ਪੰਜਾਬ ਦੇ ਪਿੰਡਾਂ ਦਾ ਬਦਲਿਆ ਮੁਹਾਂਦਰਾ
ਇੱਕ ਸਮਾਂ ਸੀ ਜਦੋਂ ਲੋਕ ਆਮ ਹੀ ਕਹਿੰਦੇ ਸੁਣੇ ਜਾਂਦੇ ਸੀ ਕਿ ਪਿੰਡਾਂ ਵਿੱਚ ਰੱਬ ਵਸਦਾ ਹੈ। ਪੇਂਡੂ ਲੋਕਾਂ ਦਾ ਆਪਸੀ ਮੋਹ-ਪਿਆਰ ਹੱਦੋਂ ਵੱਧ ਹੁੰਦਾ ਸੀ। ਕਿਸੇ ਦੀ ਧੀ, ਭੈਣ ਨੂੰ ਪੂਰੇ ਪਿੰਡ ਦੀ ਧੀ, ਭੈਣ ਸਮਝਿਆ ਜਾਂਦਾ ਸੀ। ਕਿਸੇ ਦੇ ਘਰ ਆਏ ਜਵਾਈ ਭਾਈ ਨੂੰ ਸਾਰੇ ਪਿੰਡ ਵਾਲੇ ਆਪਣਾ ਰਿਸ਼ਤੇਦਾਰ ਸਮਝਦੇ ਸੀ ਤੇ ਆਂਢ-ਗੁਆਂਢ ਦੇ ਨੇੜਲੇ ਘਰ ਪ੍ਰਾਹੁਣੇ ਲਈ ਗੜਵੀ-ਗੜਵੀ ਦੁੱਧ ਦੀ ਦੇ ਕੇ ਜਾਂਦੇ ਸਨ। ਜੇਕਰ ਕੋਈ ਬਾਹਰਲੇ ਪਿੰਡੋਂ ਆਇਆ ਬੰਦਾ ਸੱਥ ਵਿੱਚੋਂ ਕਿਸੇ ਦਾ ਘਰ ਪੁੱਛਦਾ ਤਾਂ ਇੱਕ ਜਣਾ ਉਸ ਨੂੰ ਉਸ ਘਰ ਛੱਡਣ ਜਾਂਦਾ ਸੀ। ਇਹ ਸਾਡੇ ਪਿੰਡਾਂ ਦੀ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਸੀ। ਪਿੰਡਾਂ ਦੇ ਲੋਕ ਸ਼ਹਿਰਾਂ ਤੋਂ ਵੱਧ ਇੱਕ ਦੂਜੇ ਨਾਲ ਦੁੱਖ-ਸੁੱਖ ਵਿੱਚ ਸਾਂਝ ਨਿਭਾਉਂਦੇ ਸਨ ਜੋ ਅੱਜ ਪੈਸੇ ਦੀ ਦੌੜ ਵਿੱਚ ਕਿਧਰੇ ਗੁਆਚ ਗਈ ਹੈ। ਜੇਕਰ ਆਂਢ-ਗੁਆਂਢ ਕਿਸੇ ਦੇ ਘਰ ਕੋਈ ਜੀ ਰੱਬ ਨੂੰ ਪਿਆਰਾ ਹੋ ਜਾਂਦਾ ਤਾਂ ਭੋਗ ਤੱਕ ਉਸ ਨੂੰ ਚੁੱਲ੍ਹੇ ਅੱਗ ਨਹੀਂ ਪਾਉਣ ਦਿੰਦੇ ਸਨ। ਰਾਤ ਨੂੰ ਉਨ੍ਹਾਂ ਦੇ ਘਰ ਵਾਰੀ-ਵਾਰੀ ਸਾਰੇ ਗੁਆਂਢੀ ਰਾਤਾਂ ਕਟਵਾਉਂਦੇ ਸਨ। ਵਿਸ਼ਵੀਕਰਨ ਨੇ ਸਾਡਾ ਉਹ ਆਪਸੀ ਨਿੱਘ ਨਿਗਲ ਲਿਆ ਹੈ।
ਪਿੰਡਾਂ ਦੇ ਲੋਕ ਸਵੇਰ ਤੋਂ ਆਥਣ ਤੱਕ ਸੱਥਾਂ ਵਿੱਚ ਰੱਖੇ ਖੁੰਢਾਂ ’ਤੇ ਬਹਿ ਕੇ ਖੁੰਢ ਚਰਚਾ ਕਰਦੇ ਹੋਏ ਇੱਕ ਦੂਜੇ ਨਾਲ ਦੁੱਖ-ਸੁੱਖ ਫੋਲ ਕੇ ਉਦਾਸ ਮਨ ਨੂੰ ਖ਼ੁਸ਼ੀਆਂ ਤੇ ਖੇੜੇ ਨਾਲ ਭਰ ਦਿੰਦੇ ਸਨ। ਇਹ ਖੁੰਢ ਚਰਚਾ ਆਪਸੀ ਭਾਈਚਾਰਕ ਸਾਂਝ ਨੂੰ ਜਿੱਥੇ ਮਜ਼ਬੂਤ ਕਰਦੀ ਸੀ, ਉੱਥੇ ਬਹੁਤ ਲੋਕਾਂ ਦੇ ਸਵਾਲਾਂ ਤੇ ਮਸਲਿਆਂ ਦਾ ਹੱਲ ਵੀ ਕੱਢ ਕੇ ਦਿੰਦੀ ਸੀ। ਰਸਮ ਰਿਵਾਜਾਂ ਵਿੱਚ ਬਹੁਤ ਨੇੜਤਾ ਵਾਲੀ ਸਾਂਝ ਹੁੰਦੀ ਸੀ। ਆਪਣੇ ਬੇਗਾਨੇ ਦੀ ਕੋਈ ਪਛਾਣ ਹੀ ਨਹੀਂ ਹੁੰਦੀ ਸੀ। ਕਿਸੇ ਧੀ, ਭੈਣ ਦਾ ਸਾਹਾ ਹੁੰਦਾ ਤਾਂ ਸਾਰੇ ਪਿੰਡ ਦੀ ਰੋਟੀ ਇੱਕੋ ਥਾਂ ਸਾਹੇ ਵਾਲੇ ਘਰ ਪੱਕਦੀ ਸੀ। ਸਾਰਾ ਪਿੰਡ ਮਿਲਜੁਲ ਕੇ ਹੱਥ ਵਟਾਉਂਦੇ। ਅੱਜ ਵਾਂਗ ਮਹਿੰਗੇ ਮੈਰਿਜ ਪੈਲੇਸ ਨਹੀਂ ਹੁੰਦੇ ਸਨ, ਪਿੰਡ ਦੀ ਧਰਮਸ਼ਾਲਾ ਹੀ ਮੈਰਿਜ ਪੈਲੇਸ ਹੁੰਦੀ ਸੀ। ਬਰਾਤ ਕਈ-ਕਈ ਦਿਨ ਪਹਿਲਾਂ ਢੁੱਕਦੀ ਸੀ। ਧਰਮਸ਼ਾਲਾ ਵਿੱਚ ਹੀ ਮੰਜੇ ਡਾਹ ਕੇ ਉੱਪਰ ਦਰੀਆਂ ਤੇ ਚਿੱਟੀਆਂ ਚਾਦਰਾਂ ਵਿਛਾਈਆਂ ਜਾਂਦੀਆਂ ਸਨ। ਉੱਥੇ ਹੀ ਕੜਾਹਿਆਂ ਵਿੱਚ ਨਹਾਉਣ ਲਈ ਗਰਮ ਜਾਂ ਠੰਢਾ ਪਾਣੀ ਹੁੰਦਾ ਸੀ। ਖਾਣ ਲਈ ਅੱਜ ਵਾਂਗ ਤਰ੍ਹਾਂ-ਤਰ੍ਹਾਂ ਦੀਆਂ ਬਾਜ਼ਾਰੂ ਨਕਲੀ ਮਠਿਆਈਆਂ ਨਹੀਂ ਹੁੰਦੀਆਂ ਸਨ ਸਗੋਂ ਗੁੜ ਦਾ ਕੜਾਹ, ਲੱਡੂ, ਜਲੇਬੀਆਂ, ਪਕੌੜੀਆਂ, ਮਖਾਣੇ, ਸ਼ੱਕਰ ਪਾਰੇ, ਬਾਲੂਸ਼ਾਈਆਂ ਆਦਿ ਤੇ ਰੋਟੀ-ਟੁੱਕ ਸਾਦਾ, ਪਿਓਰ ਤੇ ਸਿਹਤ ਵਰਧਕ ਹੁੰਦਾ ਸੀ। ਲੋਕ ਵਿਆਹ ਤੋਂ ਇੱਕੀ ਦਿਨ ਪਹਿਲਾਂ ਮੁੰਡੇ ਜਾਂ ਕੁੜੀ ਦੇ ਗਾਨਾ ਬੰਨ੍ਹ ਦਿੰਦੇ, ਮੁੰਡੇ ਦੇ ਵਿਆਹ ਵਿੱਚ ਰਾਤ ਨੂੰ ਰੋਜ਼ਾਨਾ ਘੋੜੀਆਂ ਤੇ ਕੁੜੀ ਦੇ ਵਿਆਹ ਵਿੱਚ ਸੁਹਾਗ ਗਾਏ ਜਾਂਦੇ ਸਨ। ਵਿਆਹਾਂ ਵਿੱਚ ਬੰਬੀਹੇ ਬੁਲਾਏ ਜਾਂਦੇ ਸਨ ਤੇ ਨਾਨਕੇ ਮੇਲ ਦੀ ਵਾਹਵਾ ਚੜ੍ਹਾਈ ਹੁੰਦੀ ਸੀ। ਮਾਮੀ ਮੇਲਣ ਬਣ ਕੇ ਜਾਗੋ ਚੁੱਕਦੀ ਸੀ ਤੇ ਛੱਜ ਕੁੱਟੇ ਜਾਂਦੇ ਸਨ। ਨਾਨਕੇ ਤੇ ਦਾਦਕਿਆਂ ਵੱਲੋਂ ਸਿੱਠਣੀਆਂ ਗਾਈਆਂ ਜਾਂਦੀਆਂ ਸਨ। ਨਾਨਕਾ ਪਰਿਵਾਰ ਵਿਆਹ ਤੋਂ ਕਈ-ਕਈ ਦਿਨ ਪਹਿਲਾਂ ਹੀ ਆ ਜਾਂਦਾ ਸੀ। ਅੱਜਕੱਲ੍ਹ ਦੀ ਪੀੜ੍ਹੀ ਤਾਂ ਇਨ੍ਹਾਂ ਸਭ ਰਸਮਾਂ, ਰਿਵਾਜਾਂ ਨੂੰ ਭੁੱਲ ਚੁੱਕੀ ਹੈ। ਕਿਸੇ ਨਾਨਕੇ, ਦਾਦਕੇ ਕੋਲ ਟਾਈਮ ਹੀ ਨਹੀਂ ਹੈ। ਮੈਰਿਜ ਪੈਲੇਸ ਵਿੱਚ ਕੁਝ ਹੀ ਘੰਟਿਆਂ ਵਿੱਚ ਵਿਆਹ ਸੰਪੂਰਨ ਕਰ ਦਿੱਤਾ ਜਾਂਦਾ ਹੈ। ਘਰਵਾਲਿਆਂ ਤੋਂ ਬਿਨਾਂ ਬਾਕੀ ਸਾਰੇ ਰਿਸ਼ਤੇਦਾਰ ਮੈਰਿਜ ਪੈਲੇਸ ਵਿੱਚ ਟਾਈਮ ’ਤੇ ਮਸਾਂ ਹੀ ਪਹੁੰਚਦੇ ਹਨ, ਬਹੁਤੇ ਤਾਂ ਡੋਲੀ ਤੁਰਨ ਤੋਂ ਪਹਿਲਾਂ ਹੀ ਆਪਣੇ ਘਰਾਂ ਨੂੰ ਕੂਚ ਕਰ ਜਾਂਦੇ ਹਨ। ਘੋੜੀਆਂ ਤੇ ਸੁਹਾਗ ਤਾਂ ਬੀਤੇ ਦੀਆਂ ਕਹਾਣੀਆਂ ਬਣ ਗਏ ਹਨ।
ਪੰਜਾਬ ਦੇ ਪਿੰਡਾਂ ਵਿੱਚ ਵੱਸਦੇ ਲੋਕਾਂ ਦੇ ਘਰ ਉਦੋਂ ਵੱਡੇ ਤੇ ਕੱਚੇ ਹੁੰਦੇ ਸਨ, ਪਰ ਲੋਕ ਦਿਲਾਂ ਦੇ ਸੱਚੇ ਹੁੰਦੇ ਸਨ। ਤਕਰੀਬਨ ਸਾਰੇ ਹੀ ਪਰਿਵਾਰ ਸੰਯੁਕਤ ਰੂਪ ਵਿੱਚ ਰਹਿੰਦੇ ਸੀ। ਲੋਕ ਇੱਕ ਦੂਜੇ ਦੀ ਦਿਲੋਂ ਬਿਨਾਂ ਕਿਸੇ ਸਵਾਰਥ ਤੋਂ ਮਦਦ ਕਰਦੇ ਸਨ। ਘਰ ਲੋੜਾਂ ਦੇ ਮੁਤਾਬਿਕ ਹੀ ਬਣਾਏ ਜਾਂਦੇ ਸਨ, ਵੱਡਾ ਵਿਹੜਾ, ਸਬਾਤ, ਚੁੱਲ੍ਹਾ, ਚੌਂਕਾ, ਝਲਾਣੀ, ਪਸ਼ੂਆਂ ਵਾਲਾ ਵਾੜਾ ਆਦਿ। ਅੱਜ ਦੇ ਪੂੰਜੀਵਾਦੀ ਯੁੱਗ ਵਿੱਚ ਘਰ ਪੱਕੇ ਤੇ ਆਕਾਰ ਛੋਟਾ ਹੋਣ ਦੇ ਨਾਲ-ਨਾਲ ਸਾਡੇ ਅੰਦਰਲਾ ਪਹਿਲਾਂ ਵਾਲਾ ਪਿਆਰ ਸੁੰਗੜ ਗਿਆ ਹੈ। ਅਸੀਂ ਮਤਲਬਪ੍ਰਸਤ ਹੋ ਗਏ ਹਾਂ। ਕੋਈ ਸੜਕ ’ਤੇ ਡਿੱਗਿਆ ਪਿਆ ਹੋਵੇ ਤਾਂ ਪਤਾ ਲੱਗਣ ਦੇ ਬਾਵਜੂਦ ਭੋਲੇ ਬਣ ਕੇ ਚਲਾਕੀ ਨਾਲ ਨਿਕਲ ਜਾਂਦੇ ਹਾਂ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ। ਮੇਰੇ ਅੱਖੀਂ ਦੇਖਣ ਦੀ ਇੱਕ ਘਟਨਾ ਯਾਦ ਆ ਗਈ। ਕਿਸੇ ਜਗ੍ਹਾ ਐਕਸੀਡੈਂਟ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਉਸ ਦੁਆਲੇ ਸੜਕ ’ਤੇ ਵਾਹਵਾ ਇਕੱਠ ਹੋਇਆ ਪਿਆ ਸੀ। ਅਚਾਨਕ ਉਸ ਦਾ ਸਕਾ ਭਰਾ ਕੋਲ ਦੀ ਲੰਘ ਗਿਆ ਤੇ ਉਸ ਨੇ ਸੋਚਿਆ ਆਪਾਂ ਕੀ ਲੈਣਾ, ਕੋਈ ਵੀ ਹੋਵੇ। ਕੁਝ ਮਿੰਟਾਂ ਬਾਅਦ ਉਹ ਘਰ ਪਹੁੰਚਿਆ ਤਾਂ ਉਸ ਨੂੰ ਘਰੋਂ ਪਤਾ ਲੱਗਾ ਕਿ ਭਾਈ ਤੇਰੇ ਭਰਾ ਦੀ ਫਲਾਣੀ ਜਗ੍ਹਾ ਐਕਸੀਡੈਂਟ ਹੋਣ ਕਾਰਨ ਮੌਤ ਹੋ ਗਈ ਹੈ। ਫਿਰ ਉਹ ਦੁਬਾਰਾ ਉੱਥੇ ਪਹੁੰਚ ਕੇ ਬਹੁਤ ਪਛਤਾਇਆ। ਹੁਣ ਪਛਤਾਉਣ ਨਾਲ ਕੀ ਬਣਦਾ, ਭਾਵੇਂ ਉਸ ਦੇ ਰੁਕਣ ਨਾਲ ਉਸ ਨੇ ਬਚਣਾ ਤਾਂ ਨਹੀਂ ਸੀ, ਪਰ ਦਿਲ ਅੰਦਰ ਇੱਕ ਟੀਸ ਸਾਰੀ ਉਮਰ ਰਹੂ? ਅੱਜ ਲੋਕਾਂ ਦੇ ਲਹੂ ਸਫੈਦ ਹੋ ਗਏ ਹਨ ਕੀਤਾ ਕੀ ਜਾਵੇ?
ਉਦੋਂ ਪਿੰਡਾਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੁੰਦਾ ਸੀ। ਖਾਣ ਜੋਗੀ ਬੀਜੀ ਜਾਂਦੀ ਸੀ। ਉਦੋਂ ਹਲਾਂ ਤੇ ਨਗੌਰੀ ਬਲਦਾਂ ਦੀਆਂ ਜੋੜੀਆਂ ਦਾ ਖ਼ਾਸ ਹੀ ਮਹੱਤਵ ਹੁੰਦਾ ਸੀ। ਘਰ-ਘਰ ਵਿੱਚ ਦੁੱਧ ਲਈ ਪਸ਼ੂਆਂ ਦੀ ਭਰਮਾਰ ਸੀ। ਖੂਹਾਂ ਤੋਂ ਪਾਣੀ ਭਰਦੀਆਂ ਮੁਟਿਆਰਾਂ ਤੇ ਮਜਾਜ਼ਣਾਂ ਦਾ ਇਕੱਠੇ ਹੋ ਕੇ ਜਾਣਾ ਬਹੁਤ ਹੀ ਚੰਗਾ ਲੱਗਦਾ ਸੀ। ਅੱਜ ਅਸੀਂ ਵਿਹਲੜ ਬਣ ਕੇ ਸਾਰਾ ਦਿਨ ਇੱਧਰ-ਉੱਧਰ ਘੁੰਮ ਕੇ ਟਾਈਮ ਪਾਸ ਕਰ ਰਹੇ ਹਾਂ। ਪੈਲੀ ਠੇਕੇ ’ਤੇ ਦੇ ਕੇ ਆਪਣੇ-ਆਪ ਨੂੰ ਸੁਰਖ਼ਰੂ ਮਹਿਸੂਸ ਕਰ ਰਹੇ ਹਾਂ। ਉਦੋਂ ਮਿਹਨਤ ਕਰਨ ਕਰਕੇ ਬਿਮਾਰੀਆਂ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ ਸੀ ਤੇ ਅੱਜ ਸਾਨੂੰ ਭਿਆਨਕ ਲਾ-ਇਲਾਜ ਬਿਮਾਰੀਆਂ ਖ਼ਤਮ ਕਰ ਰਹੀਆਂ ਹਨ। ਘਰਾਂ ਦੀਆਂ ਕੱਚੀਆਂ ਕੰਧਾਂ ਅਤੇ ਕੰਧੋਲੀਆਂ ’ਤੇ ਵੇਲ ਬੂਟੇ, ਮੋਰ ਤੋਤਿਆਂ, ਬੱਤਖਾਂ ਆਦਿ ਦੇ ਚਿੱਤਰ ਬਣਾ ਕੇ ਉੱਤੇ ਪਾਂਡੂ ਦਾ ਪੋਚਾ ਫੇਰਨ ਨਾਲ ਕਲਾਕਾਰੀ ਦਾ ਅਨੋਖਾ ਨਮੂਨਾ ਪੇਸ਼ ਹੁੰਦਾ ਸੀ। ਉਹ ਅੱਜ ਦੇ ਮਹਿੰਗੇ ਰੰਗਾਂ ਤੇ ਮਸ਼ੀਨੀ ਪੇਂਟ ਨੂੰ ਮਾਤ ਪਾਉਂਦਾ ਸੀ। ਚੁੱਲ੍ਹੇ ਨੂੰ ਰੋਜ਼ਾਨਾ ਸੁਵਖਤੇ ਉੱਠ ਕੇ ਪਰੋਲਾ ਫੇਰਿਆ ਜਾਂਦਾ ਸੀ, ਇਉਂ ਲੱਗਦਾ ਸੀ ਇਹ ਰੋਜ਼ ਹੀ ਨਵਾਂ ਗੱਡਿਆ ਹੋਵੇ। ਇਹ ਸਭ ਅੱਜ ਦੇ ਮਸ਼ੀਨੀ ਯੁੱਗ ਦੀ ਭੇਂਟ ਚੜ੍ਹਕੇ ਮਹਿੰਗੀਆਂ ਰਸੋਈਆਂ ਵਿੱਚ ਬਦਲ ਚੁੱਕਾ ਹੈ। ਜਿਸ ਕਾਰਨ ਪਿੰਡਾਂ ਵਿੱਚੋਂ ਪਸ਼ੂ ਧਨ ਬਹੁਤ ਘਟ ਗਿਆ ਹੈ ਤੇ ਅਸੀਂ ਸਾਰੇ ਰੋਜ਼ਾਨਾ ਲੱਖਾਂ ਲੀਟਰ ਨਕਲੀ ਦੁੱਧ ਤੇ ਡੇਅਰੀ ਉਤਪਾਦ ਖਾ ਪੀ ਕੇ ਕੈਂਸਰ ਟਰੇਨ ਦੇ ਡੱਬਿਆਂ ਨੂੰ ਵਧਾ ਰਹੇ ਹਾਂ।
ਵਿਆਹ-ਸ਼ਾਦੀਆਂ ਵਿੱਚ ਖ਼ੁਸ਼ੀਆਂ ਮਨਾਉਣ ਲਈ ਮਨੋਰੰਜਨ ਦਾ ਸਾਧਨ ਲਾਊਡ ਸਪੀਕਰ ਰਾਹੀਂ ਤਵਿਆਂ ਵਾਲੀਆਂ ਮਸ਼ੀਨਾਂ ’ਤੇ ਰਿਕਾਰਡ ਵਜਾਏ ਜਾਂਦੇ ਸਨ ਤੇ ਬਰਾਤਾਂ ਨਾਲ ਢੱਡ ਸਰੰਗੀ ਵਾਲੇ ਕਵਿਸ਼ਰ ਜਾਂਦੇ ਸਨ। ਸਰੰਗੀ ਦੀ ਲੈਅ ’ਤੇ ਵਾਰਾਂ ਗਾਈਆਂ ਜਾਂਦੀਆਂ ਸਨ। ਕਈ-ਕਈ ਬਰਾਤਾਂ ਵਿੱਚ ਮਨੋਰੰਜਨ ਲਈ ਉਦੋਂ ਨਚਾਰ ਵੀ ਜਾਂਦੇ ਸਨ। ਅੱਜ ਇਹ ਸਭ ਆਧੁਨਿਕ ਜ਼ਮਾਨੇ ਦੀ ਤਰੱਕੀ ਵਾਲੇ ਦੈਂਤ ਨੇ ਨਿਗਲ ਲਿਆ ਹੈ। ਮਨੋਰੰਜਨ ਦੇ ਸਾਧਨ ਬਦਲ ਗਏ ਹਨ। ਮੈਰਿਜ ਪੈਲੇਸ ਵਿੱਚ ਡੀਜੇ ਦੀ ਉੱਚੀ ਬੀਟ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ।
ਉਨ੍ਹਾਂ ਸਮਿਆਂ ਵਿੱਚ ਆਵਾਜਾਈ ਦੇ ਸਾਧਨ ਸੀਮਤ ਤੇ ਵੱਖਰੀ ਕਿਸਮ ਦੇ ਹੁੰਦੇ ਸਨ। ਪਿੰਡਾਂ ਦੇ ਲੋਕ ਆਮ ਹੀ ਗੱਡਿਆਂ, ਬੋਤਿਆਂ ’ਤੇ ਸਫ਼ਰ ਕਰਦੇ ਸਨ। ਥੋੜ੍ਹੇ ਸਰਦੇ ਘਰ ਘੋੜੀਆਂ ਰੱਖਦੇ ਸਨ। ਬਰਾਤਾਂ ਵੀ ਅਕਸਰ ਹੀ ਬੋਤਿਆਂ ਤੇ ਬਲਦਾਂ ਨੂੰ ਸ਼ਿੰਗਾਰ ਕੇ ਗੱਡਿਆਂ ’ਤੇ ਹੀ ਜਾਂਦੀਆਂ ਸਨ। ਲੰਬੀਆਂ ਵਾਟਾਂ ’ਤੇ ਜਾਣ ਵਾਲੇ ਓਪਰੇ ਰਾਹਗੀਰ ਨੂੰ ਪਿੰਡਾਂ ਦੇ ਲੋਕ ਲੱਸੀ ਆਦਿ ਖ਼ੁਦ ਪਿਆਉਂਦੇ ਤੇ ਹਾਜ਼ਰੀ ਰੋਟੀ ਖਵਾਉਂਦੇ। ਉਸ ਨਾਲ ਗੱਲੀ ਪੈ ਕੇ ਨੇੜਤਾ ਵਾਲੀ ਸਾਂਝ ਪਾ ਲੈਂਦੇ, ਧੀ-ਪੁੱਤ ਦੇ ਵਿਆਹਾਂ ਵਿੱਚ ਆਪਣਿਆਂ ਵਾਂਗੂ ਵਰਤਦੇ ਤੇ ਕਈ ਵਾਰੀ ਨੇੜਲੀ ਰਿਸ਼ਤੇਦਾਰੀ ਵੀ ਪਾ ਲੈਂਦੇ ਸਨ। ਅੱਜ ਭਾਵੇਂ ਆਵਾਜਾਈ ਦੇ ਸਾਧਨਾਂ ਦਾ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਪ੍ਰੰਤੂ ਆਪਸੀ ਭਾਈਚਾਰਕ ਸਾਂਝ ਤੇ ਆਪਣਾਪਨ ਓਨੀ ਹੀ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਮਨੁੱਖ ਵੱਲੋਂ ਕੀਤੀ ਤਰੱਕੀ ਨਾਲ ਰਾਤੋ-ਰਾਤ ਸੱਤ ਸਮੁੰਦਰੋਂ ਪਾਰ ਜਾਇਆ ਜਾ ਸਕਦਾ ਹੈ।
ਪੇਂਡੂ ਖੇਡਾਂ ਮਾਨਸਿਕ ਤੇ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੀਆਂ ਸਨ। ਮਾਂ ਖੇਡ ਕਬੱਡੀ, ਖੋ-ਖੋ, ਪਹਿਲਵਾਨਾਂ ਦੇ ਘੋਲ ਆਦਿ ਰਾਹੀਂ ਮੱਲ ਪੀਪਿਆਂ ਦੇ ਪੀਪੇ ਦੇਸੀ ਘਿਓ ਖਾ ਜਾਂਦੇ ਸਨ। ਅੱਜ ਘਰ ਦਾ ਪਿਓਰ ਦੇਸੀ ਘਿਓ ਮਿਲਣਾ ਮੁਸ਼ਕਿਲ ਹੋਇਆ ਪਿਆ ਹੈ ਤੇ ਨਾ ਹੀ ਲੋਕਾਂ ਨੂੰ ਪਚਦਾ ਹੈ। ਆਧੁਨਿਕ ਟੈਕਨਾਲੋਜੀ ਦੀ ਕਾਢ ਐੱਲਸੀਡੀ, ਕੰਪਿਊਟਰ, ਮੋਬਾਈਲ ਤੇ ਇੰਟਰਨੈੱਟ ਨੇ ਪਿੰਡਾਂ ਦੇ ਬੱਚਿਆਂ ਦੀ ਸੋਚ ਨੂੰ ਜਕੜ ਕੇ ਆਪਣਾ ਗੁਲਾਮ ਬਣਾ ਲਿਆ ਹੈ। ਉਨ੍ਹਾਂ ਦੀ ਮਾਨਸਿਕਤਾ ਨੂੰ ਵਿਗਾੜਿਆ ਹੈ। ਅੱਜਕੱਲ੍ਹ ਦੇ ਬੱਚੇ ਇਨਡੋਰ ਖੇਡਾਂ ਹੀ ਪਸੰਦ ਕਰਦੇ ਹਨ। ਘਰ ਤੋਂ ਬਾਹਰ ਖੇਡੀਆਂ ਜਾਣ ਵਾਲੀਆਂ ਖੇਡਾਂ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਬਖ਼ਸ਼ਦੀਆਂ ਹਨ। ਮੋਬਾਈਲ ਨੇ ਤਾਂ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਬਿਮਾਰ ਹੀ ਕਰ ਦਿੱਤਾ ਹੈ।
ਸਾਡੇ ਪੇਂਡੂ ਰਿਸ਼ਤੇ-ਨਾਤਿਆਂ ਵਿੱਚ ਵੀ ਵੱਡੀ ਤਬਦੀਲੀ ਆਈ ਹੈ। ਪੰਜਾਬ ਦੇ ਪਿੰਡਾਂ ਵਿੱਚ ਹਮੇਸ਼ਾ ਹੀ ਦਿਓਰ-ਭਰਜਾਈ ਦਾ ਰਿਸ਼ਤਾ ਮੋਹ ਤੇ ਅਪਣੱਤ ਭਰਿਆ ਰਿਹਾ ਹੈ। ਇਸ ਬਾਰੇ ਇੱਕ ਗੀਤ ਵੀ ਪ੍ਰਚੱਲਿਤ ਹਨ-‘ਛੜੇ ਜੇਠ ਨੂੰ ਲੱਸੀ ਨਹੀਂ ਪਾਉਣੀ, ਦਿਉਰ ਭਾਵੇਂ ਮੱਝ ਚੁੰਘ ਜਾਏ।’ ਅੱਜ ਦਿਓਰ-ਭਰਜਾਈ ਦੇ ਰਿਸ਼ਤੇ ਵਿਚਲਾ ਨਿੱਘ ਤੇ ਅਪਣੱਤ ਲਗਭਗ ਖ਼ਤਮ ਹੋ ਕੇ ਸ਼ਰੀਕੇਬਾਜ਼ੀ ਵਿੱਚ ਬਦਲ ਗਿਆ ਹੈ। ਸੱਸ-ਨੂੰਹ, ਜੀਜਾ-ਸਾਲੀ ਦੇ ਰਿਸ਼ਤਿਆਂ ਦੀ ਗੀਤਾਂ ਵਿਚਲੀ ਗੱਲਬਾਤ ਲੋਪ ਹੋ ਕੇ ਸਿਰਫ਼ ਕਿਤਾਬਾਂ ਤੱਕ ਸੀਮਤ ਹੋ ਗਈ ਹੈ। ਪਹਿਲਾਂ ਬੱਚੇ ਨਾਨਕੇ-ਦਾਦਕੇ ਜਾਣ ਲਈ ਜਿੱਥੇ ਛੁੱਟੀਆਂ ਦਾ ਇੰਤਜ਼ਾਰ ਕਰਦੇ ਹੋਏ ਗਾਉਂਦੇ ਸਨ, ‘ਨਾਨੀ ਕੋਲ ਜਾਵਾਂਗੇ, ਦੁੱਧ ਮਲਾਈਆਂ ਖਾਵਾਂਗੇ, ਮੋਟੇ ਹੋ ਕੇ ਆਵਾਂਗੇ।’ ਮੋਬਾਈਲ ਦੇ ਯੁੱਗ ਨੇ ਬੱਚਿਆਂ ਨੂੰ ਹੁਣ ਨਾਨਕੇ ਹੀ ਭੁਲਾ ਦਿੱਤੇ ਹਨ। ਪਹਿਲਾਂ ਲੋਕ ਕਿਸੇ ਨੂੰ ਗੁੱਸੇ ਨਾਲ ਅਕਸਰ ਕਹਿੰਦੇ ਸਨ ਕਿ ਸੁਧਰ ਜਾ ਨਹੀਂ ਤਾਂ ‘ਨਾਨੀ ਚੇਤੇ ਕਰਾਦੂੰ’ ਅੱਜ ਬੱਚਿਆਂ ਨੂੰ ਇਸ ਮੁਹਾਵਰੇ ਦੇ ਅਰਥ ਹੀ ਨਹੀਂ ਪਤਾ।
ਪੰਜਾਬ ਦੇ ਪਿੰਡਾਂ ਦਾ ਖਾਣ-ਪੀਣ ਅੱਜ ਦੇ ਆਧੁਨਿਕ ਯੁੱਗ ਨਾਲੋਂ ਬਹੁਤ ਹੀ ਸਿਹਤ ਵਰਧਕ ਤੇ ਆਰਗੈਨਿਕ ਸੀ, ਉਦੋਂ ਸਿਆਲਾਂ ਵਿੱਚ ਲੋਕ ਮੱਕੀ, ਬਾਜਰੇ ਦੀ ਰੋਟੀ ਸਾਗ ਵਿੱਚ ਮੱਖਣ ਜਾਂ ਘਿਓ ਪਾ ਕੇ ਲੱਸੀ ਨਾਲ ਖਾਂਦੇ ਸੀ। ਮੋਠ-ਬਾਜਰੇ ਦੀ ਖਿਚੜੀ ਸਿਆਲਾਂ ਵਿੱਚ ਘਿਉ ਪਾ ਕੇ ਖਾਣ ਨਾਲ ਸਰੀਰ ਸਰਦੀ ਝੱਲਣ ਦੇ ਕਾਬਲ ਬਣਦਾ ਸੀ ਤੇ ਅਜਿਹੇ ਸਿਹਤ ਵਰਧਕ ਖਾਣੇ ਲੋਕ ਸ਼ੌਕ ਤੇ ਪਿਆਰ ਨਾਲ ਖਾਂਦੇ ਸਨ। ਗਰਮੀਆਂ ਵਿੱਚ ਦਲੀਆ ਆਦਿ ਤੇ ਜੌਂਆਂ ਦੇ ਸੱਤੂ ਪੀਂਦੇ ਸਨ। ਵਿਆਹ ਸ਼ਾਦੀਆਂ ਵਿੱਚ ਕੜਾਹ ਪ੍ਰਸ਼ਾਦ, ਖੀਰ ਹੋਰ ਮੋਕਿਆਂ ’ਤੇ ਪੂੜੇ, ਗੁਲਗੁਲੇ ਤੇ ਲੱਡੂਆਂ ਆਦਿ ਦੀ ਸਰਦਾਰੀ ਹੁੰਦੀ ਸੀ। ਸਾਰੇ ਲੋਕ ਰੋਟੀ ਤੋਂ ਬਾਅਦ ਗੁੜ ਜ਼ਰੂਰ ਖਾਂਦੇ ਸਨ। ਸ਼ਾਮ ਸਮੇਂ ਮੱਕੀ, ਛੋਲਿਆਂ ਦੇ ਦਾਣੇ ਭੱਠੀ ਤੋਂ ਭੁਨਾ ਕੇ ਹੋਲਾਂ ਅਤੇ ਕਣਕ ਦੇ ਮਰੂੰਡੇ ਲੋਕ ਸ਼ੌਕ ਨਾਲ ਖਾਂਦੇ ਸਨ। ਸਮੇਂ ਦੇ ਨਾਲ ਪਿੰਡਾਂ ਦੇ ਲੋਕਾਂ ਦਾ ਖਾਣ-ਪੀਣ ਦਾ ਮੁਹਾਂਦਰਾ ਬਦਲਦਾ ਗਿਆ। ਅੱਜ ਲੋਕ ਫਾਸਟ ਫੂਡ ਨੂੰ ਪਹਿਲ ਦਿੰਦੇ ਹਨ, ਜਿਨ੍ਹਾਂ ਵਿੱਚ ਪੀਜ਼ਾ, ਬਰਗਰ, ਹੌਟ ਡੌਗ, ਮੋਮੋਜ਼, ਕੁਲਚੇ ਆਦਿ ਬੜੇ ਚਾਅ ਨਾਲ ਖਾਂਦੇ ਹਨ। ਮੱਕੀ, ਬਾਜਰੇ ਦੀ ਰੋਟੀ ਤੇ ਸਾਗ ਦੀ ਜਗ੍ਹਾ ਚੌਲ, ਪੂਰੀਆਂ, ਨਾਨ, ਅਚਾਰ ਤੇ ਆਈਸਕ੍ਰੀਮਾਂ ਨੇ ਥਾਂ ਮੱਲ ਲਈ ਹੈ।
ਪੁਰਾਣੇ ਸਮਿਆਂ ਵਿੱਚ ਪਿੰਡਾਂ ਦੇ ਲੋਕ ਘਰ ਦੇ ਬਣੇ ਹੋਏ ਸੂਤੀ ਖੱਦਰ ਦੇ ਬੁਣੇ ਹੋਏ ਕੱਪੜੇ ਪਾਉਂਦੇ ਸਨ। ਮੁਟਿਆਰਾਂ ਸੂਤੀ ਕੁੜਤੀਆਂ ਘੱਗਰੇ ਤੇ ਫੁਲਕਾਰੀ ਪਹਿਨਦੀਆਂ ਸਨ। ਸਮਾਂ ਪਾ ਕੇ ਮਲਮਲ, ਲੱਠਾ, ਕਰੇਵ, ਪਾਪਲੀਨ, ਟੈਰੀਕਾਟ ਤੇ ਸਿਲਕੀ ਸੂਟ ਚੱਲ ਪਏ। ਪੱਛਮੀ ਸੱਭਿਅਤਾ ਦਾ ਪ੍ਰਭਾਵ ਸਾਡੇ ਪਹਿਰਾਵੇ ’ਤੇ ਵੱਧ ਪਿਆ। ਮੁੰਡੇ-ਕੁੜੀਆਂ ਨਵੇਂ ਫੈਸ਼ਨ ਦੇ ਮੁਰੀਦ ਹੋ ਗਏ। ਕੁੜੀਆਂ ਜੀਨ, ਟੌਪ, ਤੰਗ ਪਜਾਮੀ, ਔਰਤਾਂ ਸਾੜ੍ਹੀ ਅਤੇ ਮਰਦ ਸ਼ਰਟ, ਟੀ ਸ਼ਰਟ, ਕੋਟ ਪੈਂਟਾਂ ਨੂੰ ਅਪਣਾਉਣ ਲੱਗੇ। ਪੁਰਾਤਨ ਸੂਫ ਦਾ ਘੱਗਰਾ ਤੇ ਸੂਤੀ ਕੁੜਤੀ ਤਾਂ ਕਿਸੇ ਦੇ ਘਰੋਂ ਲੱਭਦੀ ਹੀ ਨਹੀਂ। ਗਹਿਣੇ ਔਰਤਾਂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਪਹਿਨਣ ਦਾ ਸ਼ੌਕ ਸੀ ਜਿਵੇਂ ਸੱਗੀ ਫੁੱਲ, ਚੌਂਕ ਚੰਦ, ਸ਼ਿੰਗਾਰ ਪੱਟੀ, ਟਿੱਕਾ, ਲੋਟਣ, ਤੁੰਗਲ, ਪਿੱਪਲ ਪੱਤੀਆਂ, ਬੁਜ਼ਲੀਆਂ, ਟੋਪਸ, ਕੰਢੀ, ਝੁਮਕੇ, ਟੌਪਸ, ਡੰਡੀਆਂ, ਬਹਾਦਰਨੀਆਂ, ਲੌਂਗ, ਕੋਕਾ, ਮੱਛਲੀ, ਨੁਕਰਾ, ਮੇਖਾਂ, ਗਾਨੀ, ਗੁਲੂਬੰਦ, ਮਾਲਾ, ਕੰਠੀ, ਮਟਰ ਮਾਲਾ, ਤੱਗਾ, ਹਮੇਲ, ਲੌਕੇਟ ਪੈਂਡਲ, ਬੁਗਤੀਆਂ, ਰਾਣੀਹਾਰ, ਚੂੜੀਆਂ, ਗਜ਼ਰੇ, ਗੁਖੜੂ, ਕੰਗਣ, ਘੜੀ, ਬਾਕਾਂ, ਛਾਪਾਂ, ਛੱਲੇ, ਕਲੀਚੜੀਆਂ, ਬਿਛੂਏ, ਗੁਠੜੇ ਆਦਿ ਪਹਿਨਣ ਦਾ ਰਿਵਾਜ ਸੀ। ਅੱਜ ਇਨ੍ਹਾਂ ਗਹਿਣਿਆਂ ਦੇ ਨਾਵਾਂ ਨੂੰ ਨਵੀਂ ਪੀੜ੍ਹੀ ਮਨੋ ਵਿਸਾਰ ਚੁੱਕੀ ਹੈ। ਇਨ੍ਹਾਂ ਵਿੱਚੋਂ ਕੁਝ ਕੁ ਬਣਾਉਟੀ ਗਹਿਣੇ ਗਿੱਧੇ ਤੇ ਭੰਗੜੇ ਵਾਲੀਆਂ ਟੀਮਾਂ ਦੇ ਪਾਏ ਦਿਖਾਈ ਦਿੰਦੇ ਹਨ।
ਪਿੰਡਾਂ ਵਿੱਚ ਅੱਜ ਦੇ ਸੂਚਨਾ ਤਕਨਾਲੋਜੀ ਵਾਲੇ ਜ਼ਮਾਨੇ ਦੀ ਹਰ ਸੁੱਖ ਸਹੂਲਤ ਮੌਜੂਦ ਹੈ। ਪਿੰਡਾਂ ਦੀਆਂ ਫਿਰਨੀਆਂ ’ਤੇ ਖੁੱਲ੍ਹੀਆਂ ਦੁਕਾਨਾਂ ਸ਼ਹਿਰ ਦੇ ਬਾਜ਼ਾਰਾਂ ਦਾ ਭੁਲੇਖਾ ਪਾਉਂਦੀਆਂ ਹਨ। ਕਿਸੇ ਸਮੇਂ ਘਰੇਲੂ ਵਰਤੋਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਰਾ ਸਾਮਾਨ ਸ਼ਹਿਰੋਂ ਲਿਆਉਣਾ ਪੈਂਦਾ ਸੀ, ਪਰ ਅੱਜ ਜ਼ਮਾਨੇ ਦੇ ਨਾਲ-ਨਾਲ ਪਿੰਡਾਂ ਦਾ ਮੁਹਾਂਦਰਾ ਬਦਲ ਚੁੱਕਿਆ ਹੈ, ਜਿਸ ਨਾਲ ਸਾਡੇ ਮਨਾਂ ਅੰਦਰੋਂ ਆਪਸੀ ਭਾਈਚਾਰਕ ਸਾਂਝ ਖੰਭ ਲਾ ਕੇ ਕਿਧਰੇ ਉੱਡ ਗਈ ਹੈ। ਇਸ ਦਾ ਮੁੱਢਲਾ ਕਾਰਨ ਸਾਡੀ ਨੌਜਵਾਨ ਪੀੜ੍ਹੀ ਦਾ ਤਰੱਕੀ ਦੀ ਭੁੱਖ, ਬੇਰੁਜ਼ਗਾਰੀ ਦੀ ਮਾਰ ਸਦਕਾ ਵਿਦੇਸ਼ਾਂ ਵੱਲ ਪਰਵਾਸ ਕਰਨਾ ਹੈ। ਪੰਜਾਬ ਵਿੱਚ ਥਾਂ ਖਾਲੀ ਹੋ ਰਹੀ ਹੈ, ਜਿਸ ਨੂੰ ਪੁਰ ਕਰਨ ਲਈ ਵੱਖ-ਵੱਖ ਖਿੱਤਿਆਂ ਵਿੱਚ ਲੋਕ ਪੰਜਾਬ ਵਿੱਚ ਆ ਕੇ ਵਸ ਰਹੇ ਹਨ। ਸ਼ਾਲਾ! ਮੇਰਾ ਉਹ ਪੁਰਾਤਨ ਪੰਜਾਬ ਫਿਰ ਤੋਂ ਆਬਾਦ ਹੋਵੇ ਤੇ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟਰੇਲੀਆ ਵਾਲੇ ਜਹਾਜ਼ਾਂ ਦੀ ਭੀੜ ਘੱਟ ਹੋਵੇ।
ਸੰਪਰਕ: 96462-00468