For the best experience, open
https://m.punjabitribuneonline.com
on your mobile browser.
Advertisement

ਪਾਤਰ ਕਦੇ ਮਰਦੇ ਨਹੀਂ...

08:46 AM Jul 17, 2024 IST
ਪਾਤਰ ਕਦੇ ਮਰਦੇ ਨਹੀਂ
ਪੰਜਾਬੀ ਸਾਹਿਤ ਸਭਾ ਕੈਲਗਰੀ ਅਤੇ ਮੌਟਰੇ ਪੰਜਾਬੀ ਸੀਨੀਅਰਜ਼ ਐਸੋਸੀਏਸ਼ਨ ਦੇ ਅਹੁਦੇਦਾਰ ਬਾਲ ਮੁਕੰਦ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਦਾ ਸਨਮਾਨ ਕਰਦੇ ਹੋਏ
Advertisement

ਕੈਲਗਰੀ: ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਕੈਲਗਰੀ ਅਤੇ ਮੌਟਰੇ ਪੰਜਾਬੀ ਸੀਨੀਅਰਜ਼ ਐਸੋਸੀਏਸ਼ਨ ਦੇ ਸਾਂਝੇ ਉਪਰਾਲੇ ਨਾਲ ਪਦਮ ਸ੍ਰੀ ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਰੋਹ ਰੱਖਿਆ ਗਿਆ। ਤਕਰੀਬਨ ਤਿੰਨ ਸੌ ਕੈਲਗਰੀ ਨਿਵਾਸੀਆਂ ਨੇ ਡਾ. ਪਾਤਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਵਿੱਚ ਤਕਰੀਬਨ ਦਰਜਨ ਦੇ ਕਰੀਬ ਸਾਹਿਤਕ ਅਤੇ ਹੋਰ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ਵਿੱਚ ਸੁਰਜੀਤ ਸਿੰਘ ਹੇਅਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਮਾਗਮ ਦੀ ਵਿਉਂਤਬੰਦੀ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਪ੍ਰੋਗਰਾਮ ਵਿੱਚ ਪੇਸ਼ ਕੀਤੀਆਂ ਗਈਆਂ ਰਚਨਾਵਾਂ ਕੇਵਲ ਡਾ. ਸੁਰਜੀਤ ਪਾਤਰ ਦੀਆਂ ਸਨ ਜੋ ਬੋਲ ਕੇ ਅਤੇ ਗਾ ਕੇ ਪੇਸ਼ ਕੀਤੀਆਂ ਗਈਆਂ। ‘ਅਸੀਂ ਹੁਣ ਮੁੜ ਨਹੀਂ ਸਕਦੇ’ ਨਾਂ ਦੀ ਸੁਰਜੀਤ ਪਾਤਰ ਦੀ ਲੰਬੀ ਨਜ਼ਮ ਰੰਗਮੰਚ ਕਰਮੀ ਵਿਜੈ ਸਚਦੇਵਾ ਅਤੇ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਜੁਗਲਬੰਦੀ ਰਾਹੀਂ ਪੇਸ਼ ਕੀਤੀ। ਸਰੋਤਿਆਂ ਨੇ ਇਸ ਦਾ ਭਰਪੂਰ ਆਨੰਦ ਮਾਣਿਆ। ਵਿਜੈ ਸਚਦੇਵਾ ‘ਜਗਾ ਲੈ ਮੋਮਬਤੀਆਂ’, ਰਵੀ ਜਨਾਗਲ ਨੇ ‘ਜੇ ਆਈ ਪੱਤਝੜ ਤਾਂ ਫੇਰ ਕੀ ਏ’, ਪਵਨ ਵੋਹਰਾ ਨੇ ‘ਕੋਈ ਡਾਲੀਆਂ ’ਚੋਂ ਲੰਘਿਆ’, ਮਨਾਵਰ ਅਹਿਮਦ ਨੇ ‘ਕਿਸ ਕਿਸ ਦਿਸ਼ਾ ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ, ਸ਼ਮਿੰਦਰ ਕਮੋ ਤੇ ਸੁਰਜੀਤ ਕਮੋ ਦੀ ਜੋੜੀ ਨੇ ‘ਚੰਨ ਦੀ ਚਾਨਣੀ’, ਹਰਜੀਤ ਗਿੱਲ ਨੇ ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ’, ਸੁਖਮੰਦਰ ਤੂਰ ਨੇ ‘ਇਹ ਬਾਤ ਨਿਰੀ ਏਨੀ ਹੀ ਨਹੀਂ’ ਅਤੇ ਭੋਲਾ ਸਿੰਘ ਚੌਹਾਨ ਨੇ ‘ਪਿੰਡ ਜਿਨ੍ਹਾਂ ਦੇ ਗੱਡੇ ਚੱਲਦੇ’ ਰਚਨਾਵਾਂ ਬਹੁਤ ਹੀ ਸੁਰੀਲੀ ਆਵਾਜ਼ ਅਤੇ ਸੁਰੀਲੇ ਸੰਜੋਗ ਵਿੱਚ ਪੇਸ਼ ਕੀਤੀਆਂ। ਗਿਆਰਾਂ ਸਾਲ ਦੇ ਮੋਹਕਮ ਸਿੰਘ ਨੇ ਜਿਸ ਖ਼ੂਬਸੂਰਤ ਅੰਦਾਜ਼ ਅਤੇ ਸੁਰੀਲੀ ਆਵਾਜ਼ ਵਿੱਚ ਡਾ. ਪਾਤਰ ਦੀ ਰਚਨਾ ‘ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ, ਉੱਪਰ ਜੀਅ ਆਇਆਂ ਨੂੰ ਲਿਖਿਆ ਹੋਇਆ ਸੀ’ ਦਾ ਗਾਇਨ ਕੀਤਾ। ਇਸ ਬੱਚੇ ਦੀ ਪੇਸ਼ਕਾਰੀ ਵਿਸ਼ੇਸ਼ ਤੌਰ ’ਤੇ ਖਿੱਚ ਦਾ ਕੇਂਦਰ ਬਣੀ।
ਸੁਖਮੰਦਰ ਗਿੱਲ ਨੇ ਡਾ. ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ਆਪਣੀ ਮੌਲਿਕ ਰਚਨਾ ਤਰੰਨੁਮ ਵਿੱਚ ਸੁਣਾਈ। ਚਰਨਜੀਤ ਕੌਰ ਬਾਜਵਾ ਨੇ ਡਾ. ਪਾਤਰ ਦਾ ਲਿਖਿਆ ਗੀਤ ‘ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ’ ਬੜੇ ਹੀ ਖ਼ੂਬਸੂਰਤ ਅੰਦਾਜ਼ ਵਿੱਚ ਗਾ ਕੇ ਵਾਹਵਾ ਖੱਟੀ। ਡਾ. ਸਤਿੰਦਰ ਕੌਰ ਸੋਹੀ, ਕਵੀ ਬਚਨ ਸਿੰਘ ਗੁਰਮ ਅਤੇ ਸਰਬਜੀਤ ਸਿੰਘ ਰੰਧਾਵਾ ਨੇ ਪਾਤਰ ਸਾਹਿਬ ਦੀਆਂ ਗਜ਼ਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਪਰਮਿੰਦਰ ਰਮਨ ਦੀ ਮੌਲਿਕ ਕਵਿਤਾ ‘ਪਾਤਰ ਕਦੇ ਮਰਦੇ ਨਹੀਂ’ ਬਹੁਤ ਭਾਵਪੂਰਤ ਰਹੀ। ਡਾ. ਰਾਜਵੰਤ ਕੌਰ ਮਾਨ, ਗੁਰਚਰਨ ਕੌਰ ਥਿੰਦ ਅਤੇ ਡਾ. ਹਰਭਜਨ ਸਿੰਘ ਢਿੱਲੋਂ ਨੇ ਡਾ. ਪਾਤਰ ਦੀ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਕਲਾਕਾਰ ਅਤੇ ਕਾਮੇਡੀਅਨ ਬਾਲ ਮੁਕੰਦ ਸ਼ਰਮਾ ਦੀ ਹਾਜ਼ਰੀ ਨੇ ਪ੍ਰੋਗਰਾਮ ਨੂੰ ਹੋਰ ਵੀ ਪ੍ਰਭਾਵਸ਼ਾਲੀ ਤੇ ਰੌਚਕ ਬਣਾ ਦਿੱਤਾ। ਜਗਦੇਵ ਸਿੱਧੂ ਨੇ ਬਾਲ ਮੁਕੰਦ ਸ਼ਰਮਾ ਦੀ ਸਰੋਤਿਆਂ ਨਾਲ ਜਾਣ ਪਹਿਚਾਣ ਕਰਵਾਈ। ਪੰਜਾਬੀ ਸਾਹਿਤ ਸਭਾ ਵੱਲੋਂ ਬਾਲ ਮੁਕੰਦ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਕੰਚਨ ਸ਼ਰਮਾ ਦਾ ਪੰਜਾਬੀ ਸਾਹਿਤ ਸਭਾ ਕੈਲਗਰੀ ਅਤੇ ਮੌਂਟਰੇ ਪੰਜਾਬੀ ਸੀਨੀਅਰਜ਼ ਐਸੋਸੀਏਸ਼ਨ ਵੱਲੋਂ ਸਨਮਾਨ ਕੀਤਾ ਗਿਆ। ਅੰਤ ਵਿੱਚ ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਪ੍ਰਧਾਨ ਸੁਰਿੰਦਰ ਗੀਤ ਨੇ ਕਿਹਾ ਕਿ ਪਾਤਰ ਕੱਲ੍ਹ ਵੀ ਜਿਉਂਦਾ ਸੀ, ਅੱਜ ਵੀ ਜਿਊਂਦਾ ਹੈ ਅਤੇ ਕੱਲ੍ਹ ਨੂੰ ਵੀ ਜਿਊਂਦਾ ਰਹੇਗਾ:
ਜਦੋਂ ਤੱਕ ਲਫ਼ਜ਼ ਜਿਊਂਦੇ ਨੇ ਸੁਖ਼ਨਵਰ ਜਿਊਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸੁਆਹ ਬਣਦੇ।
ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦੇ ਪਾਤਰ
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ।
ਸੁਰਿੰਦਰ ਗੀਤ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦਾ ਇਹ ਭਰਵਾਂ ਇਕੱਠ ਪਾਤਰ ਦੇ ਇਸ ਸ਼ਿਅਰ ਵਿਚਲੇ ਸੱਚ ਦੀ ਗਵਾਹੀ ਭਰਦਾ ਹੈ। ਪਾਤਰ ਸਾਹਿਬ ਦੇ ਸਹੁਰੇ ਪਿੰਡ ਤੋਂ ਪੁੱਜੇ ਬਖਤਾਵਰ ਸਿੰਘ ਬਸਰਾ ਅਤੇ ਸੁਰਿੰਦਰ ਸਿੰਘ ਬਸਰਾ ਲਈ ਵਿਸ਼ੇਸ਼ ਧੰਨਵਾਦੀ ਸ਼ਬਦ ਕਹੇ। ਇਸ ਤੋਂ ਇਲਾਵਾ ਉਸ ਨੇ ਸਭ ਹਾਜ਼ਰ ਸਾਹਿਤਕ ਸੰਸਥਾਵਾਂ, ਜਥੇਬੰਦੀਆਂ, ਸਪਾਂਸਰਾਂ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ। ਮੌਂਟਰੇ ਪੰਜਾਬੀ ਸੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਹੇਅਰ ਦਾ ਖ਼ਾਸ ਤੌਰ ’ਤੇ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਪਹਿਲ ਕਦਮੀ ਨਾਲ ਇਹ ਸਾਂਝਾ ਉਪਰਾਲਾ ਕਾਮਯਾਬੀ ਨਾਲ ਨੇਪਰੇ ਚੜ੍ਹਿਆ। ਇਸ ਪ੍ਰੋਗਰਾਮ ਵਿੱਚ ਪੰਜਾਬੀ ਸਾਹਿਤ ਸਭਾ ਦੇ ਸਕੱਤਰ ਜਨਰਲ ਗੁਰਦਿਆਲ ਸਿੰਘ ਖਹਿਰਾ ਦੀ ਮਿਹਨਤ ਅਤੇ ਵਿਉਂਤਬੰਦੀ ਝਲਕਦੀ ਸੀ।
ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਲਗਰੀ

Advertisement

ਵਿਅੰਗਕਾਰ ਗੁਰਮੇਲ ਬਦੇਸ਼ਾ ਦਾ ਦੇਹਾਂਤ

ਸਰੀ: (ਮਾਨ) ਸਰੀ ਦੇ ਵਸਨੀਕ ਵਿਅੰਗਕਾਰ ਗੁਰਮੇਲ ਬਦੇਸ਼ਾ (55) ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਹਸਪਤਾਲ ਵਿੱਚ ਜ਼ੇਰ-ਇਲਾਜ ਸਨ। ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਮੈਂਬਰ ਸਨ। ਕੇਂਦਰੀ ਪੰਜਾਬੀ ਲੇਖਕ ਸਭਾ, ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਦੇ ਲੇਖਕਾਂ ਨੇ ਗੁਰਮੇਲ ਬਦੇਸ਼ਾ ਦੇ ਸਦੀਵੀ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
ਸੰਪਰਕ: +1 604 308 6663

ਜੀ.ਐੱਸ. ਪੀਟਰ ਅਤੇ ਗੁਰਦੀਪ ਲੋਪੋਂ ਨਾਲ ਵਿਸ਼ੇਸ਼ ਬੈਠਕ

ਹਰਦਮ ਮਾਨ

ਗ਼ਜ਼ਲ ਮੰਚ ਸਰੀ ਵੱਲੋਂ ਗਾਇਕ ਜੀ.ਐੱਸ. ਪੀਟਰ ਅਤੇ ਸ਼ਾਇਰ ਗੁਰਦੀਪ ਲੋਪੋਂ ਨਾਲ ਸਜਾਈ ਮਹਿਫ਼ਿਲ ਦਾ ਦ੍ਰਿਸ਼

ਸਰੀ: ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨੀਂ ਪੰਜਾਬ ਤੋਂ ਆਏ ਗਾਇਕ ਜੀ.ਐੱਸ. ਪੀਟਰ ਅਤੇ ਸ਼ਾਇਰ ਗੁਰਦੀਪ ਲੋਪੋਂ ਨਾਲ ਵਿਸ਼ੇਸ਼ ਮਹਿਫ਼ਿਲ ਸਜਾਈ ਗਈ। ਮੰਚ ਵੱਲੋਂ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੋਹਾਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਦੋਹਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।
ਮੀਟਿੰਗ ਦੌਰਾਨ ਗਾਇਕ ਜੀ. ਐੱਸ. ਪੀਟਰ ਨੇ ਮਰਹੂਮ ਸ਼ਾਇਰ ਸੁਰਜੀਤ ਪਾਤਰ ਨਾਲ ਜਗਰਾਓਂ ਵਿਖੇ ਆਖਰੀ ਮਹਿਫ਼ਿਲ ਵਿੱਚ ਹੋਈ ਗੱਲਬਾਤ ਸਾਂਝੀ ਕੀਤੀ ਅਤੇ ਪਾਤਰ ਸਾਹਿਬ ਨਾਲ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ। ਉਸ ਨੇ ਆਪਣੇ ਸਾਹਿਤਕ ਅਤੇ ਗਾਇਕੀ ਦੇ ਸਫ਼ਰ ਬਾਰੇ ਦੱਸਿਆ ਅਤੇ ਸੁਰਜੀਤ ਪਾਤਰ ਦੀਆਂ ਕੁਝ ਗ਼ਜ਼ਲਾਂ ਤਰੰਨੁਮ ਵਿੱਚ ਪੇਸ਼ ਕੀਤੀਆਂ।
ਗੁਰਦੀਪ ਲੋਪੋਂ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ ਅਤੇ ਮੋਗੇ ਦੇ ਆਪ-ਪਾਸ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਗੱਲਬਾਤ ਕੀਤੀ। ਉਸ ਨੇ ਗ਼ਜ਼ਲ ਮੰਚ ਸਰੀ ਦੀਆਂ ਸਰਗਰਮੀਆਂ ਦੀ ਪ੍ਰਸੰਸਾ ਕੀਤੀ ਅਤੇ ਆਪਣੀਆਂ ਕੁਝ ਗ਼ਜ਼ਲਾਂ ਸੁਣਾਈਆਂ। ਇਸ ਮੌਕੇ ਉਸ ਦੀ ਛਪ ਰਹੀ ਗ਼ਜ਼ਲ ਪੁਸਤਕ ‘ਖ਼ਤ ਲਿਖੀਂ’ ਦਾ ਸਰਵਰਕ ਵੀ ਰਿਲੀਜ਼ ਕੀਤਾ ਗਿਆ। ਗ਼ਜ਼ਲ ਮੰਚ ਵੱਲੋਂ ਦੋਹਾਂ ਅਦੀਬਾਂ ਦਾ ਸਨਮਾਨ ਕੀਤਾ ਗਿਆ। ਇਸ ਮਹਿਫ਼ਿਲ ਵਿੱਚ ਮੰਚ ਦੇ ਪ੍ਰਧਾਨ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਕ੍ਰਿਸ਼ਨ ਭਨੋਟ, ਗੁਰਮੀਤ ਸਿੱਧੂ, ਪ੍ਰੀਤ ਮਨਪ੍ਰੀਤ, ਭੁਪਿੰਦਰ ਮੱਲ੍ਹੀ ਅਤੇ ਲਵਪ੍ਰੀਤ ਲੱਕੀ ਸੰਧੂ ਨੇ ਮਹਿਮਾਨ ਸਾਹਿਤਕਾਰਾਂ ਦੀ ਸੰਗਤ ਨੂੰ ਮਾਣਿਆ।

Advertisement
Author Image

joginder kumar

View all posts

Advertisement
Advertisement
×