For the best experience, open
https://m.punjabitribuneonline.com
on your mobile browser.
Advertisement

ਸੁਰੀਲੀ ਆਵਾਜ਼ ਦਾ ਮਾਲਕ ਚਾਤ੍ਰਿਕ

08:32 AM Jul 08, 2023 IST
ਸੁਰੀਲੀ ਆਵਾਜ਼ ਦਾ ਮਾਲਕ ਚਾਤ੍ਰਿਕ
Advertisement

ਗੁਰਮੀਤ ਸਿੰਘ

ਚਾਤ੍ਰਿਕ ਪੰਛੀ ਨੂੰ ਬੰਬੀਹਾ, ਪਪੀਹਾ ਅਤੇ ਸਾਰੰਗ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨੂੰ ਅੰਗਰੇਜ਼ੀ ਵਿੱਚ ਜੈਕੋਬਿਨ ਕੁੱਕੂ (Jacobin Cuckoo) ਅਤੇ ਹਿੰਦੀ ਵਿੱਚ ਕਾਲਾ ਪਪੀਹਾ ਜਾਂ ਚਾਤਕ ਕਹਿੰਦੇ ਹਨ। ਇਹ ਕੋਇਲ ਪਰਿਵਾਰ ਦਾ ਮੈਂਬਰ ਹੈ। ਚਾਤ੍ਰਿਕ ਅਫ਼ਰੀਕਾ ਵਿੱਚ ਸਹਾਰਾ ਦੇ ਦੱਖਣ ਵਿੱਚ ਅਤੇ ਭਾਰਤ ਵਿੱਚ ਹਿਮਾਲਿਆ ਦੇ ਦੱਖਣ ਵਿੱਚ ਪਾਏ ਜਾਂਦੇ ਹਨ। ਇਸ ਪੰਛੀ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰ ਆਉਂਦਾ ਹੈ।
ਚਾਤ੍ਰਿਕ ਨੂੰ ਬਰਸਾਤੀ ਪਪੀਹੇ ਕਰਕੇ ਵੀ ਜਾਣਿਆ ਜਾਂਦਾ ਹੈ। ਇਹ ਮੌਨਸੂਨ ਦੀਆਂ ਹਵਾਵਾਂ ਦੇ ਅੱਗੇ-ਅੱਗੇ ਉੱਤਰੀ ਭਾਰਤ ਦੇ 2500 ਮੀਟਰ ਉੱਚਾਈ ਤੱਕ ਵਾਲੇ ਇਲਾਕਿਆਂ ਵਿੱਚ ਅਫ਼ਰੀਕਾ ਤੋਂ ਆਉਂਦਾ ਹੈ। ਇਸ ਦੇ ਕਾਲੇ ਚਿੱਟੇ ਰੰਗ ਕਰਕੇ ਇਸ ਨੂੰ ਕਾਲਾ ਪਪੀਹਾ ਵੀ ਕਹਿੰਦੇ ਹਨ। ਇਸ ਦੇ ਸਿਰ ਉੱਤੇ ਛੋਟੇ-ਛੋਟੇ ਖੰਭ ਖੜ੍ਹੇ ਰਹਿਣ ਕਰਕੇ ਇਸ ਨੂੰ ਬੋਦੀ ਵਾਲਾ ਪਪੀਹਾ ਅਤੇ ਅੰਗਰੇਜ਼ੀ ਵਿੱਚ ਪਾਈਡ ਕਰੈਸਟਿਡ ਕੁੱਕੂ ਕਰਕੇ ਵੀ ਜਾਣਿਆ ਜਾਂਦਾ ਹੈ।
ਇਹ ਮੈਨਾ ਦੇ ਕੱਦ-ਕਾਠ ਜਿੰਨਾ ਪੰਛੀ ਹੈ। ਇਸ ਦੀ ਧੌਣ ਤੇ ਪੂਛ ਬਹੁਤ ਲੰਬੀ ਹੁੰਦੀ ਹੈ। ਇਸ ਦੇ ਸਰੀਰ ਦੀ ਲੰਬਾਈ 34 ਤੋਂ 35 ਸੈਂਟੀਮੀਟਰ ਅਤੇ ਭਾਰ 66 ਗ੍ਰਾਮ ਹੁੰਦਾ ਹੈ। ਇਸ ਦੇ ਸਰੀਰ ਦਾ ਰੰਗ ਚਮਕੀਲਾ ਕਾਲਾ ਅਤੇ ਚਿੱਟਾ ਹੁੰਦਾ ਹੈ, ਜਿਸ ਵਿੱਚ ਸਿਰ ਦੇ ਉੱਪਰਲਾ ਪਾਸਾ ਅਤੇ ਪਿੱਠ ਦਾ ਪਿਛਲਾ ਪਾਸਾ ਕਾਲਾ ਅਤੇ ਧੌਣ, ਛਾਤੀ ਤੇ ਢਿੱਡ ਵਾਲਾ ਪਾਸਾ ਚਿੱਟਾ ਹੁੰਦਾ ਹੈ। ਪਰਾਂ ਉਤੇ ਗੋਲ ਚਿੱਟੇ ਚੱਟਾਕ ਹੁੰਦੇ ਹਨ। ਪੂਛ ਸਿਰੇ ਤੋਂ ਚਿੱਟੀ ਦਿਖਦੀ ਹੈ। ਅੱਖਾਂ ਤੇ ਪੰਜੇ ਕਾਲੇ ਹੁੰਦੇ ਹਨ।
ਇਨ੍ਹਾਂ ਸੁਰੀਲੀ ਆਵਾਜ਼ ਵਾਲੇ ਪਪੀਹਿਆਂ ਨੂੰ ਵੱਡੇ ਦਰੱਖਤਾਂ ਦੀਆਂ ਟੀਸੀਆਂ, ਸੰਘਣੇ ਜੰਗਲਾਂ, ਬਾਗਾਂ, ਇਨਸਾਨੀ ਵਸੋਂ ਦੇ ਨੇੜੇ ਤੇੜੇ ਦੀਆਂ ਨਹਿਰਾਂ, ਸੜਕਾਂ ਅਤੇ ਦਰਿਆਵਾਂ ਦੇ ਨੇੜੇ ਉੱਗੇ ਵੱਡੇ ਦਰੱਖਤਾਂ ਉੱਤੇ ਮੰਡਰਾਉਂਦੇ ਵੇਖਿਆ ਜਾ ਸਕਦਾ ਹੈ। ਇਹ ਦਰੱਖਤਾਂ ਅਤੇ ਝਾੜੀਆਂ ਵਿੱਚੋਂ ਕੀੜੇ ਮਕੌੜੇ ਫੜਕੇ ਖਾਂਦੇ ਹਨ। ਇਹ ਵਾਲਾਂ ਵਾਲੀਆਂ ਸੁੰਡੀਆਂ ਨੂੰ ਬਹੁਤ ਪਸੰਦ ਕਰਦੇ ਹਨ। ੲਿਹ ਕਈ ਵਾਰ ਬੇਰ ਅਤੇ ਗੋਲ੍ਹਾਂ ਨੂੰ ਵੀ ਖਾ ਲੈਂਦੇ ਹਨ। ਚਾਤ੍ਰਿਕ ਪੰਛੀ ਵੀ ਕੋਇਲ ਦੀ ਤਰ੍ਹਾਂ ਆਲ੍ਹਣਾ ਨਹੀਂ ਬਣਾਉਂਦੇ ਬਲਕਿ ਮਾਦਾ ਨੀਲੇ ਆਂਡੇ ਸੇਰੜੀਆਂ ਦੇ ਆਲ੍ਹਣੇ ਵਿੱਚ ਇੱਕ ਜਾਂ ਦੋ-ਦੋ ਕਰਕੇ ਦੇ ਦਿੰਦੇ ਹਨ। ਕੁਦਰਤੀ ਤੌਰ ’ਤੇ ਚਾਤ੍ਰਿਕ ਤੇ ਸੇਰੜੀਆਂ ’ਤੇ ਪ੍ਰਜਣਨ ਦੀ ਬਹਾਰ ਜੂਨ ਤੋਂ ਅਗਸਤ ਤੱਕ ਹੁੰਦੀ ਹੈ। ਚਾਤ੍ਰਿਕ ਦੇ ਬੱਚੇ 17-18 ਦਿਨਾਂ ਬਾਅਦ ਵੱਡੇ ਹੋ ਕੇ ਉੱਡ ਜਾਂਦੇ ਹਨ ਅਤੇ ਇੱਕ ਮਹੀਨੇ ਬਾਅਦ ਪੂਰੀ ਤਰ੍ਹਾਂ ਆਜ਼ਾਦ ਹੋ ਜਾਂਦੇ ਹਨ।
ਪੰਜਾਬ ਵਿੱਚ ਪਪੀਹੇ ਦੀਆਂ 7 ਤੋਂ 8 ਕਿਸਮਾਂ ਜੋ ਕਿ ਵੱਖ -ਵੱਖ ਨਾਵਾਂ ਤੋਂ ਜਾਣੀਆਂ ਜਾਂਦੀਆਂ ਹਨ, ਵੇਖਣ ਵਿੱਚ ਆਉਂਦੀਆਂ ਹਨ। ਚਾਤ੍ਰਿਕ ਨੂੰ ਆਈ.ਯੂ.ਸੀ.ਐੱਨ. ਦੀ ਲਾਲ ਸੂਚੀ ਵਿੱਚ ਸਭ ਤੋਂ ‘ਘੱਟ ਚਿੰਤਾ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਅਤੇ ਅੱਜ ਇਸ ਦੀ ਗਿਣਤੀ ਸਥਿਰ ਹੈ। ਭਾਰਤ ਸਰਕਾਰ ਨੇ ਇਸ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸੋਧ ਐਕਟ 2022 ਵਿੱਚ ਰੱਖ ਕੇ ਸੁਰੱਖਿਆ ਦਿੱਤੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910

Advertisement

Advertisement
Advertisement
Tags :
Author Image

joginder kumar

View all posts

Advertisement