ਚੰਗੇ ਕੰਮਾਂ ਨਾਲ ਹੀ ਬਣਦੀ ਹੈ ਕਿਰਦਾਰ ਦੀ ਪਛਾਣ: ਧਾਲੀਵਾਲ
ਪੱਤਰ ਪ੍ਰੇਰਕ
ਬੰਗਾ, 4 ਜੂਨ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਿੰਡ ਢਾਹਾਂ ਕਲੇਰਾਂ ਵਿੱਚ ਸਥਾਪਤ ਸਿਹਤ ਤੇ ਸਿੱਖਿਆ ਦੇ ਮਿਸ਼ਨਰੀ ਅਦਾਰਿਆਂ ਨੂੰ ਦੇਖਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸੇ ਵੀ ਰੁਤਬੇ ਦੀ ਤਸਦੀਕ ਚੰਗੀਆਂ ਸੇਵਾਵਾਂ ਨਾਲ ਹੀ ਹੋ ਸਕਦੀ ਹੈ ਜੋ ਕਿ ਜ਼ਮੀਨ ਨਾਲ ਜੁੜ ਕੇ ਲੋਕਾਂ ਲਈ ਨਿਭਾਈਆਂ ਹੋਣ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਰਦਾਰ ਦੀ ਪਛਾਣ ਚੰਗੇ ਕੰਮਾਂ ਨਾਲ ਹੀ ਬਣਦੀ ਹੈ ਜਿਸ ਲਈ ਸੇਵਾਵਾਂ ‘ਚ ਪਰਪੱਕਤਾ ਲਿਆਉਣੀ ਜ਼ਰੂਰੀ ਹੈ। ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨ ਟਰੱਸਟ ਢਾਹਾਂ ਕਲੇਰਾਂ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਟਰੱਸਟ ਵੱਲੋਂ ਪੇਂਡੂ ਖਿੱਤੇ ਵਿੱਚ ਰਿਆਇਤੀ ਦਰਾਂ ‘ਤੇ ਨਿਭਾਈਆਂ ਜਾ ਰਹੀਆਂ ਸਿਹਤ ਅਤੇ ਸਿੱਖਿਆ ਸਹੂਲਤ ਦੀ ਸ਼ਲਾਘਾ ਕੀਤੀ ਅਤੇ ਐੱਨਆਰਆਈਜ਼ ਵਲੋਂ ਪਾਏ ਯੋਗਦਾਨ ਨੂੰ ਵੱਡਾ ਸਹਿਯੋਗ ਦੱਸਿਆ। ਕੈਬਨਿਟ ਮੰਤਰੀ ਧਾਲੀਵਾਲ ਨੇ ਸਰਕਾਰ ਵੱਲੋਂ ਵੀ ਟਰੱਸਟ ਦੀ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਇਸ ਮੌਕੇ ਟਰੱਸਟ ਦੇ ਸਿੱਖਿਆ ਡਾਇਰੈਕਟਰ ਪ੍ਰੋ. ਹਰਬੰਸ ਸਿੰਘ ਬੋਲੀਨਾ ਨੇ ਵੀ ਮੰਤਰੀ ਨਾਲ ਸਮਾਜਿਕ ਤੌਰ ‘ਤੇ ਜੁੜੀਆਂ ਯਾਦਾਂ ਦੀ ਸਾਂਝ ਪਾਈ। ਇਸ ਮੌਕੇ ਟਰੱਸਟ ਦੇ ਬੈਨਰ ਹੇਠ ਸੇਵਾਵਾਂ ਨਿਭਾਉਣ ਵਾਲੇ ਵੱਖ ਵੱਖ ਵਿਭਾਗਾਂ ਦੇ ਇੰਚਾਰਜ਼ ਵੀ ਸ਼ਾਮਲ ਸਨ।