ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਦਲਾਅ

03:36 PM Jun 04, 2023 IST

ਪਰਦੀਪ ਮਹਿਤਾ

Advertisement

ਮੇਰੇ ਬੇਟੇ ਦੇ ਅੱਠਵੀਂ ਦੇ ਇਮਤਿਹਾਨ ਸਨ। ਉਸ ਨੂੰ ਅੱਵਲ ਲਿਆਉਣ ਹਿੱਤ ਮੈਂ ਪੂਰੀ ਵਾਹ ਲਾ ਰਿਹਾ ਸੀ, ਪਰ ਉਹ ਹਿਸਾਬ ਵਿਚ ਕਾਫ਼ੀ ਕਮਜ਼ੋਰ ਸੀ। ਟਿਊਸ਼ਨ ਦਿਵਾਈ, ਪਰ ਮੈਨੂੰ ਤਸਲੀ ਨਹੀਂ ਹੋਈ। ਇਸ ਲਈ ਮੈਂ ਉਸ ਨੂੰ ਆਪਣੇ ਨਾਲ ਸਕੂਲ ਲੈ ਜਾਂਦਾ। ਸਾਡੇ ਸਕੂਲ ਦੇ ਇਮਤਿਹਾਨ ਵੀ ਨੇੜੇ ਸਨ, ਸਾਰੇ ਪੀਰੀਅਡ ਹੀ ਛੱਡ ਉਸ ਨੂੰ ਪੜ੍ਹਾਉਂਦਾ ਰਹਿੰਦਾ।

ਇਕ ਦਿਨ ਵਿਦਿਆਰਥੀ ਮੈਥੋਂ ਨਕਸ਼ਾ ਸਮਝਣ ਆ ਗਏ। ਮੈਂ ਉਨ੍ਹਾਂ ‘ਤੇ ਵਰ੍ਹ ਪਿਆ, ”ਪਹਿਲਾਂ ਕਿੱਥੇ ਗਏ ਸੀ… ਜਦੋਂ ਕਲਾਸ ‘ਚ ਸਮਝਾਇਆ ਸੀ? ਧਿਆਨ ਹੋਰ ਪਾਸੇ ਹੁੰਦੈ…, ਹੁਣ ਪੇਪਰਾਂ ਨੇੜੇ ਯਾਦ ਆ ਗਿਆ ਨਕਸ਼ਾ… ਪਹਿਲਾਂ ਕਿੰਨੀ ਵਾਰ ਸਮਝਾਤਾ… ਦੱਸੋ ਕੀ ਪੁੱਛਣੈ?” ਬੇਟੇ ਦੇ ਗ਼ਲਤ ਸਵਾਲ ਕੱਢਣ ‘ਤੇ ਮੈਂ ਪਹਿਲੋਂ ਹੀ ਤਪਿਆ ਬੈਠਾ ਸਾਂ। ਉਨ੍ਹਾਂ ਹੱਥੋਂ ਨਕਸ਼ਾ ਫੜ ਕੇ ਮੈਂ ਕਾਹਲੀ-ਕਾਹਲੀ ਝਰੀਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

Advertisement

”ਨਾਲੇ ਦਿਮਾਗ਼ ‘ਤੇ ਬਹੁਤਾ ਬੋਝ ਨਾ ਪਾਇਓ, ਘਰ ਦੀ ਕਲਾਸ ਐ। ਮੈਂ ਆਪੇ ਗੱਫੇ ਲਾਦੂੰ…, ਆਪੇ ਪੜ੍ਹ ਲਿਆ ਕਰੋ, ਤੁਹਾਨੂੰ ਪਤੈ ਨਾ ਕਿ ਆਪਣੇ ਮਿੰਟੂ ਦੇ ਪੇਪਰ ਐ…” ਵਿਦਿਆਰਥੀ ਰੋਣਹਾਕੇ ਹੋ ਤੁਰ ਗਏ। ਮੈਂ ਫਿਰ ਉਹੀ ਸਵਾਲ ਮਿੰਟੂ ਨੂੰ ਚੌਥੀ ਵਾਰ ਕਢਵਾਉਣ ਲੱਗ ਪਿਆ।

”ਪਾਪਾ, ਤੁਸੀਂ ਮੈਨੂੰ ਇਕ ਸਵਾਲ ਵਾਰ-ਵਾਰ ਸਮਝਾ ਕੇ ਨਹੀਂ ਅੱਕਦੇ ਤੇ ਵਾਰ-ਵਾਰ ਕਰਨ ‘ਤੇ ਮੈਨੂੰ ਸਮਝ ਨਹੀਂ ਪੈਂਦਾ, ਫਿਰ ਇਨ੍ਹਾਂ ਵਿਚਾਰਿਆਂ ਨੂੰ ਇਕ ਦੋ ਵਾਰ ਨਾਲ ਕਿਵੇਂ ਸਮਝ ਪੈਂਦਾ ਹੋਵੇਗਾ?” ਮੇਰੇ ਬੇਟੇ ਨੇ ਸਹਿਜ ਸੁਭਾਅ ਕਿਹਾ। ਵਿਦਿਆਰਥੀਆਂ ਦੇ ਚਿਹਰੇ, ਮਿੰਟੂ ਦਾ ਸਵਾਲ ਤੇ ਭਾਰਤ ਦਾ ਨਕਸ਼ਾ ਮੇਰੀ ਸੋਚ ਵਿਚ ਅਜਿਹਾ ਖੁੱਭ ਗਏ ਕਿ ਮੈਂ ਮਿੰਟੂ ਦਾ ਹਿਸਾਬ ਪਰ੍ਹਾਂ ਸੁੱਟ ਆਪਣੀ ਕਲਾਸ ਲੈਣ ਤੁਰ ਪਿਆ।

ਸੰਪਰਕ: 94645-87013

* * *

ਢੁੱਕਵਾਂ ਜਵਾਬ

ਰਮੇਸ਼ ਬੱਗਾ ਚੋਹਲਾ

”ਮੈਡਮ ਜੀ! ਅਰਪਿਤਾ ਕਾ ਸਕੂਲ ਬਦਲਨੇ ਕਾ ਸਰਟੀਫਿਕੇਟ ਚਾਹੀਏ।”

ਹੱਥ ਵਿਚ ਅਰਜ਼ੀ ਫੜੀ ਪਰਵਾਸੀ ਮਜ਼ਦੂਰ ਦੀਨ ਦੀਆਲ ਨੇ ਜਮਾਤ ਦੀ ਇੰਚਾਰਜ ਮੈਡਮ ਗੁਲਾਟੀ ਨੂੰ ਕਿਹਾ।

”ਕਿਉਂ? ਕੀ ਗੱਲ ਹੋ ਗਈ? ਅਰਪਿਤਾ ਕਾ ਸਕੂਲ ਕਿਉਂ ਬਦਲਨਾ ਹੈ?”

ਇੰਚਾਰਜ ਮੈਡਮ ਨੇ ਹੈਰਾਨ ਹੁੰਦਿਆਂ ਸਵਾਲਾਂ ਦੀ ਝੜੀ ਲਗਾ ਦਿੱਤੀ।

”ਬੱਸ ਮੈਡਮ ਜੀ, ਇਸ ਕਾ ਭਾਈ ਪ੍ਰਾਈਵੇਟ ਸਕੂਲ ਮੇਂ ਪੜ੍ਹ ਰਹਾ ਹੈ। ਸੋਚਤਾ ਹੂੰ ਦੋਨੋਂ ਕੋ ਏਕ ਸਾਥ ਹੀ ਭੇਜ ਦੀਆ ਕਰਾਂਗੂੰ। ਔਰ ਵਹਾਂ ਕੀ ਪੜ੍ਹਾਈ ਭੀ ਕੁਝ ਅੱਛੀ ਹੈ।”

ਪੜ੍ਹਾਈ ਵਾਲੀ ਗੱਲ ਸੁਣ ਕੇ ਮੈਡਮ ਗੁਲਾਟੀ ਨੂੰ ਥੋੜ੍ਹਾ ਧੱਕਾ ਜਿਹਾ ਲੱਗਾ ਅਤੇ ਉਹ ਤੈਸ਼ ਵਿਚ ਆ ਕੇ ਬੋਲੀ, ”ਸਵਾਹ ਅੱਛੀ ਹੈ, ਬਾਰਾਂ-ਬਾਰਾਂ ਜਮਾਤਾਂ ਪੜ੍ਹੀਆਂ ਕੁੜੀਆਂ ਰੱਖੀਆਂ ਹੁੰਦੀਆਂ ਨੇ। ਉਨ੍ਹਾਂ ਨੇ ਭਲਾ ਕਿੰਨਾ ਕੁ ਅੱਛਾ ਪੜ੍ਹਾ ਲੈਣਾ ਹੈ? ਸਰਕਾਰੀ ਸਕੂਲ ਵਿਚਲਾ ਸਾਰਾ ਸਟਾਫ਼ ਵੈੱਲ-ਕੁਆਲੀਫਾਈਡ ਹੁੰਦਾ ਹੈ। ਨਾਲੇ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਹੁਣ ਤਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।”

ਗੁਲਾਟੀ ਮੈਡਮ ਸਰਕਾਰੀ ਸਕੂਲਾਂ ਦੇ ਹੱਕ ਵਿਚ ਦਲੀਲਾਂ ਦੇ ਕੇ ਆਪਣਾ ਪੱਲੜਾ ਭਾਰੀ ਕਰ ਰਹੀ ਸੀ।

”ਏਕ ਬਾਤ ਪੂਛੇਂ ਮੈਡਮ ਜੀ?”

”ਹਾਂ… ਪੁੱਛ…।”

”ਆਪ ਕੇ ਕਿਤਨੇੇ ਬੱਚੇ ਹੈ?”

”ਦੋ।”

”ਕਹਾਂ ਪੜ੍ਹਤੇ ਹੈ?”

”…. ਪਬਲਿਕ ਸਕੂਲ ਮੇਂ।”

”ਜੇ ਸਰਕਾਰੀ ਹੈ ਕਿਆ?”

”ਨਹੀਂ। ਪਰ ਤੁਮ ਕਿਉਂ ਪੂਛ ਰਹੇ ਹੋ?”

”ਅਭੀ ਤੋ ਆਪ ਬੋਲ ਰਹੇ ਥੇ ਸਰਕਾਰੀ ਸਕੂਲੋਂ ਕੀ ਪੜ੍ਹਾਈ ਬਹੁਤ ਅੱਛੀ ਹੈ।”

”ਹਾਂ ਬੋਲਾ ਥਾ।”

”ਅਗਰ ਇਤਨੀ ਹੀ ਅੱਛੀ ਹੈ ਤੋ ਫਿਰ ਆਪ ਕੇ ਬੱਚੇ ਸਰਕਾਰੀ ਸਕੂਲ ਮੇਂ ਕਿਊਂ ਨਹੀਂ ਪੜ੍ਹ ਰਹੇ?”

ਦੀਨ ਦਿਆਲ ਦੇ ਇਸ ਪ੍ਰਸ਼ਨ ਦਾ ਮੈਡਮ ਗੁਲਾਟੀ ਕੋਲ ਹੁਣ ਕੋਈ ਢੁੱਕਵਾਂ ਜਵਾਬ ਨਹੀਂ ਸੀ।

ਸੰਪਰਕ: 94631-32719

* * *

ਟੈੱਟ ਪਾਸ

ਸਤਨਾਮ ਸਿੰਘ ਸ਼ਦੀਦ

ਮਨਰੇਗਾ ਸਕੀਮ ਅਧੀਨ ਸੈਕਟਰੀ ਦੀਆਂ ਪੋਸਟਾਂ ਨਿਕਲੀਆਂ। ਮੈਂ ਵੀ ਆਪਣਾ ਫਾਰਮ ਭਰ ਕੇ ਸਬੰਧਿਤ ਅਦਾਰੇ ਦੇ ਨਾਂ ‘ਤੇ ਰਜਿਸਟਰੀ ਕਰਵਾ ਦਿੱਤੀ। ਕੁਝ ਦਿਨਾਂ ਬਾਅਦ ਘਰ ਚਿੱਠੀ ਆਈ ਜਿਸ ‘ਚ ਸਬੰਧਿਤ ਪੋਸਟ ਸਬੰਧੀ ਇੰਟਰਵਿਊ ਦੀ ਤਰੀਕ ਤੇ ਸਮਾਂ ਦੱਸਿਆ ਹੋਇਆ ਸੀ। ਚਿੱਠੀ ਪੜ੍ਹ ਕੇ ਆਸ ਦੀ ਕਿਰਨ ਫੁੱਟੀ ਕਿ ‘ਚਲੋ ਜੇ ਏਸ ਪਾਸੇ ਹੀ ਕੰਮ ਰਾਸ ਆ ਜਾਵੇ’। ਕਈ ਦਿਨ ਮੈਂ ਇੰਟਰਵਿਊ ਵਾਸਤੇ ਤਿਆਰੀ ਕਰਦਾ ਰਿਹਾ, ਸੋਚਿਆ ਇਹ ਮੌਕਾ ਹੱਥੋਂ ਨਿਕਲ ਨਾ ਜਾਵੇ। ਇੰਟਰਵਿਊ ਵਾਲੇ ਦਿਨ ਦੱਸੀ ਹੋਈ ਜਗਾ ਗਿਆ। ਪੰਜ ਦਸ ਮੁੰਡੇ ਕਮਰੇ ਦੇ ਬਾਹਰ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਮੈਂ ਵੀ ਆਪਣਾ ਸਰਟੀਫਿਕੇਟਾਂ ਵਾਲਾ ਲਿਫ਼ਾਫ਼ਾ ਫੜ ਕੇ ਬਾਹਰ ਪਏ ਸਟੂਲ ‘ਤੇ ਬੈਠ ਗਿਆ। ਕੁਝ ਸਮੇਂ ਬਾਅਦ ਮੇਰਾ ਨਾਂ ਲੈ ਕੇ ਆਵਾਜ਼ ਵੱਜ ਗਈ ਤੇ ਮੈਂ ਕਾਹਲ ਨਾਲ ਆਪਣਾ ਸਾਮਾਨ ਚੁੱਕ ਕਮਰੇ ਵਿਚ ਦਾਖਲ ਹੋਣ ਤੋਂ ਪਹਿਲਾਂ ਕਮਰੇ ‘ਚ ਬੈਠੇ ਅਧਿਕਾਰੀ ਤੋਂ ਆਉਣ ਦੀ ਇਜਾਜ਼ਤ ਮੰਗੀ। ਉਹਨੇ ਬਿਨਾਂ ਕੁਝ ਬੋਲੇ ਸਿਰ ਹਿਲਾ ਦਿੱਤਾ ਤੇ ਮੈਂ ਅੰਦਰ ਚਲਾ ਗਿਆ। ਉਹਨੇ ਇਸ਼ਾਰਾ ਕਰਕੇ ਸਾਹਮਣੇ ਪਈ ਘਸੀ ਜਿਹੀ ਕੁਰਸੀ ‘ਤੇ ਬੈਠਣ ਲਈ ਕਿਹਾ। ਉਹ ਆਪਣੀ ਕਰੜ-ਬਰੜੀ ਦਾਹੜੀ ਤੇ ਗੋਲ ਐਨਕਾਂ ਵਿਚਦੀ ਆਪਣੀਆਂ ਮੋਟੀਆਂ ਅੱਖਾਂ ਨਾਲ ਮੇਰੇ ਵੱਲ ਝਾਕਦਾ ਬੋਲਿਆ, ”ਕਾਕਾ ਕਿਹੜਾ ਪਿੰਡ ਏ ਤੇਰਾ?” ”ਜੀ ਮੇਰਾ ਪਿੰਡ ਆਹ ਸਮਾਲਸਰ ਹੀ ਐ।” ਮੇਰਾ ਭਰ ਕੇ ਭੇਜਿਆ ਫਾਰਮ ਉਹਦੇ ਮੇਜ਼ ਉੱਤੇ ਪਿਆ ਸੀ। ਉਹ ਕਿੰਨਾ ਚਿਰ ਮੇਰੇ ਮੂੰਹ ਵੱਲ ਤੇ ਕਦੇ ਸੋਹਣੀ ਲਿਖਾਈ ‘ਚ ਭਰੇ ਫਾਰਮ ਵੱਲ ਵੇਖੀ ਗਿਆ। ਮੈਂ ਅੰਦਰੋਂ ਡਰਿਆ ਹੋਇਆ ਸਾਂ ਮਤੇ ਕਿਧਰੇ ਇਹੋ ਜਿਹਾ ਸਵਾਲ ਪੁੱਛ ਲਵੇ ਜਿਹਦਾ ਮੈਨੂੰ ਜਵਾਬ ਨਾ ਆਉਂਦਾ ਹੋਵੇ। ਫੇਰ ਉਹਨੇ ਆਪਣੀ ਚੁੱਪ ਤੋੜਦਿਆਂ ਖਰ੍ਹਵੀ ਜਿਹੀ ਆਵਾਜ਼ ‘ਚ ਕਿਹਾ, ”ਪੜ੍ਹਿਆ ਕਿੰਨਾ ਏਂ ਤੂੰ?” ”ਜੀ ਸਰ, ਮੈਂ ਐਮ.ਏ, ਬੀ.ਐੱਡ ਪਾਸ ਹਾਂ ਤੇ ਨਾਲ ਹੀ ਟੈੱਟ ਵੀ ਪਾਸ ਕੀਤਾ ਹੋਇਆ ਏ।” ਉਹ ਡੌਰ-ਭੌਰਾ ਜਿਹਾ ਹੋਇਆ ਮੇਰੇ ਮੂੰਹ ਵੱਲ ਦੇਖਦਾ ਹੋਇਆ ਕਹਿਣ ਲੱਗਾ, ”ਉਏ ਇਹ ਨੌਕਰੀ ਦਸਵੀਂ ਪਾਸ ਦੀ ਹੈ। ਟੈੱਟ ਪਾਸ ਵਾਲਿਆਂ ਦੀ ਨਹੀਂ। ਤੂੰ ਮਾਸਟਰਾਂ ਵਾਲੇ ਪਾਸੇ ਹੀ ਟ੍ਰਾਈ ਮਾਰ।” ਇਹ ਕਹਿ ਕੇ ਉਹਨੇ ਬੈੱਲ ਮਾਰ ਕੇ ਅਗਲੇ ਉਮੀਦਵਾਰ ਨੂੰ ਆਉਣ ਦਾ ਸੰਕੇਤ ਦਿੱਤਾ ਤੇ ਮੈਂ ਸਰਟੀਫਿਕੇਟਾਂ ਨਾਲ ਭਰਿਆ ਆਪਣਾ ਲਿਫ਼ਾਫ਼ਾ ਲੈ ਕੇ ਕਮਰੇ ‘ਚੋਂ ਇਹ ਸੋਚਦਾ ਬਾਹਰ ਆ ਗਿਆ ਕਿ ਮੈਂ ਤਾਂ ਭੁੱਲ ਹੀ ਗਿਆ ਸੀ ਬਈ ਮੈਂ ਟੈੱਟ ਪਾਸ ਹਾਂ।

ਸੰਪਰਕ: 99142-98580

* * *

ਸਬਰ ਦਾ ਫਲ

ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ

ਬਚਨ ਸਿੰਘ ਦੀ ਉਮਰ ਦਾ ਵੱਡਾ ਹਿੱਸਾ ਭੱਠੇ ‘ਤੇ ਇੱਟਾਂ ਪੱਥਦਿਆਂ ਲੰਘਿਆ। ਉਸ ਨੇ ਆਪਣੇ ਪੁੱਤਰ ਤਾਰੀ ਨੂੰ ਵੀ ਨਾਲ ਲਗਾ ਰੱਖਿਆ ਸੀ। ਮਿੱਟੀ ਮੱਧਣ ਤੋਂ ਇੱਟਾਂ ਬਣਾਉਣ ਤੱਕ ਦਾ ਕੰਮ ਬੜੇ ਸਲੀਕੇ ਨਾਲ ਕਰਦੇ ਜਿਸ ਕਰਕੇ ਆਲੇ-ਦੁਆਲੇ ਦੇ ਭੱਠਿਆਂ ਵਾਲੇ ਵੀ ਬਚਨ ਸਿੰਘ ਨੂੰ ਪਹਿਲ ਦੇ ਆਧਾਰ ‘ਤੇ ਕੰਮ ਦਿੰਦੇ। ਕੰਮ ਪ੍ਰਤੀ ਇਮਾਨਦਾਰੀ ਤੇ ਦ੍ਰਿੜ੍ਹਤਾ ਕਰਕੇ ਇਲਾਕੇ ਵਿੱਚ ਚੰਗਾ ਨਾਂ ਬਣਾਇਆ, ਪਰ ਤਾਰੀ ਦੇ ਵਿਆਹ ਪਿੱਛੋਂ ਨਵੀਂ ਤਕਨੀਕ ਦੇ ਚਲਦਿਆ ਕੰਮ ਘਟਦਾ ਦੇਖ ਚਿੰਤਾ ਵਿੱਚ ਰਹਿਣ ਲੱਗਾ। ਤਾਰੀ ਨੂੰ ਘਰ ਦੀਆਂ ਮਜਬੂਰੀਆਂ ਕਾਰਨ ਸਕੂਲੋਂ ਹਟਾਉਣ ਅਤੇ ਹੱਥੀਂ ਕੰਮ ਨਾ ਸਿਖਾਉਣ ਦਾ ਝੋਰਾ ਵੱਢ-ਵੱਢ ਖਾਂਦਾ। ਇਹ ਦੁੱਖ ਤਾਰੀ ਦੇ ਜਵਾਨ ਹੋ ਰਹੇ ਮੁੰਡੇ ਕਰਮੇ ਨੂੰ ਦੇਖ ਹੋਰ ਵੱਡਾ ਹੋ ਗਿਆ ਜੋ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਤੇ ਬਾਰ੍ਹਵੀਂ ‘ਚੋਂ ਚੰਗੇ ਨੰਬਰਾਂ ਨਾਲ ਪਾਸ ਹੋਇਆ। ਭਾਵੇਂ ਤਾਰੀ ਨੇ ਕਰਮੇ ਦੀ ਅੱਗੇ ਪੜ੍ਹਨ ਵਾਲੀ ਇੱਛਾ ਮਨ ਵਿਚ ਹੀ ਦਬਾ ਲਈ, ਪਰ ਬਚਨਾਂ ਪੁੱਤ ਦੀ ਤਰੱਕੀ ਪੋਤੇ ਰਾਹੀਂ ਦੇਖਣ ਲੱਗਾ। ਕਰਮੇ ਵਿਚੋਂ ਪਰਿਵਾਰਕ ਸੰਸਕਾਰ ਝਲਕ ਰਹੇ ਸਨ। ਕਾਲਜ ਪੜ੍ਹਦਿਆਂ ਵੀ ਦਾਦੇ ਜਾਂ ਪਿਤਾ ਨੂੰ ਭੱਠੇ ਦੇ ਕੰਮ ਨੂੰ ਕਦੇ ਜਵਾਬ ਨਹੀਂ ਸੀ ਦਿੱਤਾ। ਔਕੜਾਂ ‘ਚੋਂ ਲੰਘਦਿਆਂ ਪੜ੍ਹਾਈ ਜਾਰੀ ਰੱਖੀ। ਦਾਦਾ ਪੋਤੇ ਦੀ ਪੜ੍ਹਾਈ ਸਿਰੇ ਲੱਗਣ ‘ਤੇ ਬਹੁਤ ਖ਼ੁਸ਼ ਸੀ। ਕਾਲਜ ਖਤਮ ਹੋਣ ‘ਤੇ ਕਰਮਾ ਭੱਠੇ ‘ਤੇ ਆਉਣ ਲੱਗਾ। ਭੱਠੇ ਦੇ ਮਾਲਕ ਦਾ ਮੁੰਡਾ ਸ਼ਕਾਲਰਸਿਪ ਦੇ ਪੇਪਰ ਪਾਸ ਕਰ ਕੇ ਅਮਰੀਕਾ ਪੜ੍ਹਨ ਚਲਾ ਗਿਆ ਜੋ ਵਿਹਲ ਵਿੱਚ ਭੱਠੇ ਦਾ ਕੰਮ ਦੇਖਦਾ ਸੀ। ਹੁਣ ਭੱਠੇ ਦਾ ਮਾਲਕ ਖ਼ੁਦ ਕੰਮ-ਕਾਰ ਦੇਖਦਾ। ਉਹ ਦੋ-ਤਿੰਨ ਦਿਨਾਂ ਤੋਂ ਬਚਨੇ ਨਾਲ ਆ ਰਹੇ ਕਰਮੇ ਨੂੰ ਘੋਖਦਾ ਰਿਹਾ। ਇਕਾਗਰਤਾ ਤੇ ਠਰੰਮੇ ਨਾਲ ਕੰਮ ਕਰਦਿਆਂ ਦੇਖ ਬਚਨੇ ਨੂੰ ਲੜਕੇ ਬਾਰੇ ਪੁੱਛਣ ਤੋਂ ਰਹਿ ਨਾ ਸਕਿਆ। ਬਚਨੇ ਨੇ ਆਪਣੇ ਹੋਣਹਾਰ ਪੋਤੇ ਬਾਰੇ ਵਿਸਥਾਰ ਵਿਚ ਦੱਸਿਆ। ਸੇਠ ਨੂੰ ਆਪਣੇ ਪਿਤਾ ਵੱਲੋਂ ਦੱਸੇ ਦਾਦੇ ਨਾਲ ਭੱਠਾ ਸ਼ੁਰੂ ਕਰਨ ਦੇ ਦਿਨ ਯਾਦ ਆ ਗਏ ਕਿ ਦੋਵੇਂ ਕਿਵੇਂ ਮਿੱਟੀ ਨਾਲ ਮਿੱਟੀ ਹੋ ਕੇ ਇੱਥੇ ਤੱਕ ਪਹੁੰਚੇ। ਇਸ ਕਰਕੇ ਇਹ ਪਰਿਵਾਰ ਮਿਹਨਤ ਕਰਨ ਵਾਲਿਆਂ ਦੀ ਮੱਦਦ ਕਰਨਾ ਆਪਣਾ ਧਰਮ ਸਮਝਦਾ ਸੀ।

ਅਚਾਨਕ ਇਕ ਦਿਨ ਭੱਠੇ ਮਾਲਕ ਨੇ ਕਰਮੇ ਨੂੰ ਗੱਲੀਂ-ਬਾਤੀਂ ਟੋਹਣ ਦੀ ਕੋਸ਼ਿਸ਼ ਕੀਤੀ। ਇੰਨੀਆਂ ਮੁਸ਼ਕਲਾਂ ਦੌਰਾਨ ਤੇ ਸਹੂਲਤਾਂ ਤੋਂ ਬਿਨਾਂ ਵੀ ਪੜ੍ਹਨ ਦਾ ਜਜ਼ਬਾ ਸਿਖਰ ‘ਤੇ ਸੀ। ਭੱਠੇ ਦੇ ਮਾਲਕ ਨੇ ਸਰਕਾਰੀ ਨੌਕਰੀ ਦੇ ਇਮਤਿਹਾਨਾਂ ਦੀ ਤਿਆਰੀ ਲਈ ਸਹਾਇਤਾ ਕਰਨ ਦਾ ਹੁੰਗਾਰਾ ਭਰ ਦਿੱਤਾ। ਇਹ ਸੁਣ ਕੇ ਬਚਨੇ ਦੇ ਸੁਪਨਿਆਂ ਨੂੰ ਖੰਭ ਮਿਲ ਗਏ। ਸੇਠ ਨੇ ਉਸ ਦੀ ਪੜ੍ਹਾਈ ਅਤੇ ਰਹਿਣ ਦਾ ਬੰਦੋਬਸਤ ਵੱਡੇ ਸ਼ਹਿਰ ‘ਚ ਕਰ ਦਿੱਤਾ। ਸਾਲ ਭਰ ਦੀ ਘਾਲਣਾ ਪਿੱਛੋਂ ਬਚਨੇ ਦਾ ਪੋਤਾ ਫੂਡ ਇੰਸਪੈਕਟਰ ਦਾ ਇਮਤਿਹਾਨ ਪਾਸ ਕਰ ਕੇ ਸਰਕਾਰੀ ਅਫ਼ਸਰ ਬਣ ਗਿਆ। ਉਸ ਦੀ ਤਰੱਕੀ ਦੀ ਲੋਅ ਕਰਕੇ ਪੂਰਾ ਇਲਾਕੇ ਦੇ ਲੋਕ ਵਧਾਈਆਂ ਦੇ ਰਹੇ ਸਨ। ਬਚਨੇ ਤੇ ਤਾਰੀ ਦੀ ਕੀਤੀ ਉਮਰਾਂ ਦੀ ਮਿਹਨਤ ਤੇ ਇਮਾਨਦਾਰੀ ਦਾ ਕੱਦ ਹੋਰ ਉੱਚਾ ਹੋ ਗਿਆ। ਸਵੇਰੇ ਭੱਠੇ ‘ਤੇ ਜਾਣ ਲੱਗਿਆਂ ਉਹ ਸਬਰ ਦੇ ਇਸ ਫਲ ਕਰਕੇ ਫਖਰ ਮਹਿਸੂਸ ਕਰ ਰਹੇ ਸਨ।

ਸੰਪਰਕ: 78374-90309

Advertisement