For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਅਧਾਰਿਤ ਦਹਿਸ਼ਤਗਰਦ ਅਰਸ਼ਦੀਪ ਸਿੰਘ ਅਤੇ ਤਿੰਨ ਹੋਰਾਂ ਖਿਲਾਫ਼ ਚਾਰਜਸ਼ੀਟ ਦਾਖ਼ਲ

06:32 AM May 22, 2024 IST
ਕੈਨੇਡਾ ਅਧਾਰਿਤ ਦਹਿਸ਼ਤਗਰਦ ਅਰਸ਼ਦੀਪ ਸਿੰਘ ਅਤੇ ਤਿੰਨ ਹੋਰਾਂ ਖਿਲਾਫ਼ ਚਾਰਜਸ਼ੀਟ ਦਾਖ਼ਲ
Advertisement

ਨਵੀਂ ਦਿੱਲੀ, 21 ਮਈ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪੰਜਾਬ ਤੇ ਦਿੱਲੀ ਦੇ ਕਈ ਹਿੱਸਿਆਂ ਵਿਚ ਦਹਿਸ਼ਤੀ ਹਮਲਿਆਂ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਕੈਨੇਡਾ ਅਧਾਰਿਤ ਖਾਲਿਸਤਾਨ ਪੱਖੀ ਦਹਿਸ਼ਤਗਰਦ ਅਰਸ਼ਦੀਪ ਸਿੰਘ ਡਾਲਾ ਤੇ ਉਸ ਦੇ ਤਿੰਨ ਸਾਥੀਆਂ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਏਜੰਸੀ ਨੇ ਕਿਹਾ ਕਿ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਵੱਲੋਂ ਪੰਜਾਬ ਤੇ ਦਿੱਲੀ ਦੇ ਵੱਖ ਵੱਖ ਹਿੱਸਿਆਂ ਵਿਚ ਦਹਿਸ਼ਤੀ ਹਮਲਿਆਂ ਲਈ ਵਰਤੇ ਜਾਂਦੇ ਸਲੀਪਰ ਸੈੱਲਜ਼ ਨੂੰ ਖ਼ਤਮ ਕਰਨ ਦੀ ਦਿਸ਼ਾ ਵਿਚ ਐੱਨਆਈਏ ਦੀ ਇਹ ਵੱਡੀ ਪੁਲਾਂਘ ਹੈ। ਅਤਿਵਾਦ ਵਿਰੋਧੀ ਏਜੰਸੀ ਨੇ ਇਕ ਬਿਆਨ ਵਿਚ ਕਿਹਾ, ‘‘ਕੈਨੇਡਾ ਅਧਾਰਿਤ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਤੇ ਉਸ ਦੇ ਭਾਰਤੀ ਏਜੰਟਾਂ ਹਰਜੀਤ ਸਿੰਘ ਉਰਫ਼ ਹੈਰੀ ਮੌੜ, ਰਵਿੰਦਰ ਸਿੰਘ ਉਰਫ਼ ਰਾਜਵਿੰਦਰ ਸਿੰਘ ਉਰਫ਼ ਹੈਰੀ ਰਾਜਪੁਰਾ, ਅਤੇ ਰਾਜੀਵ ਕੁਮਾਰ ਉਰਫ਼ ਸ਼ੀਲਾ ਖਿਲਾਫ਼ ਨਵੀਂ ਦਿੱਲੀ ਦੀ ਐੱਨਆਈਏ ਕੋਰਟ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।’’ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱੱਫ) ਦੇ ਦਹਿਸ਼ਤਗਰਦ ਡਾਲਾ ਦੀਆਂ ਹਦਾਇਤਾਂ ’ਤੇ ਉਸ ਦੇ ਉਪਰੋਕਤ ਤਿੰਨ ਸਾਥੀ ਭਾਰਤ ਵਿਚ ਪ੍ਰਮੁੱਖ ਟੈਰਰ-ਗੈਂਗਸਟਰ (ਦਹਿਸ਼ਤਗਰਦ-ਗੈਂਗਸਟਰ) ਸਿੰਡੀਕੇਟ ਚਲਾ ਰਹੇ ਸਨ। ਮੁਲਜ਼ਮ ਮੌੜ ਤੇ ਰਾਜਪੁਰਾ ਸਲੀਪਰ ਸੈੱਲਜ਼ ਵਜੋਂ ਕੰਮ ਕਰ ਰਹੇ ਸਨ ਤੇ ਰਾਜੀਵ ਕੁਮਾਰ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰਦਾ ਸੀ। ਐੱਨਆਈਏ ਨੇ ਕਿਹਾ ਕਿ ਇਸ ਤਿੱਕੜੀ ਨੇ ਡਾਲਾ ਦੀਆਂ ਹਦਾਇਤਾਂ ’ਤੇ ਲੜੀਵਾਰ ਦਹਿਸ਼ਤੀ ਹਮਲਿਆਂ ਦੀ ਵਿਉਂਤ ਘੜੀ ਸੀ। ਡਾਲਾ ਇਨ੍ਹਾਂ ਨੂੰ ਫੰਡ ਵੀ ਮੁਹੱਈਆ ਕਰਵਾਉਂਦਾ ਸੀ। ਬਿਆਨ ਵਿਚ ਕਿਹਾ ਗਿਆ ਕਿ ਮੌੜ ਤੇ ਰਾਜਪੁਰਾ ਗਰੋਹ ਦੇ ਸ਼ੂਟਰ ਸਨ ਤੇ ਉਨ੍ਹਾਂ ਦਾ ਕੰਮ ਟਾਰਗੈੱਟ ਕਿਲਿੰਗਜ਼ ਨੂੰ ਅੰਜਾਮ ਦੇਣਾ ਸੀ। ਰਾਜੀਵ ਕੁਮਾਰ ਉਰਫ਼ ਸ਼ੀਲਾ ਨੂੰ ਅਰਸ਼ ਡਾਲਾ ਤੋਂ ਫੰਡ ਮਿਲਦੇ ਸਨ, ਜਿਸ ਨਾਲ ਉਹ ਹੈਰੀ ਮੌੜ ਤੇ ਹੈਰੀ ਰਾਜਪੁਰਾ ਲਈ ਪਨਾਹ ਦਾ ਪ੍ਰਬੰਧ ਕਰਦਾ ਸੀ। ਐੱਨਆਈਏ ਜਾਂਚ ਤੋਂ ਪਤਾ ਲੱਗਾ ਹੈ ਡਾਲਾ ਦੇ ਕਹਿਣ ’ਤੇ ਕੁਮਾਰ ਦੋ ਹੋਰਨਾਂ ਲਈ ਆਵਾਜਾਈ ਤੇ ਹਥਿਆਰਾਂ ਦਾ ਪ੍ਰਬੰਧ ਕਰ ਰਿਹਾ ਸੀ। ਜਾਂਚ ਏਜੰਸੀ ਨੇ ਮੌੜ ਨੂੰ ਪਿਛਲੇ ਸਾਲ 23 ਨਵੰਬਰ ਜਦੋਂਕਿ ਕੁਮਾਰ ਨੂੰ ਇਸ ਸਾਲ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×