For the best experience, open
https://m.punjabitribuneonline.com
on your mobile browser.
Advertisement

ਕ੍ਰਿਸ਼ਮਈ ਸ਼ਖ਼ਸੀਅਤ ਜਤਿੰਦਰ ਪਾਲ ਸਿੰਘ ਓਬਰਾਏ

12:10 PM Jan 28, 2024 IST
ਕ੍ਰਿਸ਼ਮਈ ਸ਼ਖ਼ਸੀਅਤ ਜਤਿੰਦਰ ਪਾਲ ਸਿੰਘ ਓਬਰਾਏ
Advertisement

ਸੁਭਾਸ਼ ਪਰਿਹਾਰ

ਨਵੀਆਂ ਲੀਹਾਂ

ਵਿਸ਼ਵ ਪੱਧਰ ਦੇ ਸਮਾਜ-ਸ਼ਾਸਤਰੀ ਅਤੇ ਦਾਰਸ਼ਨਿਕ ਮਾਨਵ-ਵਿਗਿਆਨੀ ਪ੍ਰੋਫੈਸਰ ਜਤਿੰਦਰ ਪਾਲ ਸਿੰਘ ਓਬਰਾਏ ਦੀ ਭਾਰਤੀ ਸਮਾਜ ਵਿਗਿਆਨ ਦੇ ਖੇਤਰ ਵਿੱਚ ਮੁੱਖ ਦੇਣ ਵਿਕਲਪਿਕ ਪੈਰਾਡਾਈਮ (alternate paradigm) ਸਥਾਪਤ ਕਰਨ ਸਬੰਧੀ ਹੈ। ਇਸ ਨੇ ਪੱਛਮ ਦੇ ਗੈਰ-ਪੱਛਮੀ ਅਧਿਐਨ ਲਈ ਸਪੇਸ ਸਿਰਜੀ ਅਤੇ ਯੂਰਪੀਅਨ ਵਿਗਿਆਨ ਤੇ ਆਧੁਨਿਕਤਾ ਦੇ ਇਤਿਹਾਸ ਦੇ ਵੱਖਰੇ ਕੋਣ ਤੋਂ ਅਧਿਐਨ ਲਈ ਰਾਹ ਪੱਧਰਾ ਕੀਤਾ। ਉਹ ਪੰਜਾਬੀ, ਫ਼ਾਰਸੀ ਅਤੇ ਅੰਗਰੇਜ਼ੀ ਦੇ ਮਹਾਨ ਵਿਦਵਾਨ ਪ੍ਰੋਫੈਸਰ ਮੋਹਨ ਸਿੰਘ (ਓਬਰਾਏ) ਦੀਵਾਨਾ ਦਾ ਪੁੱਤਰ ਸੀ। ਡਾ. ਜਤਿੰਦਰ ਪਾਲ ਸਿੰਘ ਓਬਰਾਏ ਦੀ ਜੀਵਨ ਸਾਥਣ ਪੈਟਰੀਸ਼ੀਆ ਓਬਰਾਏ ਵੀ ਉੱਘੀ ਸਮਾਜ-ਸ਼ਾਸ਼ਤਰੀ ਹੈ।
ਡਾ. ਓਬਰਾਏ ਦੇ ਪਿਛੋਕੜ ’ਤੇ ਨਜ਼ਰ ਮਾਰਨ ’ਤੇ ਪਤਾ ਲੱਗਦਾ ਹੈ ਕਿ ਉਸ ਨੇ ਸਰਕਾਰੀ ਕਾਲਜ, ਲੁਧਿਆਣਾ ਤੋਂ ਗਣਿਤ ਏ-ਬੀ ਕੋਰਸ ਅਤੇ ਇੰਗਲਿਸ਼ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ ਸੀ। ਫਿਰ 1950ਵਿਆਂ ਵਿੱਚ ਲੰਡਨ ਦੇ ਯੂਨੀਵਰਸਿਟੀ ਕਾਲਜ ਤੋਂ ਦੂਰਸੰਚਾਰ ਇੰਜੀਨੀਅਰਿੰਗ ਵਿੱਚ ਬੀ.ਐੱਸਸੀ. ਕਰ ਲਈ। ਇਸ ਤੋਂ ਬਾਅਦ ਉਸ ਨੇ ਵਿਗਿਆਨ ਅਤੇ ਤਕਨਾਲੋਜੀ ਦੀ ਦੁਨੀਆ ਤੋਂ ਸਮਾਜਿਕ ਵਿਗਿਆਨ ਵੱਲ ਮੋੜ ਕੱਟ ਲਿਆ। ਇੰਗਲੈਂਡ ਵਿਖੇ ਹੀ ਮੈਨਚੈਸਟਰ ਯੂਨੀਵਰਸਿਟੀ ਵਿੱਚ ਅਧਿਐਨ ਦੌਰਾਨ ਉਸ ਨੇ 1962 ਵਿੱਚ ਪਹਿਲੀ ਕਿਤਾਬ ‘ਪਾਲੀਟਿਕਸ ਆਫ ਦਿ ਕੁਲਾ ਰਿੰਗ: ਐਨ ਅਨੈਲੈਸਿਸ ਆਫ ਦਿ ਫਾਈਡਿੰਗਜ਼ ਆਫ ਬ੍ਰੋਨਿਸਲਾਅ ਮੈਲੀਨੋਵਸਕੀ’ (Politics of the Kula Ring: An Analysis of the Findings of Bronislaw Malinowski) ਪ੍ਰਕਾਸ਼ਿਤ ਕਰਵਾਈ। ਦੋ ਸਾਲ ਬਾਅਦ 1964 ਵਿੱਚ ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ ਤੋਂ ਉੱਘੇ ਮਾਨਵ-ਵਿਗਿਆਨੀ ਮੈਕਸ ਗਲਕਮੈਨ ਦੀ ਨਿਗਰਾਨੀ ਅਧੀਨ ‘ਆਰਗੇਨਾਈਜ਼ੇਸ਼ਨ ਆਫ ਦਿ ਤਾਜਿਕਸ ਆਫ ਅੰਦਰਾਬ ਵੈੱਲੀ, ਅਫ਼ਗ਼ਾਨਿਸਤਾਨ’ (Organisation of the Tajiks of Andarab Valley, Afghanistan) ਵਿਸ਼ੇ ’ਤੇ ਪੀਐੱਚ.ਡੀ. ਕਰ ਲਈ। 1960ਵਿਆਂ ਦੇ ਅਖੀਰ ਵਿੱਚ ਉਹ ਭਾਰਤ ਵਾਪਸ ਆ ਗਿਆ ਅਤੇ ਦਿੱਲੀ ਸਕੂਲ ਆਫ ਇਕਨਾਮਿਕਸ ਵਿੱਚ ਅਧਿਆਪਨ ਅਤੇ ਖੋਜ ਕਾਰਜ ਸ਼ੁਰੂ ਕੀਤਾ ਅਤੇ ਅਖੀਰ ਇੱਥੋਂ ਹੀ ਸੇਵਾਮੁਕਤ ਹੋਇਆ।
ਦਿੱਲੀ ਯੂਨੀਵਰਸਿਟੀ ਦੇ ਸਮਾਜ-ਸ਼ਾਸ਼ਤਰ ਵਿਭਾਗ ਨੂੰ ਮਜ਼ਬੂਤ ਨੀਹਾਂ ’ਤੇ ਸਥਾਪਤ ਕਰਨ ਲਈ ਸਮਾਜ-ਸ਼ਾਸਤਰੀ ਐੱਮ.ਐੱਨ. ਸ੍ਰੀਨਿਵਾਸ (1916-99) ਤੋਂ ਬਾਅਦ ਸਭ ਤੋਂ ਵੱਡਾ ਯੋਗਦਾਨ ਡਾ. ਓਬਰਾਏ ਅਤੇ ਉਸ ਦੇ ਸਹਿਕਰਮੀ ਪ੍ਰੋਫੈਸਰ ਆਂਦਰੇ ਬੈਟੇ ਦਾ ਸੀ। ਪ੍ਰੋ. ਓਬਰਾਏ ਦੀ ਇੱਕ ਵਿਲੱਖਣਤਾ ਇਹ ਸੀ ਕਿ ਉਸ ਨੇ ਸਿੱਖ ਧਰਮ ਬਾਰੇ ਇੱਕ ਕਿਤਾਬ ਤੋਂ ਸਿਵਾਏ ਸ਼ੁਰੂ ਤੋਂ ਹੀ ਆਪਣੀ ਖੋਜ ਦਾ ਵਿਸ਼ਾ ਭਾਰਤੀ ਸਮਾਜ ਨੂੰ ਨਹੀਂ ਬਣਾਇਆ। ਦਰਅਸਲ, ਉਸ ਦੀ ਰੁਚੀ ਮਾਨਵ-ਵਿਗਿਆਨ ਵਿੱਚ ਕਲਾਸੀਕਲ ਸਵਾਲਾਂ ਨੂੰ ਹੱਲ ਕਰਨ ਵਿੱਚ ਸੀ। ਉਸ ਦਾ ਕਹਿਣਾ ਸੀ ਕਿ ਉਹ ਮੂਲ ਰੂਪ ਵਿੱਚ ਭਾਰਤੀ ਸੀ, ਪਰ ਉਸ ਦਾ ਕੰਮ ਮਾਨਵ-ਵਿਗਿਆਨ ਵਿੱਚ ਸਨਾਤਨੀ ਸਵਾਲਾਂ ਨੂੰ ਸੁਲਝਾਉਣਾ ਹੈ।
ਪ੍ਰੋਫੈਸਰ ਸਤੀਸ਼ ਦੇਸ਼ਪਾਂਡੇ ਨੇ ਪ੍ਰੋਫੈਸਰ ਓਬਰਾਏ ਨਾਲ ਕੰਮ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਤੋਂ ਬਾਹਰ ਫੀਲਡ ਵਰਕ ਕਰਨ ਵਾਲੇ ਗਿਣਤੀ ਦੇ ਮਾਨਵ-ਵਿਗਿਆਨੀਆਂ ਵਿੱਚੋਂ ਇੱਕ ਸੀ। ਅਫ਼ਗ਼ਾਨਿਸਤਾਨ ਵਿੱਚ ਕੀਤਾ ਉਸ ਦਾ ਮਹੱਤਵਪੂਰਨ ਕੰਮ ਇਸ ਦੀ ਉਦਾਹਰਣ ਹੈ। ਪ੍ਰੋਫੈਸਰ ਓਬਰਾਏ ਆਪਣੇ ਵਿਦਿਆਰਥੀਆਂ ਲਈ ਬਹੁਤ ਪ੍ਰੇਰਦਾ ਸੀ ਅਤੇ ਉਨ੍ਹਾਂ ਨਾਲ ਬਹੁਤ ਸਮਾਂ ਬਿਤਾਉਂਦਾ ਸੀ। ਉਹ ਸੰਸਥਾ ਅਤੇ ਅਧਿਆਪਨ ਨੂੰ ਪੂਰੀ ਤਰ੍ਹਾਂ ਸਮਰਪਿਤ ਸੀ। ਉਸ ਵਿੱਚ ਆਪਣੇ ਆਪ ’ਤੇ ਹੱਸਣ ਦੀ ਯੋਗਤਾ ਵੀ ਸੀ।
ਕਿਸੇ ਵਿਦਵਾਨ ਪ੍ਰਤੀ ਸੱਚੀ ਸ਼ਰਧਾਂਜਲੀ ਉਸ ਦੀਆਂ ਲਿਖਤਾਂ ਬਾਰੇ ਜਾਣਨਾ ਹੈ। ਡਾ. ਓਬਰਾਏ ਨੇ ਇਹ ਛੇ ਕਿਤਾਬਾਂ ਲਿਖੀਆਂ ਸਨ:
ਆਪਣੀ ਕਿਤਾਬ ‘Politics of the Kula Ring: An Analysis of the Findings of Bronislaw Malinowski (Manchester University Press, 1962)’ ਵਿੱਚ ਉਸ ਨੇ ਪੋਲਿਸ਼-ਬ੍ਰਿਟਿਸ਼ ਮਾਨਵ ਵਿਗਿਆਨੀ ਬ੍ਰੋਨਿਸਲਾਅ ਮੈਲੀਨੋਵਸਕੀ ਦੁਆਰਾ 1914 ਤੋਂ 1918 ਤੱਕ ਪਾਪੂਆ ਨਿਊ ਗਿਨੀਆ ਦੇ ਟਰੋਬਰੀਐਂਡ ਟਾਪੂਆਂ ਤੋਂ ਇਕੱਤਰ ਕੀਤੇ ਅੰਕੜਿਆਂ ਪੁਨਰ-ਵਿਸ਼ਲੇਸ਼ਣ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਮਾਜਿਕ ਮਾਨਵ ਵਿਗਿਆਨ ਦੀ ਬਰਤਾਨਵੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਇਸ ਮੋਨੋਗ੍ਰਾਫ ਦਾ ਵੱਡਾ ਹਿੱਸਾ ਪਾਪੂਆ ਨਿਊ ਗਿਨੀਆ ਦੇ ਮਿਲਨੇ ਖਾੜੀ ਪ੍ਰਾਂਤ ਵਿੱਚ ਆਯੋਜਿਤ ਰਸਮੀ ਵਟਾਂਦਰਾ ਪ੍ਰਣਾਲੀ ‘ਕੁਲਾ ਰਿੰਗ’ ਦੇ ਵੱਖ-ਵੱਖ ਪਹਿਲੂਆਂ ਨਾਲ ਸੰਬੰਧਿਤ ਹੈ ਅਤੇ ਟਰੋਬਰੀਐਂਡ ਟਾਪੂਆਂ ਦੀਆਂ ਰਾਜਨੀਤਿਕ ਵੰਡਾਂ, ਪਿੰਡਾਂ ਦੀ ਬਣਤਰ, ਰਿਸ਼ਤੇਦਾਰਾਂ ਦੇ ਜੁੱਟ, ਵਿਆਹ ਅਤੇ ਤੋਹਫ਼ਿਆਂ ਦੇ ਆਦਾਨ-ਪ੍ਰਦਾਨ ਬਾਰੇ ਜਾਣਕਾਰੀ ਹੈ। ਓਬਰਾਏ ਸਬੂਤ ਇਕੱਠੇ ਕਰ ਕੇ ਆਪਣੀ ਵਿਆਖਿਆ ਲਈ ਠੋਸ ਆਧਾਰ ਤਿਆਰ ਕਰਦਾ ਹੈ। ਉਸ ਦੇ ਵਿਸ਼ਲੇਸ਼ਣ ਲਈ ਸਿਧਾਂਤਕ ਢਾਂਚਾ ਰੈਡਕਲਿਫ-ਬ੍ਰਾਊਨ ਦੇ ਗਠਜੋੜ ਜਾਂ ਸਾਂਝ ਦੇ ਸਬੰਧਾਂ ਦੇ ਸਿਧਾਂਤ ’ਤੇ ਆਧਾਰਿਤ ਹੈ। ਉਹ ਆਪਣੇ ਗੁਰੂ ਮੈਕਸ ਗਲਕਮੈਨ ਦੇ ਸਿਧਾਂਤ ’ਤੇ ਵੀ ਪਹਿਰਾ ਦਿੰਦਾ ਰਿਹਾ ਜਿਸ ਅਨੁਸਾਰ ਸਮਾਜਿਕ ਏਕਤਾ ਇਕਮੁੱਠਤਾ ਦੀ ਸਾਧਾਰਨ ਭਾਵਨਾ ਦੀ ਬਜਾਏ ਵਿਰੋਧੀ ਵਫ਼ਾਦਾਰੀ ’ਤੇ ਨਿਰਭਰ ਕਰਦੀ ਹੈ। ਉਸ ਨੇ ਇਸਦੀ ਰਾਜਨੀਤੀ ਦਾ ਵਧੀਆ ਅਤੇ ਯੋਜਨਾਬੱਧ ਖਾਕਾ ਪੇਸ਼ ਕਰਕੇ ਸਮਾਜ ਬਾਰੇ ਸਾਡੀ ਸਮਝ ਨੂੰ ਹੋਰ ਡੂੰਘਾ ਕੀਤਾ ਹੈ। ਇਸ ਕੰਮ ਨੂੰ ਵਿਦਵਾਨਾਂ ਨੇ ਸੱਭਿਆਚਾਰਕ ਤੌਰ ’ਤੇ ਬਹੁਤ ਅਹਿਮ ਮੰਨਿਆ ਹੈ।
ਸੰਖੇਪ ਲਿਖਤ Science and Culture (Oxford University Press, 1978) ਵਿੱਚ ਪ੍ਰੋਫੈਸਰ ਓਬਰਾਏ ਨੇ ਆਧੁਨਿਕ ਪੱਛਮੀ ਵਿਗਿਆਨ ਅਤੇ ਸੱਭਿਆਚਾਰ ਵਿੱਚ ਵਿਗਿਆਨ ਅਤੇ ਰਾਜਨੀਤੀ ਜਾਂ ਫਲਸਫ਼ੇ ਵਿਚਕਾਰ ਤੋੜ-ਵਿਛੋੜੇ ਵੱਲ ਧਿਆਨ ਦਿਵਾਇਆ ਹੈ। ਲੇਖਕ ਮੁਤਾਬਿਕ ਇਸ ਕਿਤਾਬ ਦਾ ਮੰਤਵ ‘ਵਿਗਿਆਨ’ ਤੇ ‘ਆਧੁਨਿਕਤਾ’ ਅਤੇ ਉਨ੍ਹਾਂ ਦੀਆਂ ਸਾਂਝੀਆਂ ਪੱਛਮੀ ਬੁਨਿਆਦਾਂ ਨਾਲ ਸਬੰਧਿਤ ਕੁਝ ਮਹੱਤਵਪੂਰਨ ਸਵਾਲਾਂ ’ਤੇ ਸੁਤੰਤਰ ਰਾਇ ਦੀ ਰੂਪਰੇਖਾ ਤਿਆਰ ਕਰਨਾ ਹੈ। ਯੂਰਪ ਦੇ ਇਸਾਈ ਜਗਤ ਵਿੱਚ ਸੋਲ੍ਹਵੀਂ ਸਦੀ ਦੌਰਾਨ ਵਾਪਰੇ ਸੁਧਾਰ ਅਤੇ ਵਿਰੋਧੀ-ਸੁਧਾਰ ਤੋਂ ਲੈ ਕੇ ਵੀਹਵੀਂ ਸਦੀ ਦੇ ਅੱਧ ਤੱਕ ਹੀਰੋਸ਼ੀਮਾ ’ਤੇ ਪਰਮਾਣੂ ਬੰਬ ਸੁੱਟਣ ਵਾਲੇ ਤੱਕ ਇਸ ਵਰਤਾਰੇ ਦੀ ਪੈੜ-ਚਾਲ ਨੱਪਦਿਆਂ ਲੇਖਕ ਵਿਗਿਆਨ ਅਤੇ ਭਵਿੱਖ ਦੀ ਯੂਨੀਵਰਸਿਟੀ, ਖ਼ਾਸ ਤੌਰ ’ਤੇ ਗੈਰ-ਪੱਛਮੀ ਸੰਸਾਰ ਤੋਂ ਸਬਕ ਲੈਣ ਲਈ ਪ੍ਰੇਰਦਾ ਹੈ।
ਜਰਮਨ ਭਾਸ਼ਾ ਦੇ ਕਵੀ, ਨਾਟਕਕਾਰ, ਨਾਵਲਕਾਰ, ਵਿਗਿਆਨੀ, ਰਾਜਨੇਤਾ, ਥੀਏਟਰ ਨਿਰਦੇਸ਼ਕ, ਅਤੇ ਆਲੋਚਕ ਯੂਹਾਨ ਵੁਲਫਗਾਂਗ ਗੇਟੇ (1749-1832) ਦੇ ਕੰਮ ਦਾ ਅਠਾਰ੍ਹਵੀਂ ਸਦੀ ਦੇ ਅੰਤ ਤੋਂ ਲੈ ਕੇ ਅੱਜ ਤੱਕ ਪੱਛਮੀ ਸਾਹਿਤਕ, ਰਾਜਨੀਤਿਕ ਅਤੇ ਦਾਰਸ਼ਨਿਕ ਵਿਚਾਰਾਂ ਉੱਤੇ ਡੂੰਘਾ ਅਤੇ ਵਿਆਪਕ ਪ੍ਰਭਾਵ ਰਿਹਾ ਹੈ। ਪਰ ਉਸ ਨੂੰ ਆਮ ਤੌਰ ’ਤੇ ਵਿਗਿਆਨੀ ਵਜੋਂ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ। ਡਾ. ਓਬਰਾਏ ਦੀ ਕਿਤਾਬ ‘The other mind of Europe: Goethe as a Scientist (Oxford University Press, 1984)’ ਗੇਟੇ ਦੇ ਬੌਟਨੀ ਅਤੇ ਆਪਟੀਕਲ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਉਸ ਦੀ ਦੇਣ ਦਾ ਨਵੇਂ ਸਿਰਿਓਂ ਮੁਲਾਂਕਣ ਕਰਦਿਆਂ ਸਿੱਧ ਕਰਦੀ ਹੈ ਕਿ ਗੇਟੇ ਦੀ ਵਿਗਿਆਨਕ ਵਿਧੀ ਦੀ ਪੈਰਾਸੇਲੀਅਨ ਧਾਰਨਾ (ਸ਼ੁਰੂਆਤੀ ਡਾਕਟਰੀ ਲਹਿਰ) ਪਰੰਪਰਾਵਾਦੀ (ਔਰਥੋਡਾਕਸ) ਵਿਧੀ ਲਈ ਇੱਕ ਮਹੱਤਵਪੂਰਨ ਅਤੇ ਅਜੇ ਵੀ ਢੁਕਵਾਂ ਵਿਕਲਪ ਹੈ। ਸੋਲ੍ਹਵੀਂ ਸਦੀ ਦਾ ਸਵਿਸ ਵਿਗਿਆਨੀ ਡਾਕਟਰ, ਕੀਮੀਆ ਵਿਗਿਆਨੀ, ਧਰਮ ਸ਼ਾਸਤਰੀ ਅਤੇ ਜਰਮਨ ਪੁਨਰਜਾਗਰਣ ਦਾ ਦਾਰਸ਼ਨਿਕ ਪੈਰਾਸੇਲਸਸ ‘ਮੈਡੀਕਲ ਕ੍ਰਾਂਤੀ’ ਦੇ ਕਈ ਪਹਿਲੂਆਂ ਵਿੱਚ ਮੋਢੀ ਸੀ। ਉਹ ਸਮਝ ਨਾਲ ਪ੍ਰਾਪਤ ਜਾਣਕਾਰੀ ਦੇ ਨਾਲ ਨਾਲ ਨਿਰੀਖਣ ਦੇ ਮੁੱਲ ’ਤੇ ਜ਼ੋਰ ਦਿੰਦਾ ਸੀ। ਡਾ. ਓਬਰਾਏ ਆਪਣੀ ਕਿਤਾਬ ਵਿੱਚ ਗੇਟੇ ਦੀ ਜਾਣਕਾਰੀ ਦੇ ਸਰੋਤਾਂ ਅਤੇ ਉਸ ਦੇ ਆਲੋਚਕਾਂ, ਦੋਵਾਂ ਦੀ ਜਾਂਚ ਕਰਦਾ ਹੈ।
ਇਹ ਵਿਲੱਖਣ ਲਿਖਤ ਇਤਿਹਾਸ ਦੇ ਖੋਜਕਾਰਾਂ ਅਤੇ ਵਿਗਿਆਨ ਦੇ ਦਾਰਸ਼ਨਿਕਾਂ ਲਈ ਬਹੁਤ ਦਿਲਚਸਪੀ ਭਰੀ ਹੈ।
‘Religion, civil society, and the state: a study of Sikhism (Oxford University Press, 1996)’ ਪ੍ਰੋ. ਓਬਰਾਏ ਦੀ ਇੱਕੋ ਇੱਕ ਕਿਤਾਬ ਹੈ ਜਿਸ ਦਾ ਵਿਸ਼ਾ ਨਿਰੋਲ ਭਾਰਤੀ ਸਿੱਖ ਧਰਮ ਨਾਲ ਸਬੰਧਿਤ ਹੈ। ਇਹ ਪੂਰੀ ਕਿਤਾਬ ‘ਆਧੁਨਿਕਤਾ’ ਦੀ ਆਲੋਚਨਾ ਨਾਲ ਲਬਰੇਜ਼ ਹੈ। ਆਧੁਨਿਕਤਾ ਦੀਆਂ ਅਜਿਹੀਆਂ ਆਲੋਚਨਾਵਾਂ ਕੋਈ ਨਵੀਆਂ ਨਹੀਂ ਹਨ, ਉਦਾਹਰਣ ਲਈ, ਸਬਾਲਟਰਨ ਸਟੱਡੀਜ਼ ਗਰੁੱਪ ਦੇ ਇਤਿਹਾਸਕਾਰ ਚਾਰ ਦਹਾਕਿਆਂ ਤੋਂ ਇਹ ਕੰਮ ਕਰ ਰਹੇ ਹਨ। ਪ੍ਰੋ. ਓਬਰਾਏ ਦੀ ਪੁਸਤਕ ਵਿਚਲੇ ਨਵੇਂ ਨੁਕਤੇ ਇਹ ਦਰਸਾਉਣ ਦੀ ਕੋਸ਼ਿਸ਼ ਹਨ ਕਿ ‘ਆਧੁਨਿਕਤਾ’ ਦੇ ਇਸ ਵਿਗਾੜ ਨੂੰ ਦੂਰ ਕਰਨ ਦੀ ਕੁੰਜੀ ਸਿੱਖ ਧਰਮ ਵਿੱਚ ‘ਸ਼ਹੀਦ’ ਦੇ ਤਸੱਵਰ ਵਿੱਚ ਹੈ।
ਡਾ. ਓਬਰਾਏ ਦੀ ਕਿਤਾਬ The European Modernity: Science, Truth, and Method (Oxford University Press, 2002) ਵਿਗਿਆਨ ਦੇ ਇਤਿਹਾਸ ਅਤੇ ਦਰਸ਼ਨ ਵਿੱਚ ਮਹੱਤਵਪੂਰਨ ਯੋਗਦਾਨ ਹੈ। ਇਹ ਅਧਿਐਨ ਯੂਨਾਨੀ ਦੇਵਤਾ ਹਰਮੇਸ ਦੀਆਂ ਸਿੱਖਿਆਵਾਂ ’ਤੇ ਆਧਾਰਿਤ ਹਰਮੇਟਿਕ ਪਰੰਪਰਾ ਦੇ ਸਬੰਧ ਵਿੱਚ ਯੂਰਪੀਅਨ ਆਧੁਨਿਕਤਾ ਦੀਆਂ ਬੁਨਿਆਦਾਂ, ਜੀਵਨ ਅਤੇ ਗਿਆਨ ਪ੍ਰਤੀ ਇਸ ਦੀ ਬ੍ਰਹਿਮੰਡੀ ਪਹੁੰਚ ਦੀ ਜਾਂਚ ਕਰਦਾ ਹੈ। ਡਾ. ਓਬਰਾਏ ਦੀ ਇਹ ਕਿਤਾਬ ਚੰਗਿਆਈ ਅਤੇ ਬੁਰਾਈ ਨੂੰ ਵੱਖ-ਵੱਖ ਸਮਝਦੇ ਪੱਛਮੀ ਦਵੈਤਵਾਦ ਦੀ ਆਲੋਚਨਾ ਕਰਦੀ ਹੈ ਅਤੇ ਪ੍ਰਮਾਣੂ ਬੰਬ ਤੋਂ ਬ੍ਰਹਿਮੰਡ ਦੀ ਬਣਤਰ ਤੱਕ ਇਸ ਦੇ ਨਤੀਜਿਆਂ ਨੂੰ ਸਮਝਣ ਦੀ ਕੋਸ਼ਿਸ਼ ਹੈ। ਪ੍ਰਮੁੱਖ ਪਰਿਕਲਪਨਾ ਇਹ ਹੈ ਕਿ ਸਵੈ, ਸੰਸਾਰ ਅਤੇ ਹੋਰਾਂ ਦੇ ਭਵਿੱਖ ਵਿੱਚ ਬਿਹਤਰ ਸਬੰਧ ਹੋ ਸਕਦੇ ਹਨ ਜਿੰਨੇ ਕਿ ਉਹ ਆਧੁਨਿਕ ਅਤੀਤ ਵਿੱਚ ਸਨ। ਲੇਖਕ ਯੂਰਪੀਅਨ ਵਿਗਿਆਨ ਅਤੇ ਧਰਮ ਵਿੱਚ ਆਧੁਨਿਕਤਾ ਦੀ ਸ਼ੁਰੂਆਤ ਦੀ ਖੋਜ ਤੋਂ ਸ਼ੁਰੂ ਕਰ ਕੇ ਆਧੁਨਿਕਤਾ ਦੇ ਅੰਤ ਦੀ ਚਰਚਾ ਵੱਲ ਵਧਦਾ ਹੈ। ਕਿਤਾਬ ਦੇ ਅਖੀਰਲੇ ਹਿੱਸੇ ਵਿੱਚ ਉਹ ਸਮਾਜ ਅਤੇ ਸਵੈ-ਨਿਰਭਰਤਾ, ਦੂਜੀ ਆਲਮੀ ਜੰਗ ਦੌਰਾਨ ਪਹਿਲਾ ਪਰਮਾਣੂ ਬੰਬ ਬਣਾਉਣ ਦੇ ਗੁਪਤ ਪ੍ਰੋਗਰਾਮ ‘ਮੈਨਹਟਨ ਪ੍ਰੋਜੈਕਟ’, ਅਤੇ ਭਾਰਤ ਵਿੱਚ ਭਾਸ਼ਾ ਤੇ ਬਹੁਲਵਾਦ ਦੀ ਰਾਜਨੀਤੀ ਦਾ ਵਿਸ਼ਲੇਸ਼ਣ ਕਰਦਾ ਹੈ।
ਪ੍ਰੋ. ਓਬਰਾਏ ਦੀ ਆਖ਼ਰੀ ਕਿਤਾਬ Mind and Society: From Indian Studies to General Sociology (Oxford University Press, 2019) ਉਸ ਦੇ 1968 ਤੋਂ 2013 ਦੌਰਾਨ ਲਿਖੇ 18 ਪੇਪਰਾਂ ਦਾ ਸੰਗ੍ਰਹਿ ਹੈ ਜਿਸ ਨੂੰ ਮਾਨਵ-ਵਿਗਿਆਨੀ ਅਤੇ ਅਭਿਨੇਤਾ ਖਾਲਿਦ ਤਇਅਬਜੀ ਨੇ ਸੰਪਾਦਿਤ ਕੀਤਾ ਹੈ। ਪ੍ਰੋ. ਓਬਰਾਏ ਦੇ ਪ੍ਰਮੁੱਖ ਵਿਚਾਰਾਂ ਨੂੰ ਉਜਾਗਰ ਕਰਦਿਆਂ ਇਹ ਸੰਗ੍ਰਹਿ ਪੱਛਮੀ ਸੰਸਾਰ ਦੇ ਦਰਸ਼ਨਾਂ ਅਤੇ ਸਮਾਜ ਸ਼ਾਸਤਰੀ ਸਿਧਾਂਤਾਂ ਦੇ ਸਬੰਧ ਵਿੱਚ ਸੁਤੰਤਰ ਭਾਰਤੀ ਸਮਾਜ ਸ਼ਾਸਤਰ ਲਈ ਆਧਾਰ ਤਿਆਰ ਕਰਦਾ ਹੈ।
ਪ੍ਰੋਫੈਸਰ ਜਤਿੰਦਰ ਪਾਲ ਸਿੰਘ ਓਬਰਾਏ ਨੱਬੇ ਸਾਲ ਦੀ ਉਮਰ ਵਿੱਚ ਚਲਾਣਾ ਕਰ ਗਏ। ਉਨ੍ਹਾਂ ਦੇ ਅਕਾਦਮਿਕ ਯੋਗਦਾਨ ਬਾਰੇ ਵਿਦਵਾਨ ਸਿਆਸੀ ਕਾਰਕੁਨ ਯੋਗੇਂਦਰ ਯਾਦਵ ਨੇ ਕਿਹਾ ਕਿ ਉਸ ਨੂੰ ‘ਪੱਛਮ ਦੀ ਗੈਰ-ਪੱਛਮੀ ਰੀਡਿੰਗ ਸ਼ੁਰੂ ਕਰਨ ਅਤੇ ਆਧੁਨਿਕ ਵਿਗਿਆਨ ਅਤੇ ਯੂਰਪੀ ਆਧੁਨਿਕਤਾ ਦੀ ਨਵੀਂ ਵਿਆਖਿਆ ਪੇਸ਼ ਕਰਨ ਲਈ ਯਾਦ ਕੀਤਾ ਜਾਵੇਗਾ।’ ਸਮਾਜ ਵਿਗਿਆਨੀ ਅਮਿਤਾ ਬਾਵਿਸਕਰ 1986 ਤੋਂ 1988 ਦੇ ਵਿਚਕਾਰ ਪ੍ਰੋ. ਓਬਰਾਏ ਦੀ ਵਿਦਿਆਰਥਣ ਅਤੇ 1994 ਤੋਂ ਬਾਅਦ ਸਹਿਕਰਮੀ ਰਹੀ। ਉਸ ਦਾ ਕਹਿਣਾ ਹੈ ਕਿ ‘ਪ੍ਰੋ. ਓਬਰਾਏ ਇੱਕ ਕ੍ਰਿਸ਼ਮਈ ਸ਼ਖ਼ਸੀਅਤ ਸੀ’।

Advertisement

ਸੰਪਰਕ: 98728-22417
ਈ-ਮੇਲ: sparihar48@gmail.com

Advertisement

Advertisement
Author Image

sukhwinder singh

View all posts

Advertisement