ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਦਰਯਾਨ-3: ਲੈਂਡਰ ਚੰਨ ਦੇ ਹੋਰ ਨੇੜੇ ਪੁੱਜਾ

07:30 AM Aug 21, 2023 IST

ਬੰਗਲੂਰੂ, 20 ਅਗਸਤ
ਇਸਰੋ ਨੇ ਕਿਹਾ ਹੈ ਕਿ ਉਸ ਨੇ ਚੰਦਰਯਾਨ-3 ਮਿਸ਼ਨ ਦੇ ਲੈਂਡਰ ਮਾਡਿਊਲ ਨੂੰ ਪੰਧ ’ਤੇ ਥੋੜ੍ਹਾ ਹੋਰ ਹੇਠਾਂ ਸਫ਼ਲਤਾਪੂਰਵਕ ਪਹੁੰਚਾ ਦਿੱਤਾ ਹੈ ਅਤੇ ਉਸ ਦੇ ਹੁਣ 23 ਅਗਸਤ ਸ਼ਾਮ ਛੇ ਵੱਜ ਕੇ ਚਾਰ ਮਿੰਟ ’ਤੇ ਚੰਦਰਮਾ ਦੀ ਸਤਹਿ ’ਤੇ ਉਤਰਨ ਦੀ ਉਮੀਦ ਹੈ। ਪੁਲਾੜ ਏਜੰਸੀ ਨੇ ਕਿਹਾ ਕਿ ਲੈਂਡਰ ਮਾਡਿਊਲ ਪ੍ਰਸਤਾਵਿਤ ਸਾਫਟ ਲੈਂਡਿੰਗ ਤੋਂ ਪਹਿਲਾਂ ਅੰਦਰੂਨੀ ਜਾਂਚ ਪ੍ਰਕਿਰਿਆ ਤੋਂ ਗੁਜ਼ਰੇਗਾ। ਇਸ ਤੋਂ ਪਹਿਲਾਂ ਇਸਰੋ ਨੇ ਕਿਹਾ ਸੀ ਕਿ ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) 23 ਅਗਸਤ ਸ਼ਾਮ ਪੰਜ ਵੱਜ ਕੇ 47 ਮਿੰਟ ’ਤੇ ਚੰਦਰਮਾ ਦੀ ਸਤਹਿ ’ਤੇ ਉਤਰਨਗੇ। ਇਸਰੋ ਨੇ ‘ਐਕਸ’ ’ਤੇ ਐਤਵਾਰ ਤੜਕੇ ਇਕ ਪੋਸਟ ’ਚ ਕਿਹਾ,‘‘ਦੂਜੇ ਅਤੇ ਆਖਰੀ ਡੀਬੂਸਟਿੰਗ (ਰਫ਼ਤਾਰ ਹੌਲੀ ਕਰਨ ਦੀ ਪ੍ਰਕਿਰਿਆ) ਅਪਰੇਸ਼ਨ ’ਚ ਲੈਂਡਰ ਮਾਡਿਊਲ ਸਫ਼ਲਤਾਪੂਰਵਕ ਪੰਧ ’ਚ ਹੋਰ ਹੇਠਾਂ ਆ ਗਿਆ ਹੈ। ਮਾਡਿਊਲ ਹੁਣ ਅੰਦਰੂਨੀ ਜਾਂਚ ਪ੍ਰਕਿਰਿਆ ’ਚੋਂ ਗੁਜ਼ਰੇਗਾ ਅਤੇ ਤੈਅਸ਼ੁਦਾ ਲੈਂਡਿੰਗ ਵਾਲੀ ਥਾਂ ’ਤੇ ਸੂਰਜ ਉੱਗਣ ਦੀ ਉਡੀਕ ਕਰੇਗਾ।’’ ਇਸਰੋ ਮੁਤਾਬਕ ਚੰਦਰਯਾਨ-3 ਮਿਸ਼ਨ ਰਾਹੀਂ ਪੁਲਾੜ ਖੋਜ ’ਚ ਭਾਰਤ ਇਕ ਇਤਿਹਾਸਕ ਉਪਲੱਬਧੀ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਭਾਰਤੀ ਵਿਗਿਆਨ, ਇੰਜਨੀਅਰਿੰਗ, ਤਕਨਾਲੋਜੀ ਅਤੇ ਸਨਅਤ ਵੱਲ ਇਕ ਅਹਿਮ ਕਦਮ ਹੈ।
ਇਸ ਪ੍ਰੋਗਰਾਮ ਦਾ ਟੈਲੀਵਿਜ਼ਨ ’ਤੇ 23 ਅਗਸਤ ਨੂੰ ਸ਼ਾਮ 5 ਵਜ ਕੇ 27 ਮਿੰਟ ’ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਜੋ ਇਸਰੋ ਦੀ ਵੈੱਬਸਾਈਟ, ਉਸ ਦੇ ਯੂਟਿਊਬ ਚੈਨਲ, ਫੇਸਬੁੱਕ ਪੇਜ ਅਤੇ ਡੀਡੀ (ਦੂਰਦਰਸ਼ਨ) ਨੈਸ਼ਨਲ ਟੀਵੀ ਚੈਨਲ ਸਮੇਤ ਕਈ ਪਲੈਟਫਾਰਮ ’ਤੇ ਦਿਖਾਇਆ ਜਾਵੇਗਾ। ਇਸਰੋ ਨੇ ਦੇਸ਼ ਭਰ ਦੇ ਸਾਰੇ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦਰਮਿਆਨ ਇਸ ਉਪਲੱਬਧੀ ਨੂੰ ਪ੍ਰਚਾਰਿਤ ਕਰਨ ਦਾ ਸੱਦਾ ਦਿੱਤਾ ਹੈ। ਚੰਦਰਯਾਨ ਦਾ ਲੈਂਡਰ ਮਾਡਿਊਲ ਅਤੇ ਪ੍ਰੋਪਲਸ਼ਨ ਮਾਡਿਊਲ 14 ਜੁਲਾਈ ਨੂੰ ਮਿਸ਼ਨ ਦੀ ਸ਼ੁਰੂਆਤ ਦੇ 35 ਦਿਨਾਂ ਬਾਅਦ ਵੀਰਵਾਰ ਨੂੰ ਸਫ਼ਲਤਾਪੂਰਵਕ ਵੱਖ ਹੋ ਗਏ ਸਨ।
ਜ਼ਿਕਰਯੋਗ ਹੈ ਕਿ ਇਸਰੋ ਨੇ ਬੀਤੇ ਦਿਨੀਂ ਚੰਦਰਯਾਨ-3 ਉੱਤੇ ਲੱਗੇ ਕੈਮਰਿਆਂ ਨਾਲ ਖਿੱਚੀਆਂ ਗਈਆਂ  ਚੰਨ ਦੀਆਂ ਤਸਵੀਰਾਂ ਵੀ ਰਿਲੀਜ਼ ਕੀਤੀਆਂ ਸਨ। -ਪੀਟੀਆਈ

Advertisement

ਭਾਰਤ-ਰੂਸ ਵਿਚਾਲੇ ਚੰਦਰਮਾ ਦੇ ਦੱਖਣੀ ਧਰੁਵ ’ਤੇ ਲੈਂਡ ਕਰਨ ਦੀ ਦੌੜ

ਭਾਰਤ ਤੇ ਰੂਸ ਵਿਚਾਲੇ ਚੰਦਰਮਾ ਦੇ ਦੱਖਣੀ ਧਰੁਵ ’ਤੇ ਲੈਂਡ ਕਰਨ ਵਾਲੇ ਪਹਿਲੇ ਮੁਲਕ ਬਣਨ ਲਈ ਮੁਕਾਬਲਾ ਚੱਲ ਰਿਹਾ ਹੈ। ਦੱਖਣੀ ਧਰੁਵ ਉਤੇ ਉਤਰਨ ਦੀ ਭਾਰਤ ਦੀ ਪਹਿਲੀ ਕੋਸ਼ਿਸ਼ 2019 ਵਿਚ ਨਾਕਾਮ ਹੋ ਗਈ ਸੀ ਜਦੋਂ ਇਸ ਦਾ ਲੈਂਡਰ ਚੰਦਰਮਾ ਦੇ ਧਰਾਤਲ ਨਾਲ ਟਕਰਾ ਕੇ ਤਬਾਹ ਹੋ ਗਿਆ ਸੀ। ਹਾਲੇ ਤੱਕ ਸਿਰਫ਼ ਸੋਵੀਅਤ ਸੰਘ, ਅਮਰੀਕਾ ਤੇ ਚੀਨ ਹੀ ਸਫ਼ਲਤਾ ਨਾਲ ਚੰਦਰਮਾ ਉਤੇ ਉਤਰ ਸਕੇ ਹਨ, ਪਰ ਇਹ ਚੰਦਰਮਾ ਦੇ ਦੱਖਣੀ ਧਰੁਵ ਉਤੇ ਨਹੀਂ ਉਤਰੇ। -ਏਪੀ

ਰੂਸ ਦਾ ‘ਲੂਨਾ-25’ ਮਿਸ਼ਨ ਨਾਕਾਮ

Advertisement

ਮਾਸਕੋ: ਰੂਸ ਦਾ ਰੋਬੋਟ ਲੈਂਡਰ ਲੂਨਾ-25 ਪੁਲਾੜ ਜਹਾਜ਼ ਬੇਕਾਬੂ ਪੰਧ ’ਤੇ ਪੈ ਚੰਦਰਮਾ ਨਾਲ ਟਕਰਾ ਕੇ ਨਸ਼ਟ ਹੋ ਗਿਆ ਹੈ। ਦੇਸ਼ ਦੀ ਪੁਲਾੜ ਏਜੰਸੀ ‘ਰੌਸਕੌਸਮੋਜ਼’ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਲੈਂਡਰ ਅਨੁਮਾਨਿਤ ਪੰਧ ਉਤੇ ਨਹੀਂ ਪਿਆ ਤੇ ਮਗਰੋਂ ਚੰਦ ਦੇ ਧਰਾਤਲ ਨਾਲ ਟਕਰਾ ਕੇ ਇਸ ਦੀ ਹੋਂਦ ਖ਼ਤਮ ਹੋ ਗਈ।’ ਏਜੰਸੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸ਼ਨਿਚਰਵਾਰ ਪ੍ਰੀ-ਲੈਂਡਿੰਗ ਪੰਧ ਉਤੇ ਪੈਣ ਦੀ ਤਿਆਰੀ ਦੌਰਾਨ ਮੁਸ਼ਕਲ ਆਈ ਤੇ ਇਸ ਦਾ ਪੁਲਾੜ ਜਹਾਜ਼ ਨਾਲੋਂ ਸੰਪਰਕ ਟੁੱਟ ਗਿਆ। ਉਨ੍ਹਾਂ ਕਿਹਾ ਕਿ ‘ਇਕ ਗੈਰ-ਸਾਧਾਰਨ ਸਥਿਤੀ’ ਪੈਦਾ ਹੋਈ ਸੀ ਜਿਸ ਦਾ ਮਾਹਿਰਾਂ ਵੱਲੋਂ ਮੁਲਾਂਕਣ ਕੀਤਾ ਜਾ ਰਿਹਾ ਹੈ। ਇਕ ਟੈਲੀਗ੍ਰਾਮ ਪੋਸਟ ਵਿਚ ਏਜੰਸੀ ਨੇ ਕਿਹਾ ਕਿ, ‘ਅਪਰੇਸ਼ਨ ਦੌਰਾਨ ਆਟੋਮੈਟਿਕ ਸਟੇਸ਼ਨ ’ਤੇ ਗੈਰ-ਸਾਧਾਰਨ ਸਥਿਤੀ ਪੈਦਾ ਹੋਈ, ਜਿਸ ਨੇ ਵਿਸ਼ੇਸ਼ ਮਾਪਦੰਡਾਂ ਤਹਿਤ ਹੋਣ ਵਾਲੀ ਪ੍ਰਕਿਰਿਆ ਮੁਕੰਮਲ ਨਹੀਂ ਹੋਣ ਦਿੱਤੀ। ਪੁਲਾੜ ਜਹਾਜ਼ ਨੇ ਚੰਦਰਮਾ ਦੇ ਦੱਖਣੀ ਧਰੁਵ ਉਤੇ ਲੈਂਡ ਕਰਨਾ ਸੀ। ਚੰਦਰਮਾ ਦੇ ਦੱਖਣੀ ਧਰੁਵ ’ਚ ਵਿਗਿਆਨੀਆਂ ਨੂੰ ਵਿਸ਼ੇਸ਼ ਦਿਲਚਸਪੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਸਥਾਈ ਤੌਰ ’ਤੇ ਪਰਛਾਵੇਂ ਹੇਠ ਰਹਿਣ ਵਾਲੇ ਚੰਦਰਮਾ ਦੇ ਦੱਖਣੀ ਧਰੁਵ ਦੇ ਟੋਇਆਂ ਵਿਚ ਚੱਟਾਨਾਂ ਵਿਚ ਪਾਣੀ ਜੰਮਿਆ ਹੋ ਸਕਦਾ ਹੈ ਤੇ ਇਸ ਨੂੰ ਭਵਿੱਖ ਵਿਚ ਹਵਾ ਤੇ ਰਾਕੇਟ ਈਂਧਨ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਰੂਸੀ ਲੈਂਡਰ ਭਾਰਤੀ ਪੁਲਾੜ ਜਹਾਜ਼ ਤੋਂ ਪਹਿਲਾਂ ਚੰਦਰਮਾ ਦੇ ਧਰਾਤਲ ਉਤੇ ਉਤਰਨ ਦੀ ਤਿਆਰੀ ਕਰ ਰਿਹਾ ਸੀ। ਇਸ ਨੂੰ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਦੋਵਾਂ ਦੇ 21-23 ਅਗਸਤ ਦੇ ਵਿਚਾਲੇ ਚੰਦਰਮਾ ਦੇ ਧਰਾਤਲ ਉਤੇ ਲੈਂਡ ਕਰਨ ਦੀ ਸੰਭਾਵਨਾ ਜਤਾਈ ਗਈ ਸੀ। ‘ਰੌਸਕੌਸਮੋਜ਼’ ਨੇ ਕਿਹਾ ਕਿ ਉਹ ਦਿਖਾਉਣਾ ਚਾਹੁੰਦੇ ਸਨ ਕਿ ਰੂਸ, ‘ਚੰਦਰਮਾ ’ਤੇ ਉਤਰ ਸਕਣ ਦੇ ਸਮਰੱਥ ਹੈ’ ਤੇ ‘ਚੰਦਰਮਾ ਦੇ ਧਰਾਤਲ ’ਤੇ ਉਹ ਰੂਸ ਦੀ ਪਹੁੰਚ ਯਕੀਨੀ ਬਣਾਉਣਾ ਚਾਹੁੰਦੇ ਸਨ।’ ਗੌਰਤਲਬ ਹੈ ਕਿ ਯੂਕਰੇਨ ਜੰਗ ਤੋਂ ਬਾਅਦ ਰੂਸ ਉਤੇ ਲੱਗੀਆਂ ਪਾਬੰਦੀਆਂ ਕਾਰਨ ਇਸ ਦੀ ਪੱਛਮੀ ਤਕਨੀਕ ਤੱਕ ਪਹੁੰਚ ਔਖੀ ਹੋ ਗਈ ਹੈ ਤੇ ਇਸ ਨਾਲ ਪੁਲਾੜ ਪ੍ਰੋਗਰਾਮ ’ਤੇ ਅਸਰ ਪੈ ਰਿਹਾ ਹੈ। ਲੂਨਾ-25 ਨੇ ਪਹਿਲਾਂ ਛੋਟਾ ਰੋਵਰ ਚੰਦਰਮਾ ਉਤੇ ਲਿਜਾਣਾ ਸੀ, ਪਰ ਜਹਾਜ਼ ਦਾ ਭਾਰ ਘਟਾਉਣ ਤੇ ਭਰੋਸੇਯੋਗਤਾ ਵਧਾਉਣ ਲਈ ਇਹ ਯੋਜਨਾ ਮਗਰੋਂ ਤਿਆਗ ਦਿੱਤੀ ਗਈ ਸੀ। ਇਸ ਨੂੰ 10 ਅਗਸਤ ਨੂੰ ਵੋਸਤੋਚਨਾਇ ਕੌਸਮੋਡਰੋਮ ਤੋਂ ਲਾਂਚ ਕੀਤਾ ਗਿਆ ਸੀ। ਇਸ ‘ਸਪੇਸਪੋਰਟ’ ਪ੍ਰਾਜੈਕਟ ’ਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਾਫੀ ਆਸ ਲਾਈ ਹੋਈ ਹੈ ਤੇ ਇਹ ਰੂਸ ਨੂੰ ਪੁਲਾੜ ਮਹਾਸ਼ਕਤੀ ਬਣਾਉਣ ਦੇ ਯਤਨਾਂ ਦਾ ਹਿੱਸਾ ਹੈ। ਦੱਸਣਯੋਗ ਹੈ ਕਿ 1976 ਵਿਚ ਸੋਵੀਅਤ ਯੂਨੀਅਨ ਤੋਂ ਵੱਖ ਹੋਣ ਮਗਰੋਂ ਇਹ ਰੂਸ ਵੱਲੋਂ ਚੰਦਰਮਾ ਲਈ ਕੀਤਾ ਗਿਆ ਪਹਿਲਾਂ ਲਾਂਚ ਸੀ। -ਏਪੀ

Advertisement