For the best experience, open
https://m.punjabitribuneonline.com
on your mobile browser.
Advertisement

ਪੁਣਛ ਹਮਲੇ ਬਾਰੇ ਚੰਨੀ ਤੇ ਟਰੂਡੋ ਦੇ ਬਿਆਨ ਇੱਕੋ ਵਰਗੇ: ਜਾਖੜ

06:28 AM May 07, 2024 IST
ਪੁਣਛ ਹਮਲੇ ਬਾਰੇ ਚੰਨੀ ਤੇ ਟਰੂਡੋ ਦੇ ਬਿਆਨ ਇੱਕੋ ਵਰਗੇ  ਜਾਖੜ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਬਾਹਰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਆਗੂ। -ਫੋਟੋ: ਨਿਤਿਨ ਮਿੱਤਲ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 6 ਮਈ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੁਣਛ ਹਮਲੇ ਬਾਰੇ ਦਿੱਤੇ ਬਿਆਨ ’ਤੇ ਮੋੜਵਾਂ ਜਵਾਬ ਦਿੱਤਾ ਹੈ। ਜਾਖੜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਪੁਣਛ ਹਮਲੇ ਸਬੰਧੀ ਦਿੱਤੇ ਬਿਆਨ ਦੀ ਬੋਲੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਰਗੀ ਹੈ। ਚੰਨੀ ਕੈਨੇਡਾ ’ਚ ਟਰੂਡੋ ਦੀ ਦੇਖਰੇਖ ਹੇਠ ਥੀਸਿਸ ਕਰ ਕੇ ਆਏ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਸੂਬੇ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਅਤੇ ਭਾਜਪਾ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਤੋਂ ਰੋਕਣ ਬਾਰੇ ਮੰਗ ਪੱਤਰ ਸੌਂਪਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਜਾਖੜ ਨੇ ਪਿਛਲੇ ਦਿਨੀਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਕਿਸਾਨ ਆਗੂ ਦੀ ਮੌਤ ਹੋਣ ਸਬੰਧੀ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ’ਤੇ ਕਾਬੂ ਪਾਉਣ ਵਿੱਚ ਅਸਫਲ ਰਹੀ ਹੈ ਅਤੇ ਦੂਜੇ ਪਾਸੇ ਭਾਜਪਾ ਆਗੂਆਂ ਖ਼ਿਲਾਫ਼ ਕੇਸ ਦਰਜ ਕਰਨ ਲੱਗੀ ਹੋਈ ਹੈ। ਉਨ੍ਹਾਂ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸਾਨ ਦੀ ਮੌਤ ਗਰਮੀ ਅਤੇ ਧੁੱਪ ਕਾਰਨ ਹੋਈ ਹੈ। ਜਾਖੜ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕੋਲ ਸੂਬੇ ਵਿੱਚ ਭਾਜਪਾ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਤੋਂ ਰੋਕਣ ’ਤੇ ਵੀ ਨਾਰਾਜ਼ਗੀ ਜਤਾਈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਸਿਬਨ ਸੀ. ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੂਬੇ ’ਚ ਸੁਤੰਤਰ ਤੇ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕਿਰਿਆ ਸਿਰੇ ਚੜ੍ਹਾਉਣ ਲਈ ਕਦਮ ਚੁੱਕਣ। ਇਸ ਤੋਂ ਇਲਾਵਾ ਭਾਜਪਾ ਆਗੂਆਂ ’ਤੇ ਧੱਕੇ ਨਾਲ ਦਰਜ ਕੀਤੇ ਜਾ ਰਹੇ ਪੁਲੀਸ ਕੇਸਾਂ ਦਾ ਵੀ ਸਖ਼ਤ ਨੋਟਿਸ ਲੈਣ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਬਰਾੜ ਤੇ ਜਗਮੋਹਨ ਰਾਜੂ, ਲੀਗਲ ਸੈੱਲ ਦੇ ਸੂਬਾ ਮੁਖੀ ਐਨ.ਕੇ. ਵਰਮਾ ਤੇ ਮੀਡੀਆ ਸੈੱਲ ਦੇ ਸੂਬਾ ਮੁਖੀ ਵਿਨਿਤ ਜੋਸ਼ੀ ਹਾਜ਼ਰ ਸਨ।

Advertisement

ਮੁੱਖ ਚੋਣ ਅਧਿਕਾਰੀ ਨੇ ਡੀਜੀਪੀ ਤੋਂ ਰਿਪੋਰਟ ਮੰਗੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਭਾਜਪਾ ਦੇ ਵਫ਼ਦ ਵੱਲੋਂ ਸੂਬੇ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਤੋਂ ਰੋਕੇ ਜਾਣ ਅਤੇ ਅਮਨ-ਕਾਨੂੰਨ ਦੀ ਸਥਿਤੀ ’ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਇਸ ਸਬੰਧੀ ਸੂਬੇ ਦੇ ਡੀਜੀਪੀ ਤੋਂ ਕਾਰਵਾਈ ਦੀ ਰਿਪੋਰਟ ਮੰਗੀ ਹੈ।

Advertisement
Author Image

joginder kumar

View all posts

Advertisement
Advertisement
×