ਵਾਰਡਬੰਦੀ ਸਹੀ ਢੰਗ ਨਾਲ ਨਾ ਹੋਣ ਕਾਰਨ ਚੱਠਾ ਸੇਖਵਾਂ ਵਾਸੀ ਨਿਰਾਸ਼
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 2 ਅਕਤੂਬਰ
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪਿੰਡ ਚੱਠਾ ਸੇਖਵਾਂ ਵਿੱਚ ਵਾਰਡਬੰਦੀ ਸਹੀ ਢੰਗ ਨਾਲ ਨਾ ਹੋਣ ਕਾਰਨ ਲੋਕਾਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਰੋਸ ਹੈ। ਇਸ ਸਬੰਧੀ ਮੁਲਾਜ਼ਮ ਆਗੂ ਹਰਵਿੰਦਰ ਸਿੰਘ ਚੱਠਾ ਨੇ ਦੱਸਿਆ ਕਿ ਪਿੰਡ ’ਚ ਵਾਰਡਬੰਦੀ ਸਹੀ ਢੰਗ ਨਾਲ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜੇਕਰ ਲੋਕ ਸੁਨਾਮ ਵੱਲੋਂ ਆਉਣ ਤਾਂ ਪਹਿਲਾ ਘਰ ਸੁਖਦੇਵ ਸਿੰਘ ਦਾ ਹੈ, ਜਿਸ ਨੂੰ ਵਾਰਡ ਨੰਬਰ ਇੱਕ ਵਿੱਚ ਵੋਟ ਨੰਬਰ 282 ਪਾਇਆ ਗਿਆ ਹੈ। ਦੂਸਰਾ ਘਰ ਦਿਆਲ ਸਿੰਘ ਦਾ ਹੈ ਜਿਸ ਨੂੰ ਵਾਰਡ ਨੰਬਰ ਤਿੰਨ ਵਿੱਚ ਵੋਟ ਨੰਬਰ 72 ਪਾਇਆ ਗਿਆ ਹੈ। ਤੀਜਾ ਘਰ ਸੁਖਦੇਵ ਸਿੰਘ ਦਾ ਹੈ ਜਿਸ ਨੂੰ ਵਾਰਡ ਨੰਬਰ ਪੰਜ ਵਿਚ ਪਾਇਆ ਗਿਆ ਹੈ। ਚੌਥਾ ਘਰ ਗਮਦੂਰ ਸਿੰਘ ਦਾ ਹੈ ਜਿਸ ਨੂੰ ਵਾਰਡ ਨੰਬਰ ਅੱਠ ਵਿਚ ਵੋਟ ਨੰਬਰ 99 ਪਾਇਆ ਗਿਆ ਹੈ। ਪੰਜਵਾਂ ਘਰ ਰਣਜੀਤ ਸਿੰਘ ਦਾ ਹੈ ਜਿਸ ਨੂੰ ਵਾਰਡ ਨੰਬਰ ਪੰਜ ਵਿਚ ਪਾਇਆ ਗਿਆ ਹੈ। ਇਸ ਤੋਂ ਅਗਲਾ ਘਰ ਹੈਪੀ ਸਿੰਘ ਦਾ ਹੈ ਜਿਸ ਨੂੰ ਵਾਰਡ ਨੰਬਰ ਪੰਜ ਵਿਚ ਪਾਇਆ ਗਿਆ ਹੈ। ਉਸ ਤੋਂ ਅਗਲਾ ਘਰ ਸੁਰਜੀਤ ਸਿੰਘ ਦਾ ਹੈ ਜਿਸ ਨੂੰ ਵਾਰਡ ਨੰਬਰ ਤਿੰਨ ਵਿੱਚ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋ ਉਮੀਦਵਾਰ ਜਗਦੀਪ ਸਿੰਘ ਵਾਰਡ ਨੰਬਰ ਸੱਤ ਵਿੱਚ ਖੜ੍ਹਾ ਸੀ, ਉਸ ਦੇ ਸਾਰੇ ਪਰਿਵਾਰ ਦੀਆਂ ਵੋਟਾਂ ਨੌ ਨੰਬਰ ਵਾਰਡ ਵਿੱਚ ਪਾ ਦਿੱਤੀਆਂ ਹਨ ਜਿਸ ਕਾਰਨ ਪਿੰਡ ਵਿੱਚ ਜਿੱਥੇ ਧੜੇਬੰਦੀ ਵਧ ਰਹੀ ਹੈ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਹ ਪ੍ਰਗਟਾਇਆ ਜਾ ਰਿਹਾ ਹੈ। ਸਮੁੱਚੇ ਪਿੰਡ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਵੋਟਰ ਸੂਚੀ ਨੂੰ ਪੜਤਾਲ ਕਰਵਾ ਕੇ ਜ਼ਿੰਮੇਵਾਰ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਪਿੰਡ ਵਿੱਚ ਲੜਾਈ ਝਗੜਾ ਹੋਣ ਤੋਂ ਬਚਾਅ ਹੋ ਸਕੇ।