ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੌਧਰ ਦੀ ਭੁੱਖ

11:40 AM Oct 15, 2023 IST
ਗੁਰਦਿਆਲ ਦਲਾਲ

ਇਸ ਸਾਲ ਜੂਨ ਦਾ ਇੱਕ ਦਿਨ ਬਹੁਤ ਗਰਮ ਸੀ। ਕਾਂ ਅੱਖ ਨਿਕਲਦੀ ਸੀ ਤੇ ਸਾਰੇ ਪੰਛੀ ਪਤਾ ਨਹੀਂ ਕਿੱਥੇ ਗੁੰਮ ਹੋ ਗਏ ਸਨ। 34 ਡਿਗਰੀ ਤੋਂ ਦੁਪਹਿਰ ਤੱਕ ਤਾਪਮਾਨ 43 ਡਿਗਰੀ ’ਤੇ ਪੁੱਜ ਗਿਆ ਸੀ। ਨੂੰਹ ਤਾਂ ਪਹਿਲਾਂ ਹੀ ਬੱਚਿਆਂ ਨੂੰ ਲੈ ਕੇ ਪੇਕੇ ਜਾ ਚੁੱਕੀ ਸੀ। ਬੇਟਾ, ਮੇਰੀ ਪਤਨੀ ਅਤੇ ਮੈਂ ਇੱਕ ਕਮਰੇ ਵਿੱਚ ਪੱਖਾ ਅਤੇ ਏ.ਸੀ. ਲਾਈ ਸਮੇਂ ਨੂੰ ਧੱਕਾ ਲਾ ਰਹੇ ਸਾਂ। ਅਚਾਨਕ ਇੰਝ ਲੱਗਾ ਜਿਵੇਂ ਏਸੀ ਨੇ ਠੰਢੀ ਹਵਾ ਦੇਣੀ ਬੰਦ ਕਰ ਦਿੱਤੀ ਹੋਵੇ।
‘‘ਏ.ਸੀ. ਖ਼ਰਾਬ ਹੋ ਗਿਆ। ਮਕੈਨਿਕ ਸੱਦਣਾ ਪਵੇਗਾ।’’ ਬੇਟੇ ਨੇ ਐਲਾਨ ਕੀਤਾ।
‘‘ਜੇ ਨੰਬਰ ਹੈਗਾ ਏ ਸੱਦ ਲੈ ਫੋਨ ਕਰ ਕੇ। ਮਰੇ ਜਾਂਦੇ ਹਾਂ ਗਰਮੀ ਵਿੱਚ,’’ ਪਤਨੀ ਨੇ ਉਸ ਦੀ ਹਾਂ ਵਿੱਚ ਹਾਂ ਮਿਲਾਈ।
‘‘ਵੋਲਟੇਜ ਘੱਟ ਵੱਧ ਹੋ ਜਾਂਦੀ ਏ ਕਈ ਵਾਰੀ। ਥੋੜ੍ਹਾ ਉਡੀਕ ਕਰ ਲਵੋ। ਆਪੇ ਠੀਕ ਹੋਜੂ।’’ ਮੈਂ ਵੀ ਬੋਲਣੋਂ ਨਾ ਰਹਿ ਸਕਿਆ।
ਜਿਵੇਂ ਕਿ ਅਕਸਰ ਹੁੰਦਾ ਹੈ, ਉਮਰ ਦੇ ਇਸ ਪੜਾਅ ਉੱਤੇ ਬਜ਼ੁਰਗਾਂ ਦੀ ਗੱਲ ਨੂੰ ਬਹੁਤਾ ਵਜ਼ਨ ਨਹੀਂ ਦਿੱਤਾ ਜਾਂਦਾ। ਸਭ ਸੋਚਦੇ ਨੇ ਕਿ ਸੱਤਰੇ-ਬਹੱਤਰੇ ਬੰਦੇ ਦੀ ਅਕਲ ਘਾਹ ਚਰਨ ਚਲੀ ਜਾਂਦੀ ਹੈ ਜੋ ਮਰਨ ਤੱਕ ਨਹੀਂ ਮੁੜਦੀ। ਜੋ ਪਤੀ ਕਹਿੰਦਾ ਹੈ ਉਹ ਪਤਨੀ ਲਈ ਸੌ ਫ਼ੀਸਦੀ ਝੂਠ ਤੇ ਸਵਾਸ, ਪਰ ਜੋ ਪੁੱਤਰ ਕਹਿੰਦਾ ਹੈ ਉਹ ਸੌ ਫ਼ੀਸਦੀ ਸੱਚ ਤੇ ਸਹੀ ਹੁੰਦਾ ਹੈ। ਇਸ ਲਈ ਉਹ ਉਸ ਦੇ ਵਿਚਾਰ ਉੱਤੇ ਠੱਪਾ ਲਗਾਉਣ ਤੋਂ ਕਦੀ ਨਹੀਂ ਖੁੰਝਦੀ। ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਵਾਲੀ ਅਖਾਉਤ ਅੱਜਕੱਲ੍ਹ ਦੇ ਬਹੁਤੇ ਜੁਆਕਾਂ ਲਈ ਸਮਾਂ ਵਿਹਾ ਚੁੱਕੀ ਬਾਤ ਹੈ। ਦਰਅਸਲ ਔਰਤ ਪਤੀ ਦੀ ਥਾਂ ਪੁੱਤ ਨੂੰ ਅਹਿਮੀਅਤ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ ਹਰ ਗੱਲ ਵਿੱਚ ਉਹ ਦੋਵੇਂ ਮਿਲ ਕੇ ਬਜ਼ੁਰਗ ਨੂੰ ਜ਼ਲੀਲ ਕਰਨ ਦਾ ਮੌਕਾ ਨਹੀਂ ਖੁੰਝਾਉਂਦੇ। ਸਾਰੀ ਉਮਰ ਫਰਮਾਂਬਰਦਾਰ ਰਹਿਣ ਵਾਲੀ ਪਤਨੀ ਜੱਜ ਵਾਂਗ ਫ਼ੈਸਲੇ ਸੁਣਾਉਣੇ ਸ਼ੁਰੂ ਕਰ ਦਿੰਦੀ ਹੈ ਕਿ ਨਹੀਂ ਤੁਹਾਨੂੰ ਕੀ ਪਤਾ, ਇਹ ਗੱਲ ਇਸ ਤਰ੍ਹਾਂ ਨਹੀਂ, ਉਵੇਂ ਹੈ ਜਿਵੇਂ ਬੇਟਾ ਕਹਿੰਦਾ ਹੈ।
ਸੇ ਮੇਰੀ ਗੱਲ ਨੂੰ ਖਟਾਈ ਵਿੱਚ ਪਾ ਕੇ ਬੇਟੇ ਨੇ ਏ.ਸੀ. ਮਕੈਨਿਕ ਨੂੰ ਫੋਨ ਕੀਤਾ। ਉਸ ਨੇ ਦੱਸਿਆ ਕਿ ਕਿਸੇ ਸੈਣੀ ਨਾਂ ਦੇ ਬੰਦੇ ਕੋਲੋਂ ਸਟੈਬੇਲਾਈਜ਼ਰ ਚੈੱਕ ਕਰਵਾ ਲਵੋ।
‘‘ਬਿਜਲੀ ਵਾਲਾ ਸੱਦਣਾ ਪਵੇਗਾ। ਸਟੈਬੇਲਾਈਜ਼ਰ ਖੋਲ੍ਹ ਕੇ ਲੈ ਜਾਣਾ ਏ।” ਬੇਟਾ ਬੋਲਿਆ।
‘‘ਫੋਨ ਕਰ ਕੇ ਬੁਲਾ ਲੈ। ਖੋਲ੍ਹ ਜਾਵੇਗਾ।” ਪਤਨੀ ਬੋਲੀ।
‘‘ਆਹੋ ਪੈਸੇ ਹੀ ਬਹੁਤੇ ਨੇ ਤੁਹਾਡੇ ਕੋਲ। ਸੌ ਰੁਪਏ ਲਊ ਉਹ। ਮੈਂ ਖੋਲ੍ਹ ਦਿਆਂ?” ਮੈਂ ਪੁੱਛਿਆ।
‘‘ਤੁਸੀਂ ਕਿਵੇਂ ਖੋਲ੍ਹ ਲਵੋਗੇ? ਸੱਦ ਲੈਂਦੇ ਹਾਂ ਬਿਜਲੀ ਵਾਲਾ।” ਉਹ ਬੋਲਿਆ।
‘‘ਨਹੀਂ, ਤੁਸੀਂ ਨਹੀਂ ਖੋਲ੍ਹਣਾ। ਕਰੰਟ ਲੁਆਉਣਾ ਏ?” ਪਤਨੀ ਬੋਲੀ।
‘‘ਪਲੱਗ ਕੱਢ ਕੇ ਹੀ ਖੋਲ੍ਹਾਂਗਾ। ਮੈਂ ਨਿਆਣਾਂ?” ਮੈਂ ਪੇਚਕਸ ਚੁੱਕਿਆ ਤੇ ਸਟੈਬੇਲਾਈਜ਼ਰ ਖੋਲ੍ਹ ਕੇ ਬੇਟੇ ਨੂੰ ਫੜਾ ਦਿੱਤਾ। ਉਹ ਬੜਾ ਹੈਰਾਨ ਹੋਇਆ ਕਿ ਮੈਂ ਐਨਾ ਔਖਾ ਕੰਮ ਚੁਟਕੀ ਵਿੱਚ ਕਿਵੇਂ ਕਰ ਦਿੱਤਾ ਸੀ।
ਖ਼ੈਰ! ਕੜਕਦੀ ਧੁੱਪ ਵਿੱਚ ਉਹ ਸਟੈਬੇਲਾਈਜ਼ਰ ਲੈ ਕੇ ਸੈਣੀ ਦੀ ਦੁਕਾਨ ’ਤੇ ਜਾ ਪੁੱਜਾ ਤੇ ਛੇਤੀ ਹੀ ਵਾਪਸ ਆ ਗਿਆ। ਅਖੇ, ਸਟੈਬੇਲਾਈਜ਼ਰ ਤਾਂ ਠੀਕ ਹੈ, ਪਰ ਇਸ ਦੀ ਰੇਂਜ ਵੱਧ ਵਾਲੀ ਹੈ। ਦੂਜੇ ਕਮਰੇ ਵਾਲੇ ਏਸੀ ਦੇ ਸਟੈਬੇਲਾਈਜ਼ਰ ਦੀ ਰੇਂਜ ਘੱਟ ਵਾਲੀ ਹੈ। ਦੋਵਾਂ ਨੂੰ ਬਦਲ ਦਿਓ।
‘‘ਫਿਰ ਹੁਣ ਤੱਕ ਕਿਵੇਂ ਚਲਦਾ ਰਿਹਾ? ਇਸ ਦੀ ਲੋੜ ਤਾਂ ਨਹੀਂ, ਫੇਰ ਵੀ ਜੇ ਤੇਰੀ ਜ਼ਿੱਦ ਏ, ਲਿਆ ਪੇਚਕਸ, ਮੈਂ ਬਦਲ ਦਿੰਦਾ ਹਾਂ।’’ ਮੈਂ ਕਿਹਾ।
‘‘ਨਹੀਂ, ਤੁਹਾਥੋਂ ਨਹੀਂ ਇਹ ਹੋਣਾ। ਬਿਜਲੀ ਵਾਲੇ ਨੂੰ ਮੈਂ ਸੱਦ ਲਿਆ ਏ।” ਬੇਟਾ ਬੋਲਿਆ।
‘‘ਤੁਹਾਨੂੰ ਕੀ ਪਤਾ ਏ ਬਿਜਲੀ ਦੇ ਕੰਮ ਦਾ। ਮੁੰਡਾ ਜਿਵੇਂ ਕਰਦਾ ਏ ਕਰਨ ਦਿਆ ਕਰੋ।’’ ਪਤਨੀ ਨੇ ਵਕਾਲਤ ਕਰ ਕੇ ਬੇਟੇ ਦਾ ਸਾਥ ਦੇਣ ਲਈ ਆਪਣਾ ਫ਼ਰਜ਼ ਨਿਭਾਇਆ।
ਗਰਮੀ ਬਹੁਤ ਵਧਦੀ ਜਾ ਰਹੀ ਸੀ। ਮਰ ਗਏ ਮਰ ਗਏ ਹੋ ਰਹੀ ਸੀ। ਗਰਮੀ ਲੱਗਦੀ ਤਾਂ ਮੈਨੂੰ ਵੀ ਸੀ, ਪਰ ਮੈਂ ਕਹੀ ਗਿਆ, ‘‘ਮੈਨੂੰ ਤਾਂ ਲੱਗਦੀ
ਨਹੀਂ। ਕਿੱਥੇ ਐ ਗਰਮੀ!’’
‘‘ਬੜਾ ਔਖਾ ਏ ਏ.ਸੀ. ਬਿਨਾ ਤਾਂ!’’ ਪਤਨੀ ਮੇਰੇ ਵੱਲ ਵੇਖਦੀ ਬੋਲੀ।
‘‘ਤਿੰਨ ਪੇਚ ਹੀ ਕਸਣੇ ਨੇ। ਜੇ ਆਗਿਆ ਹੈ ਮੈਂ ਕਸ ਦਿੰਦਾ ਹਾਂ। ਦੇਖਿਓ ਇਸੇ ਸਟੈਬੇਲਾਈਜ਼ਰ ਨੇ ਚੱਲ ਪੈਣਾ ਏ। ਸ਼ਰਤ ਲਾ ਲਵੋ।’’ ਮੈਂ ਕਿਹਾ ਤਾਂ ਮਾਂ ਪੁੱਤ ਇਕੱਠੇ ਹੀ ਇੱਕ ਦੂਜੇ ਵੱਲ ਝਾਕ ਕੇ ਮੁਸਕਰਾਏ, ਜਿਵੇਂ ਕਹਿ ਰਹੇ ਹੋਣ, ਬੁੱਢਾ ਸੱਤਰਿਆ ਬਹੱਤਰਿਆ ਗਿਆ ਏ।
ਸੱਤ ਵਜੇ ਤੱਕ ਬਿਜਲੀ ਵਾਲਾ ਤਾਂ ਕੋਈ ਨਾ ਬਹੁੜਿਆ, ਪਰ ਜ਼ੋਰ ਦੀ ਹਨੇਰੀ ਜ਼ਰੂਰ ਆ ਗਈ। ਬਿਜਲੀ ਗੁਲ ਹੋ ਗਈ। ਇਨਵਰਟਰ ਡਿਊਟੀ ਦੇਣ ਲੱਗਾ। ਰੋਟੀਆਂ ਖਾਣ ਮਗਰੋਂ ਲੇਟ ਕੇ ਜਿਵੇਂ ਕਿਵੇਂ ਰਾਤ ਨੂੰ ਸਾਰੇ ਜਣੇ ਧੱਕਾ ਲਾਉਣ ਲੱਗੇ। ਥੋੜ੍ਹੀ ਦੇਰ ਮਗਰੋਂ ਹੀ ਇਨਵਰਟਰ ਵੀ ਸਤਿ ਸ੍ਰੀ ਅਕਾਲ ਕਹਿ ਗਿਆ। ਜੈਨਰੇਟਰ ਦਾ ਵੀ ਤੇਲ ਮੁੱਕਿਆ ਹੋਇਆ ਸੀ। ਜਾਗੋਮੀਟੀ ਕਰਦਿਆਂ ਅੱਧੀ ਰਾਤ ਬਿਜਲੀ ਆਈ। ਏ.ਸੀ. ਬਿਨਾ ਲਾਈਟ ਨੂੰ ਕੀ ਕਰਦੇ।
ਬੇਟਾ ਬੋਲਿਆ, ‘‘ਉਹੀ ਸਟੈਬੇਲਾਈਜ਼ਰ ਲਾ ਕੇ ਦੇਖ ਲਵੋ ਡੈਡੀ। ਸ਼ਾਇਦ ਚੱਲ ਹੀ ਪਵੇ ਏ.ਸੀ.।’’
‘‘ਹਾਂ ਹਾਂ ਲਾ ਦਿਉ। ਏ.ਸੀ. ਬਿਨਾ ਨਹੀਂ ਹੁਣ ਸਰਦਾ। ਪੱਖਾ ਤਾਂ ਜਿਵੇਂ ਪਹਿਲਾਂ ਹੀ ਹਰਿਆ ਪਿਐ।’’ ਪਤਨੀ ਬੋਲੀ।
‘‘ਫਜ਼ੂਲ ਗੱਲ ਏ। ਪਏ ਰਹੋ ਹੁਣ। ਏ.ਸੀ. ਕਿਵੇਂ ਚੱਲ ਪਊ?’’ ਮੈਂ ਕਿਹਾ।
ਜਦੋਂ ਉਹ ਮੁੜ ਮੁੜ ਤੰਗ ਕਰੀ ਗਏ। ਮੈਂ ਉੱਠ ਕੇ ਤਾਰਾਂ ਜੋੜ ਦਿੱਤੀਆਂ ਤੇ ਏ.ਸੀ. ਔਨ ਕਰ ਦਿੱਤਾ। ਏ.ਸੀ. ਤਾਂ ਚੰਗਾ ਭਲਾ ਚੱਲ ਰਿਹਾ ਸੀ। ਬੜੀ ਤੇਜ਼ੀ ਨਾਲ ਠੰਢੀ ਹਵਾ ਸਾਰੇ ਕਮਰੇ ਵਿੱਚ ਫੈਲ ਗਈ। ਉਹ ਸੌਂ ਗਏ ਸਨ ਪਰ ਮੈਨੂੰ ਹਾਸਾ ਆਈ ਜਾ ਰਿਹਾ ਸੀ। ਹਰ ਰੋਜ਼ ਮਨ ਹੀ ਮਨ ਫ਼ੈਸਲਾ ਕਰੀਦਾ ਹੈ ਕਿ ਆਪਣੇ ਆਪ ਨੂੰ ਸੱਤਰਿਆ-ਬਹੱਤਰਿਆ ਐਲਾਨ ਕੇ ਚੁੱਪ ਧਾਰ ਲਵਾਂ, ਪਰ ਉਹ ਮਜ਼ਾ ਚੁੱਪ ਧਾਰਨ ਵਿੱਚ ਨਹੀਂ ਜੋ ਚੌਧਰ ਘੋਟਣ ਵਿੱਚ ਹੁੰਦਾ ਹੈ। ਜਦ ਤੱਕ ਚੱਲਦੀਆਂ ਨੇ, ਚੌਧਰ ਤਾਂ ਘੋਟਦਾ ਹੀ ਰਹਾਂਗਾ।
ਸੰਪਰਕ: 98141-85363

Advertisement

Advertisement