ਚੰਨੀ ਨੇ ਲਾਈਵ ਹੋ ਕੇ ਸਤਲੁਜ ਕੰਢੇ ਨਾਜਾਇਜ਼ ਖਣਨ ਹੋਣ ਦਾ ਕੀਤਾ ਦਾਅਵਾ
ਜਗਮੋਹਨ ਸਿੰਘ/ਸੰਜੀਵ ਬੱਬੀ
ਰੂਪਨਗਰ/ਚਮਕੌਰ ਸਾਹਿਬ, 25 ਫਰਵਰੀ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਲਾਈਵ ਹੋ ਕੇ ਸਤਲੁਜ ਦਰਿਆ ਵਿੱਚ ਨਾਜਾਇਜ਼ ਖਣਨ ਹੋਣ ਸਬੰਧੀ ਵੀਡੀਓ ਸਾਂਝੀ ਕੀਤੀ ਤੇ ਪੰਜਾਬ ਸਰਕਾਰ ਦੇ ਨਾਜਾਇਜ਼ ਖਣਨ ਖਤਮ ਹੋਣ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕੀਤੇ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਖਰੜ ਤੋਂ ਜਲੰਧਰ ਜਾਂਦੇ ਹੋਏ ਸ੍ਰੀ ਚੰਨੀ ਨੇ ਜਦੋਂ ਸਤਲੁਜ ਦਰਿਆ ਕੰਢੇ ਪੋਕਲੇਨ ਤੇ ਜੇਸੀਬੀ ਮਸ਼ੀਨਾਂ ਨਾਲ ਖਣਨ ਹੁੰਦਾ ਵੇਖਿਆ ਤਾਂ ਉਨ੍ਹਾਂ ਆਪਣੇ ਫੇਸਬੁੱਕ ਪੇਜ਼ ’ਤੇ ਲਾਈਵ ਹੋ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਤਲੁਜ ਦਰਿਆ ਵਿੱਚੋਂ ਸ਼ਰੇਆਮ ਗ਼ੈਰ ਕਾਨੂੰਨੀ ਖਣਨ ਕੀਤਾ ਜਾ ਰਿਹਾ ਹੈ ਅਤੇ ਜੇਸੀਬੀ ਤੇ ਪੋਕਲਾਈਨ ਮਸ਼ੀਨਾਂ ਦੀ ਵਰਤੋਂ ਕਰਕੇ ਵੱਡੀ ਗਿਣਤੀ ਟਿੱਪਰ ਰੇਤਾ ਨਾਲ ਭਰੇ ਜਾ ਰਹੇ ਹਨ, ਜਦਕਿ ਮੁੱਖ ਮੰਤਰੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਰਾਜ ਵਿੱਚ ਰੇਤਾ ਸਾਢੇ ਪੰਜ ਰੁਪਏ ਪ੍ਰਤੀ ਫੁਟ ਦੇ ਹਿਸਾਬ ਨਾਲ ਮਿਲੇਗਾ ਤੇ ਲੇਬਰ ਦੀ ਮਦਦ ਨਾਲ ਟਰਾਲੀਆਂ ਵਿੱਚ ਭਰਵਾਇਆ ਜਾਵੇਗਾ। ਜਦੋਂ ਸਾਬਕਾ ਮੁੱਖ ਮੰਤਰੀ ਦੇ ਫੇਸਬੁੱਕ ’ਤੇ ਲਾਈਵ ਹੋਣ ਦੀ ਸੂਚਨਾ ਜ਼ਿਲ੍ਹਾ ਰੂਪਨਗਰ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਲੱਗੀ ਤਾਂ ਉਨ੍ਹਾਂ ਤੁਰੰਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਦਰਿਆ ਵਿੱਚੋਂ ਖਣਨ ਦਾ ਕੰਮ ਰੁਕਵਾ ਦਿੱਤਾ। ਇਸ ਸਬੰਧੀ ਡੀਸੀ ਸ਼ਹੀਦ ਭਗਤ ਸਿੰਘ ਨਗਰ ਨਵਜੋਤਪਾਲ ਸਿੰਘ ਰੰਧਾਵਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਿਸ ਥਾਂ ’ਤੇ ਖਣਨ ਕੀਤਾ ਜਾ ਰਿਹਾ ਹੈ, ਉਹ ਥਾਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਰੈਲ ਬਰਾਮਦ ਸਾਈਟ ਹੈ ਤੇ ਇਹ ਸਾਈਟ ਕਮਰਸ਼ੀਅਲ ਹੋਣ ਕਾਰਨ ਇੱਥੇ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਨਤਕ ਸਾਈਟਸ ’ਤੇ ਰੇਤਾ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਹੀ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਣਨ ਵਿਭਾਗ ਦੀ ਇੱਕ ਟੀਮ ਨੂੰ ਮੌਕੇ ਦੀ ਜਾਂਚ ਕਰਨ ਲਈ ਭੇਜਿਆ ਗਿਆ ਹੈ ਜੇਕਰ ਕਿਧਰੇ ਕੋਈ ਖਾਮੀ ਪਾਈ ਗਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
‘ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਰਵੱਈਆ ਮਾੜਾ’
ਫਗਵਾੜਾ (ਜਸਬੀਰ ਸਿੰਘ ਚਾਨਾ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਥੇ ਵਿਸ਼ਵਕਰਮਾ ਮੰਦਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਮਾੜਾ ਵਿਹਾਰ ਕਰਦੇ ਹੋਏ ਉਨ੍ਹਾਂ ’ਤੇ ਗ਼ੈਰ ਮਨੁੱਖੀ ਤਸ਼ੱਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਭਲਾਈ ਵਾਲੀ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੀ ਕੇਂਦਰ ਸਰਕਾਰ ਹੁਣ ਉਨ੍ਹਾਂ ’ਤੇ ਤਰਸ ਕਿਉਂ ਨਹੀਂ ਖਾ ਰਹੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਬੁਰੀ ਤਰ੍ਹਾਂ ਹੰਕਾਰ ਚੁੱਕੀ ਹੈ ਤੇ ਆਉਂਦੀਆਂ ਲੋਕ ਸਭਾ ਚੋਣਾਂ ’ਚ ਸਰਕਾਰ ਨੂੰ ਇਸ ਦਾ ਖੁਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵਤੀਰਾ ਵੀ ਚੰਗਾ ਸਾਬਤ ਨਹੀਂ ਹੋ ਰਿਹਾ। ਹਰਿਆਣਾ ਦੀ ਪੁਲੀਸ ਵੱਲੋਂ ਪੰਜਾਬ ਵਿੱਚ ਆ ਕੇ ਅੱਥਰੂ ਗੈਸ ਦੇ ਗੋਲੇ ਵਰ੍ਹਾਉਣ ਅਤੇ ਕਿਸਾਨਾਂ ’ਤੇ ਗੋਲੀਆਂ ਚਲਾਉਣ ਵਰਗੀ ਗੰਭੀਰ ਕਾਰਵਾਈ ਨੂੰ ਵੀ ਭਗਵੰਤ ਮਾਨ ਮੂਕ ਦਰਸ਼ਕ ਬਣੇ ਦੇਖ ਰਹੇ ਹਨ। ਚੰਨੀ ਨੇ ਕਿਹਾ ਕਿ ‘ਆਪ’ ਸਰਕਾਰ ਸਿਰਫ਼ ਪ੍ਰਚਾਰ ਦੀ ਸਰਕਾਰ ਬਣ ਕੇ ਰਹਿ ਗਈ ਹੈ, ਜਿਸ ਦੇ ਰਾਜ ਵਿੱਚ ਨਾਜਾਇਜ਼ ਖਣਨ ਵਰਗੇ ਅਪਰਾਧ ਵੀ ਸ਼ਰੇਆਮ ਜਾਰੀ ਹਨ। ਇਹ ਸਰਕਾਰ ਆਮ ਆਦਮੀ ਕਲੀਨਿਕ ਖੋਲ੍ਹ ਕੇ ਚੰਗੀਆਂ ਸਿਹਤ ਸਹੂਲਤਾ ਦੇਣ ਦਾ ਦਾਅਵਾ ਕਰ ਰਹੀ ਹੈ, ਜਦਕਿ ਸਰਕਾਰੀ ਹਸਪਤਾਲਾਂ ਵਿੱਚ ਲੋੜੀਂਦੇ ਡਾਕਟਰ ਵੀ ਉਪਲੱਬਧ ਨਹੀਂ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਹਸਪਤਾਲ ਪੰਜਾਬ ਦੇ ਅਜਿਹੇ ਹਨ, ਜਿਥੇ ਕੋਈ ਵੀ ਸੀਨੀਅਰ ਜਾਂ ਮਾਹਿਰ ਡਾਕਟਰ ਤਾਇਨਾਤ ਨਹੀਂ ਹੈ।