For the best experience, open
https://m.punjabitribuneonline.com
on your mobile browser.
Advertisement

ਚਰਿੱਤਰ ਅਦਾਕਾਰ ਸ਼ਵਿੰਦਰ ਸਿੰਘ ਮਾਹਲ

08:50 AM Jan 06, 2024 IST
ਚਰਿੱਤਰ ਅਦਾਕਾਰ ਸ਼ਵਿੰਦਰ ਸਿੰਘ ਮਾਹਲ
Advertisement

ਰਜਨੀ ਭਗਾਣੀਆ

Advertisement

ਪੰਜਾਬੀ ਸਿਨਮਾ ਵਿੱਚ ਰੋਹਬਦਾਰ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਉੱਘੇ ਚਰਿੱਤਰ ਅਦਾਕਾਰ ਸ਼ਵਿੰਦਰ ਸਿੰਘ ਮਾਹਲ ਦਾ ਨਾਮ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਸ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਹਿੰਦੀ ਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਨਿਰਦੇਸ਼ਕ ਵਜੋਂ ਵੀ ਨਾਮ ਕਮਾਇਆ ਹੈ। ਉਹ ਜ਼ਿਲ੍ਹਾ ਰੋਪੜ ਦੇ ਪਿੰਡ ਮਾਹਲ ਕਲਾਂ ਦਾ ਜੰਮਪਲ ਹੈ।
ਉਸ ਦਾ ਪੂਰਾ ਪਰਿਵਾਰ ਫ਼ੌਜ ਨਾਲ ਸਬੰਧਤ ਰਿਹਾ ਜਿਸ ਕਾਰਨ ਸਕੂਲ ਦੀ ਪੜ੍ਹਾਈ ਦੌਰਾਨ ਉਸ ਨੇ ਵੀ ਐੱਨ.ਸੀ.ਸੀ. ਵਿੱਚ ਦਾਖਲਾ ਲਿਆ। ਉਸ ਨੇ ਗ੍ਰੈਜੂਏਸ਼ਨ ਸਰਕਾਰੀ ਕਾਲਜ ਰੂਪਨਗਰ ਤੋਂ ਪੂਰੀ ਕੀਤੀ। ਉਸ ਨੂੰ ਬਚਪਨ ਤੋਂ ਹੀ ਫਿਲਮਾਂ ਦੇਖਣ ਦਾ ਸ਼ੌਕ ਸੀ, ਪਰ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਖ਼ੁਦ ਵੀ ਅਦਾਕਾਰੀ ਕਰੇਗਾ। ਉਸ ਨੇ ਪਹਿਲੀ ਵਾਰ ਦੋਸਤਾਂ ਦੇ ਕਹਿਣ ’ਤੇ ਦਿੱਲੀ ਵਿੱਚ ਔਡੀਸ਼ਨ ਦਿੱਤਾ ਸੀ। ਜਿੱਥੇ ਨਿਰਦੇਸ਼ਕ ਕੇਦਾਰ ਸ਼ਰਮਾ ਨੇ ਉਸ ਨੂੰ ਆਪਣੀ ਫਿਲਮ ਲਈ ਕਾਲਜ ਦੇ ਮੁੰਡੇ ਦੀ ਭੂਮਿਕਾ ਦਿੱਤੀ ਸੀ, ਪਰ ਕਿਸੇ ਕਾਰਨ ਉਹ ਫਿਲਮ ਬਣ ਨਾ ਸਕੀ। ਕੁਝ ਕਰ ਗੁਜ਼ਰਨ ਦੀ ਇੱਛਾ ਨਾਲ ਸ਼ਵਿੰਦਰ ਮਾਹਲ ਨੇ ਹਿੰਮਤ ਨਹੀਂ ਹਾਰੀ ਤੇ ਉਸ ਨੇ ਦਿੱਲੀ ਤੋਂ ਮੁੰਬਈ ਵੱਲ ਰੁਖ਼ ਕੀਤਾ। ਉੱਥੇ ਜਾ ਕੇ ਸਖ਼ਤ ਮਿਹਨਤ ਦਾ ਪੱਲਾ ਨਹੀਂ ਛੱਡਿਆ ਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਉਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ‘ਮਹਾਭਾਰਤ’ (1988) ਵਿੱਚ ਪਰਸ਼ੂਰਾਮ ਅਤੇ ਸ਼ਿਵ ਦੀ ਦੋਹਰੀ ਭੂਮਿਕਾ ਤੋਂ ਕੀਤੀ। ਇਸ ਦੇ ਇਲਾਵਾ ‘ਸ਼੍ਰੀ ਕ੍ਰਿਸ਼ਨਾ’, ‘ਟੀਪੂ ਸੁਲਤਾਨ’ ਤੇ ‘ਪਰਮਵੀਰ ਚੱਕਰ’ ਵਰਗੇ ਲੜੀਵਾਰਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਸ਼ਵਿੰਦਰ ਮਾਹਲ ਦੇ ਫਿਲਮੀ ਸਫ਼ਰ ਦੀ ਗੱਲ ਕਰੀਏ ਤਾਂ ਉਸ ਦੀ ਪਹਿਲੀ ਪੰਜਾਬੀ ਫਿਲਮ ‘ਪਟਵਾਰੀ’ (1984) ਆਈ। ਇਸ ਤੋਂ ਮਿਲੀ ਹੌਸਲਾ ਅਫਜ਼ਾਈ ਸਦਕਾ ਉਸ ਨੇ ਬਤੌਰ ਹੀਰੋ 35 ਪੰਜਾਬੀ ਫਿਲਮਾਂ ਕੀਤੀਆਂ। ਉਸ ਦੀਆਂ ਕੁਝ ਹੋਰ ਮਸ਼ਹੂਰ ਫਿਲਮਾਂ ਵਿੱਚੋਂ ਹਨ, ‘ਬਾਗੀ ਸੂਰਮੇ’, ‘ਪੁੱਤ ਸਰਦਾਰਾਂ ਦੇ’ (1993) ਅਤੇ ‘ਮੈਂ ਮਾਂ ਪੰਜਾਬ ਦੀ’ (1998) (ਬਲਵੰਤ ਸਿੰਘ ਦੁੱਲਟ ਦੁਆਰਾ ਲਿਖੀ ਅਤੇ ਨਿਰਦੇਸ਼ਿਤ) ਜਿਸ ਨੂੰ ਰਾਸ਼ਟਰੀ ਪੁਰਸਕਾਰ ਵੀ ਪ੍ਰਾਪਤ ਹੋਇਆ। ਇਸ ਦੇ ਇਲਾਵਾ ‘ਦੇਸੋ ਪ੍ਰਦੇਸ਼’ (1998), ‘ਇਸ਼ਕ ਨਚਾਵੇ ਗਲੀ ਗਲੀ’ (2001), ‘ਵਿਦਰੋਹ’, ‘ਰੁਸਤਮ-ਏ-ਹਿੰਦ’ (2006), ‘ਜੱਗ ਜਿਉਂਦਿਆਂ ਦੇ ਮੇਲੇ’ (2009), ‘ਧਰਤੀ’, ‘ਯਾਰ ਅਣਮੁੱਲੇ’, ‘ਮੇਲ ਕਰਾਦੇ ਰੱਬਾ’, ‘ਜੀਹਨੇ ਮੇਰਾ ਦਿਲ ਲੁੱਟਿਆ’ (2011), ‘ਯਾਰਾਂ ਨਾਲ ਬਹਾਰਾਂ 2’ (2012) ਅਤੇ ‘ਪੰਜਾਬ ਬੋਲਦਾ’, ‘ਤੂੰ ਮੇਰਾ ਬਾਈ ਮੈਂ ਤੇਰਾ ਬਾਈ’, ‘ਸਾਡੀ ਵੱਖਰੀ ਏ ਸ਼ਾਨ’, ‘ਵੈਲਕਮ ਟੂ ਪੰਜਾਬ’, ‘ਰੰਗੀਲੇ’, ‘ਫਿਰ ਮਾਮਲਾ ਗੜਬੜ’, ‘ਸ਼ਗਨਾਂ ਦੀ ਤਿਆਰੀ’, ‘ਟੇਸ਼ਨ’, ‘ਅੰਬਰਸਰੀਆ’, ‘ਡੀ.ਐੱਸ.ਪੀ. ਦੇਵ’, ‘ਜਿੰਦ ਮਾਹੀ’, ‘ਅਰਜਨ’, ‘ਯਾਰਾਂ ਦੀਆਂ ਪੋਂ ਬਾਰਾਂ’, ‘ਰੱਬ ਦਾ ਰੇਡੀਓ 2’, ‘ਲਕੀਰਾਂ’, ‘ਸਰਦਾਰ ਸਾਬ੍ਹ’ ਆਦਿ ਪੰਜਾਬੀ ਫਿਲਮਾਂ ਤੋਂ ਇਲਾਵਾ ‘ਮੱਲੂ ਸਿੰਘ’ (ਮਲਿਆਲਮ ਫਿਲਮ) 2012 ਵਿੱਚ ਕੀਤੀ। ਉਸ ਨੇ ਹਿੰਦੀ, ਹਰਿਆਣਵੀ ਅਤੇ ਤੇਲਗੂ ਭਾਸ਼ਾਵਾਂ ਦੀਆਂ ਫਿਲਮਾਂ ਸਮੇਤ 350 ਦੇ ਕਰੀਬ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਹਨ। ਸ਼ਵਿੰਦਰ ਮਾਹਲ ਨੂੰ ਆਪਣੀ ਖ਼ੂਬਸੂਰਤ ਅਦਾਕਾਰੀ ਸਦਕਾ ਨੈਸ਼ਨਲ, ਇੰਟਰਨੈਸ਼ਨਲ, ਫਿਲਮਫੇਅਰ ਐਵਾਰਡ ਵੀ ਪ੍ਰਾਪਤ ਹੋਏ ਹਨ। ਇਹ ਹੀ ਨਹੀਂ ਉਸ ਨੇ 1996 ਵਿੱਚ ਇੱਕ ਨਿਰਦੇਸ਼ਕ ਵਜੋਂ ਫਿਲਮ ‘ਪਛਤਾਵਾ’ ਦਾ ਨਿਰਦੇਸ਼ਨ ਵੀ ਕੀਤਾ। ਹੁਣ ਉਹ ਪੰਜਾਬੀ ਫਿਲਮਾਂ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ।
ਸੰਪਰਕ: 79736-67793

Advertisement
Author Image

joginder kumar

View all posts

Advertisement
Advertisement
×