੀਸ ਮੁਕਾਬਲੇ ਵਿਚ ਮਾਰੇ ਗਏ ਰੌਣਕ ਸਿੰਘ ਚੜ੍ਹੀ ਦੇ ਪਿੰਡ ਪਲਸ ਮੰਚ ਦੇ ਸ਼ੋਅ ਮੌਕੇ ਅੰਨ੍ਹੇਵਾਹ ਗੋਲੀਆਂ ਦਾਗ ਕੇ ਮਰਦ ਔਰਤਾਂ ਮੌਤ ਦੇ ਘਾਟ ਉਤਾਰੇ ਗਏ; ਜਦੋਂ ਘੁੰਗਰਾਲੀ ਸਿੱਖਾਂ, ਭਮਾਂ, ਭੋਇੰਪੁਰ ਆਦਿ ਇਸ ਖੇਤਰ ਦੇ ਪਿੰਡਾਂ ਦੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ ਦੇ ਕਤਲ ਕੀਤੇ ਗਏ ਤਾਂ ਮਾਸਟਰ ਤਰਲੋਚਨ ਸਿੰਘ ਦਾ ਰੰਗਮੰਚ ਚਾਨਣ ਦਾ ਛੱਟਾ ਦਿੰਦਾ ਰਿਹਾ। ਦਹਿਸ਼ਤਗਰਦੀ ਖ਼ਿਲਾਫ਼ ਧਮਕ ਨਗਾਰੇ ਦੀ ਪਾਉਂਦਾ ਰਿਹਾ। ਸਮਰਾਲੇ ਦੇ ਹੀ ਮਾਸਟਰ ਕੁਲਵੰਤ ਤਰਕ ਉਪਰ ਸਕੂਲ ਪੜ੍ਹਾਉਂਦੇ ਸਮੇਂ ਬੋਲੇ ਕਾਤਲਾਨਾ ਹਮਲੇ ਖਿ਼ਲਾਫ਼ ਸਮਰਾਲਾ ਦੀਆਂ ਸੜਕਾਂ ਉਪਰ ਰੋਹਲਾ ਲੋਕ ਮਾਰਚ ਕੀਤਾ ਗਿਆ।
14 ਮਾਰਚ 1982 ਨੂੰ ਪਿੰਡ ਨਸਰਾਲੀ (ਲੁਧਿਆਣਾ) ਵਿਚ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੀ ਬੁਨਿਆਦ ਰੱਖੇ ਜਾਣ ਤੋਂ ਲੈ ਕੇ ਉਹ ਆਗੂ ਟੀਮ ਵਿਚ ਕੰਮ ਕਰਦਿਆਂ ਜਨਰਲ ਸਕੱਤਰ ਤੱਕ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਪਲਸ ਮੰਚ ਅਤੇ ਤਰਕਸ਼ੀਲ ਸੁਸਾਇਟੀ, ਦੋਵੇਂ ਸੰਸਥਾਵਾਂ ਦਾ ਕਾਲ਼ੇ ਦਿਨਾਂ ਦੇ ਦੌਰ ਵਿਚ ਇਤਿਹਾਸਕ ਕੰਮ ਹੈ; ਉਸ ਕੰਮ ’ਚ ਨਾਇਕਾਂ ਦੀ ਪਾਲ਼ ਵਿਚ ਸ਼ਾਮਲ ਰਿਹੈ ਸਾਡਾ ਮਹਬਿੂਬ ਨਾਟਕਕਾਰ ਤਰਲੋਚਨ।
ਮਾਛੀਵਾੜੀ ਲਾਗੇ ਝੁੱਗੀਆਂ ਪਿੰਡ ਦੀ ਦਰਸ਼ਨ ਕੌਰ, ਮਜ਼ਦੂਰ ਪਰਿਵਾਰ ਦੀ ਧੀ ਜਦੋਂ ਅਜ਼ਮਤ ਲੁੱਟੇ ਜਾਣ ’ਤੇ ਜਾਗੀਰੂ ਸੋਚਾਂ ਅਤੇ ਹੰਕਾਰ ਦੇ ਡੰਗੇ ਧਾੜਵੀਆਂ ਦੇ ਸਿਰ ਚੜ੍ਹ ਕੇ ਖੂਹ ’ਚ ਛਾਲ ਮਾਰ ਕੇ ਮਰ ਗਈ ਤਾਂ ਸਰਕਾਰੀ ਅਧਿਆਪਕ ਹੁੰਦਿਆਂ ਮਾਸਟਰ ਤਰਲੋਚਨ ਨੇ ਐਕਸ਼ਨ ਕਮੇਟੀ ’ਚ ਸ਼ਾਨਦਾਰ ਕੰਮ ਕੀਤਾ।
ਪਲਸ ਮੰਚ ਦੇ 1982 ਤੋਂ ਹੁੰਦੇ ਆ ਰਹੇ ਸੂਬਾਈ ਨਾਟਕ ਮੇਲੇ 25 ਜਨਵਰੀ ਦੀ ਰਾਤ ਦੇਸ਼ ਭਗਤ ਯਾਦਗਾਰ ਹਾਲ ਅਤੇ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਪਹਿਲੀ ਮਈ ਸਾਰੀ ਰਾਤ ਪੰਜਾਬੀ ਭਵਨ ਲੁਧਿਆਣਾ ਵਿਖੇ ਹਰ ਸਾਲ ਨਿਰੰਤਰ ਮਨਾਈ ਜਾਂਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਵਿਚ ਮਾਸਟਰ ਤਰਲੋਚਨ ਦੇ ਨਾਟਕਾਂ ‘ਮੈਂ ਧਰਤੀ ਪੰਜਾਬ ਦੀ’ ਕੋਰਿਓਗਰਾਫ਼ੀ ਨੇ ਲੋਕਾਂ ਦੇ ਮਨ ਜਿੱਤ ਲਏ। ਉਹ ਪਲਸ ਮੰਚ ਦੀ ਸਾਹਿਤਕ ਪੱਤ੍ਰਿਕਾ ‘ਸਰਦਲ’ ਦੇ ਸੰਪਾਦਕੀ ਮੰਡਲ ਵਿਚ ਰਹੇ। ਉਨ੍ਹਾਂ ਨੂੰ ਸੰਪਾਦਕੀ ਟੀਮ ਨਾਲ ਮਿਲ ਕੇ ਬਹੁਤ ਹੀ ਨੀਝ ਨਾਲ ਜਿ਼ੰਮੇਵਾਰੀਆਂ ਅਦਾ ਕੀਤੀਆਂ। ਉਨ੍ਹਾਂ ਦੇ ‘ਇਹ ਹੈ ਦਰਦ ਕਹਾਣੀ ਮਿੱਲਾਂ ਦੇ ਮਜ਼ਦੂਰਾਂ ਦੀ’ ਵਰਗੇ ਕਿੰਨੇ ਹੀ ਗੀਤ ਮਕਬੂਲ ਹੋਏ। ਉਨ੍ਹਾਂ ਨੇ ਗੀਤਾਂ, ਵਾਰਤਕ ਦੀਆਂ ਪੁਸਤਕਾਂ ਤੋਂ ਇਲਾਵਾ ਸੰਪਾਦਨਾ ਦਾ ਵੀ ਮਹੱਤਵਪੂਰਨ ਕੰਮ ਕੀਤਾ।
ਮਾਸਟਰ ਤਰਲੋਚਨ ਨੇ ਨਾਮਵਰ ਕਹਾਣੀਕਾਰ ਸੰਤੋਖ ਸਿੰਘ ਧੀਰ ਦੀ ਕਹਾਣੀ ’ਤੇ ਆਧਾਰਿਤ ‘ਮੰਗੋ’ ਟੈਲੀ ਫਿਲਮ ਤਿਆਰ ਕੀਤੀ ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ‘ਪਾਪਾ ਮੈਂ ਹਿੰਦੋਸਤਾਨ ਲਊਂਗਾ’ ਅਨੁਵਾਦਿਤ ਕਹਾਣੀਆਂ ਦਾ ਸੰਪਾਦਨ ਅਤੇ ਬਾਬਾ ਬੰਦਾ ਸਿੰਘ ਬਹਾਦਰ ’ਤੇ ਪੁਸਤਕ ਲਿਖਣ ਦਾ ਕਾਰਜ ਹੱਥ ਲਿਆ ਹੋਇਆ ਸੀ।
ਸਮਰਾਲਾ ਲਾਗੇ ਪਿੰਡ ਪਪਰੋਦੀ ’ਚ ਜਨਮੇ ਸਆਦਤ ਹਸਨ ਮੰਟੋ ਅਤੇ ਸਮਰਾਲਾ ਦੇ ਜੰਮਪਲ ਇਨਕਲਾਬੀ ਕਵੀ ਲਾਲ ਸਿੰਘ ਦਿਲ ਵਰਗਿਆਂ ਦੀ ਸਾਹਿਤ ਸਿਰਜਣਾ ਸੰਭਾਲਣ ਅਤੇ ਸਮਾਗਮ ਕਰ ਕੇ ਉਨ੍ਹਾਂ ਦੀ ਕਰਨੀ ਤੋਂ ਗੱਲ ਅੱਗੇ ਤੋਰਨ ਦਾ ਕੰਮ ਕਰਨ ਵਾਲੀਆਂ ਸਾਹਿਤ ਸਭਾਵਾਂ, ਸਮਾਗਮਾਂ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਚਲੀ ਆ ਰਹੀ ਸੀ।
ਪਲਸ ਮੰਚ ਦੇ ਬਾਨੀ ਪ੍ਰਧਾਨ ਗੁਰਸ਼ਰਨ ਸਿੰਘ ਦੇ ਵਿਛੋੜੇ ਉਪਰੰਤ ਮਾਸਟਰ ਤਰਲੋਚਨ ਦੀ ਨਿਰਦੇਸ਼ਨਾ ’ਚ ਉਨ੍ਹਾਂ ਦੇ ਸੰਗਰਾਮੀ ਨਾਟਕੀ ਅਤੇ ਜੀਵਨ ਸਫ਼ਰ ’ਤੇ ਬਣੀ ਦਸਤਾਵੇਜ਼ੀ ਫ਼ਿਲਮ ‘ਸਦਾ ਸਫ਼ਰ ‘ਤੇ’ ਯਾਦਗਾਰੀ ਨਿਸ਼ਾਨੀ ਹੈ। ਪਲਸ ਮੰਚ ਦੀ ਇਕਾਈ ਲੋਕ ਸੰਗੀਤ ਮੰਡਲੀ ਭਦੌੜ ਵੱਲੋਂ ਮਾਸਟਰ ਰਾਮ ਕੁਮਾਰ ਦੀ ਸੰਗੀਤ ਨਿਰਦੇਸ਼ਨ ’ਚ ਤਿਆਰ ਆਡੀਓ ਕੈਸਿਟ ‘ਦੁੱਲਾ ਸੂਰਮਾ’ ਵਿਚ ਸੂਤਰਧਾਰ ਦੀ ਆਵਾਜ਼ ਮਾਸਟਰ ਤਰਲੋਚਨ ਨੇ ਦਿੱਤੀ।
ਉਹ 10 ਅਗਸਤ ਦੀ ਸ਼ਾਮ ਸਮਰਾਲਾ ਆਪਣੇ ਘਰ ਨੂੰ ਸਕੂਟਰੀ ’ਤੇ ਆਪਣੀ ਸਾਈਡ ’ਤੇ ਜਾ ਰਹੇ ਸਨ, ਸਾਹਮਣਿਓਂ ਆਉਂਦੀ ਥਾਰ ਗੱਡੀ ਦੀ ਲਪੇਟ ’ਚ ਆਉਣ ਕਾਰਨ ਰੰਗਮੰਚ ਅਤੇ ਲੋਕ ਸਰਗਰਮੀਆਂ ਦੇ ਕਾਫ਼ਲੇ ਨੂੰ ਸਦੀਵੀ ਵਿਛੋੜਾ ਦੇ ਗਏ।
ਸੰਪਰਕ: 98778-68710

Advertisement

Advertisement
Advertisement
Author Image

joginder kumar

View all posts

Advertisement