ਚੰਦਰਯਾਨ 3 : ਵਿਗਿਆਨ ਦੀ ਚਾਨਣੀ
ਦਿਨੇਸ਼ ਸੀ. ਸ਼ਰਮਾ
ਵਿਗਿਆਨਕ ਸਮਰੱਥਾ
ਭਾਰਤੀ ਪੁਲਾੜ ਖੋਜ ਸੰਸਥਾ (Indian Space Research Organisation- ISRO) ਨੇ ਆਪਣੇ ਹੁਣ ਤੱਕ ਦੇ ਸਭ ਤੋਂ ਗੁੰਝਲਦਾਰ ਮਿਸ਼ਨ ਨੂੰ ਮੁਕੰਮਲ ਕੀਤਾ ਹੈ। ਚੰਦਰਯਾਨ-3 ਬੀਤੇ ਬੁੱਧਵਾਰ ਨੂੰ ਚੰਦ ਦੀ ਸਤ੍ਵਾ ਉੱਤੇ ਸਫ਼ਲਤਾਪੂਰਬਕ ਉਤਰ ਗਿਆ ਹੈ। ਇਸ ਦਾ ਲੈਂਡਰ (ਉਤਰਨ ਵਾਲਾ ਵਾਹਨ) ਆਪਣੇ ਅੰਦਰ ਰੋਵਰ (ਸਤ੍ਵਾ ਉੱਤੇ ਘੁੰਮਣ-ਫਿਰਨ ਵਾਲਾ ਵਾਹਨ) ਨੂੰ ਲੈ ਕੇ ਮਿੱਥੇ ਮੁਤਾਬਿਕ ਚੰਦ ਉੱਤੇ ਉਤਰ ਗਿਆ। ਉਮੀਦ ਹੈ ਕਿ ਇਸ ਵੱਲੋਂ ਆਗਾਮੀ 14 ਦਿਨਾਂ ਤੱਕ ਚੰਦ ਦੀ ਸਤ੍ਵਾ ਦੀ ਘੋਖ-ਪੜਤਾਲ ਕੀਤੀ ਜਾਵੇਗੀ। ਇਹ ਨਾ ਸਿਰਫ਼ ਵਿਗਿਆਨਕ ਅਤੇ ਤਕਨਾਲੋਜੀ ਦੇ ਪੱਖ ਤੋਂ ਇਕ ਮੀਲ-ਪੱਥਰ ਹੈ ਸਗੋਂ ਇਸ ਨਾਲ ਭਾਰਤ ਉਨ੍ਹਾਂ ਗਿਣੇ-ਚੁਣੇ ਮੁਲਕਾਂ ਵਿਚ ਵੀ ਸ਼ੁਮਾਰ ਹੋ ਗਿਆ ਹੈ ਜਿਹੜੇ ਚੰਦ ਉੱਤੇ ਸੌਫਟ ਲੈਂਡਿੰਗ ਕਰਾਉਣ ਦਾ ਮਾਅਰਕਾ ਮਾਰ ਸਕੇ ਹਨ। ਅੱਧੀ ਸਦੀ ਪਹਿਲਾਂ ਪੁਲਾੜ ਦੌਰ ਦੀ ਹੋਈ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਸਿਰਫ਼ ਤਿੰਨ ਮੁਲਕ - ਅਮਰੀਕਾ, ਸੋਵੀਅਤ ਸੰਘ/ਰੂਸ ਅਤੇ ਚੀਨ ਹੀ ਚੰਦ ਉੱਤੇ ਸੌਫਟ ਲੈਂਡਿੰਗ ਵਿਚ ਸਫ਼ਲ ਰਹੇ ਸਨ।
ਚੰਦਰਯਾਨ-3 ਭਾਰਤ ਵੱਲੋਂ ਪੁਲਾੜ ਵਿਚ ਦੂਰ ਤੱਕ ਭੇਜਿਆ ਗਿਆ ਚੌਥਾ ਮਿਸ਼ਨ ਹੈ (ਕੁੱਲ ਮਿਲਾ ਕੇ ਤਿੰਨ ਚੰਦ ਤੇ ਇਕ ਮੰਗਲ ਮਿਸ਼ਨ) ਅਤੇ ਚੰਦ ਦੀ ਸਤ੍ਵਾ ਉੱਤੇ ਉਤਰਨ ਲਈ ਸੌਫਟ ਲੈਂਡਿੰਗ ਵਾਸਤੇ ਤਿਆਰ ਕੀਤਾ ਗਿਆ ਇਹ ਦੂਜਾ ਮਿਸ਼ਨ ਹੈ। ਭਾਰਤੀ ਪੁਲਾੜ ਵਿਗਿਆਨੀਆਂ ਨੇ ਪੁਲਾੜ ਵਿਚ ਦੂਰੇਡੇ ਮਿਸ਼ਨਾਂ ਬਾਰੇ ਸੋਚਣਾ ਤਕਰੀਬਨ ਸਾਲ 2000 ਵਿਚ ਸ਼ੁਰੂ ਕੀਤਾ ਸੀ ਜਿਹੜਾ ਕਈ ਸੰਚਾਰ, ਰਿਮੋਟ ਸੈਂਸਿੰਗ ਅਤੇ ਧਰਤੀ ਦੀ ਨਿਗਰਾਨੀ ਕਰਨ ਵਾਲੇ ਉਪਗ੍ਰਹਿ ਲਾਂਚ ਕਰਨ ਤੋਂ ਬਾਅਦ ਚੁੱਕਿਆ ਜਾਣ ਵਾਲਾ ਇਕ ਵਾਜਬ ਕਦਮ ਸੀ। ਤਿੰਨ ਚੰਦ ਮਿਸ਼ਨਾਂ ਦੇ ਸਪਸ਼ਟ ਵਿਗਿਆਨਕ ਤੇ ਤਕਨਾਲੋਜੀਕਲ ਟੀਚੇ ਸਨ। ਸਮੁੱਚੇ ਤੌਰ ’ਤੇ ਮੁੱਖ ਮਕਸਦ ਪੁਲਾੜ ਵਿਚ ਦੂਰ ਤੱਕ ਜਾਣ ਵਾਲੇ ਮਿਸ਼ਨਾਂ ਨੂੰ ਤਿਆਰ ਕਰਨ, ਬਣਾਉਣ, ਲਾਂਚ ਕਰਨ ਤੇ ਚਲਾਉਣ ਸਬੰਧੀ ਮੁਕੰਮਲ ਤਕਨਾਲੋਜੀਕਲ ਸਮਰੱਥਾ ਵਿਕਸਿਤ ਅਤੇ ਇਸ ਦਾ ਮੁਜ਼ਾਹਰਾ ਕਰਨਾ ਸੀ। ਚੰਦਰਯਾਨ-1 ਨੂੰ ਅਕਤੂਬਰ 2008 ਵਿਚ ਲਾਂਚ ਕੀਤਾ ਗਿਆ ਸੀ ਜਿਸ ਵਿਚ ਇਕ ਔਰਬਿਟਰ (ਦੁਆਲੇ ਘੁੰਮਣ ਵਾਲਾ) ਅਤੇ ਇਕ ਮੂਨ ਇੰਪੈਕਟ ਪਰੋਬ (ਐਮਆਈਪੀ) ਸ਼ਾਮਿਲ ਸੀ ਜਿਸ ਨੂੰ ਚੰਦ ਦੀ ਸਤ੍ਵਾ ਉੱਤੇ ਡਿੱਗਣ ਲਈ (ਨਾ ਕਿ ਸੌਫਟ ਲੈਂਡਿੰਗ ਭਾਵ ਨਰਮਾਈ ਨਾਲ ਉਤਰਨ ਲਈ) ਤਿਆਰ ਕੀਤਾ ਗਿਆ ਸੀ। ਔਰਬਿਟਰ ਨੂੰ ਸਫ਼ਲਤਾ ਨਾਲ ਚੰਦ ਦੁਆਲੇ ਘੁੰਮਣ ਦੇ ਰਾਹ ਪਾ ਦਿੱਤਾ ਗਿਆ ਸੀ ਤਾਂ ਕਿ ਇਹ ਇਸ ਵਿਚ ਲੱਗੇ ਵਿਗਿਆਨਕ ਸੰਦਾਂ ਦੀ ਮਦਦ ਨਾਲ ਚੰਦ ਦੀ ਸਤ੍ਵਾ ਤੋਂ ਰਸਾਇਣਕ, ਖਣਿਜ ਵਿਗਿਆਨ ਸਬੰਧੀ ਅਤੇ ਫੋਟੋ-ਭੂਵਿਗਿਆਨ ਸਬੰਧੀ ਡੇਟਾ ਇਕੱਤਰ ਕਰ ਸਕੇ। ਐਮਆਈਪੀ ਚੰਦ ਦੇ ਦੱਖਣੀ ਧੁਰੇ ਨੇੜੇ ਸ਼ੈਕਲਟਨ ਕਰੇਟਰ ਉੱਤੇ ਡਿੱਗ ਗਿਆ ਸੀ।
ਚੰਦਰਯਾਨ-2 ਨੂੰ ਅਗਸਤ 2019 ਵਿਚ ਲਾਂਚ ਕੀਤਾ ਗਿਆ ਜਿਹੜਾ ਪਹਿਲੇ ਮਿਸ਼ਨ ਨਾਲੋਂ ਜ਼ਿਆਦਾ ਉੱਨਤ ਮਿਸ਼ਨ ਸੀ ਕਿਉਂਕਿ ਇਸ ਵਿਚ ਔਰਬਿਟਰ ਤੋਂ ਇਲਾਵਾ ਇਕ ਲੈਂਡਰ ਤੇ ਰੋਵਰ ਵੀ ਸ਼ਾਮਲ ਸਨ। ਚੰਦਰਯਾਨ-1 ਦੇ ਐਮਆਈਪੀ ਵਾਂਗ ਡੇਗਣ ਦੇ ਉਲਟ ਲੈਂਡਰ ਤੇ ਰੋਵਰ ਨੂੰ ਸੌਫਟ ਲੈਂਡਿੰਗ ਰਾਹੀਂ ਚੰਦ ਦੀ ਸਤ੍ਵਾ ਉੱਤੇ ਸਥਾਪਤ ਕੀਤਾ ਜਾਣਾ ਸੀ। ਇਸ ਮਿਸ਼ਨ ਦੌਰਾਨ ਆਰਬਿਟਰ ਨੂੰ ਸਫ਼ਲਤਾ ਨਾਲ ਚੰਦ ਦੇ ਗ੍ਰਹਿ ਪੰਧ ਉੱਤੇ ਪਾ ਦਿੱਤਾ ਗਿਆ ਅਤੇ ਇਸ ਵਿਚੋਂ ਲੈਂਡਰ ਮਾਡਿਊਲ ਵੀ ਵੱਖ ਹੋ ਗਿਆ ਸੀ, ਪਰ ਚੰਦ ਦੀ ਸਤ੍ਵਾ ਉੱਤੇ ਉਸ ਦੀ ਸੌਫਟ ਲੈਂਡਿੰਗ ਵਿਚ ਸਫ਼ਲਤਾ ਨਹੀਂ ਮਿਲ ਸਕੀ। ਮੌਜੂਦਾ ਮਿਸ਼ਨ ਚੰਦਰਯਾਨ-3 ਵਿਚ ਔਰਬਿਟਰ ਵਾਲਾ ਹਿੱਸਾ ਨਹੀਂ ਸੀ। ਇਸ ਦਾ ਮੁੱਢਲਾ ਮਕਸਦ ਚੰਦ ਉੱਤੇ ਲੈਂਡਰ ਤੇ ਰੋਵਰ ਨੂੰ ਉਤਾਰਨਾ ਸੀ ਤਾਂ ਕਿ ਉੱਥੇ ਵਿਗਿਆਨਕ ਤਜਰਬੇ ਕੀਤੇ ਜਾ ਸਕਣ। ਭਵਿੱਖੀ ਮਿਸ਼ਨ ਇਸ ਤਰ੍ਹਾਂ ਡਿਜ਼ਾਈਨ ਕਰਨੇ ਹੋਣਗੇ ਕਿ ਉਨ੍ਹਾਂ ਨੂੰ ਨਾ ਸਿਰਫ਼ ਚੰਦ ਉੱਤੇ ਉਤਾਰਿਆ ਜਾ ਸਕੇ ਸਗੋਂ ਚੰਦ ਦੇ ਮਿੱਟੀ ਤੇ ਪੱਥਰਾਂ ਦੇ ਨਮੂਨੇ ਵੀ ਵਾਪਸ ਧਰਤੀ ਉੱਤੇ ਲਿਆਂਦੇ ਜਾ ਸਕਣ।
ਇਨ੍ਹਾਂ ਮਿਸ਼ਨਾਂ ਨੇ ਹੁਣ ਤੱਕ ਅਹਿਮ ਵਿਗਿਆਨਕ ਨਤੀਜੇ ਦਿੱਤੇ ਹਨ। ਚੰਦਰਯਾਨ-1 ਵੱਲੋਂ ਛੱਡੇ ਗਏ ਐਮਆਈਪੀ ਨੇ ਚੰਦ ਦੀ ਸਤ੍ਵਾ ਉੱਤੇ ਡਿੱਗਦੇ ਸਮੇਂ ਕੀਮਤੀ ਡੇਟਾ ਇਕੱਤਰ ਕੀਤਾ ਅਤੇ ਸਤ੍ਵਾ ਨਾਲ ਟਕਰਾਉਣ ਤੋਂ ਬਾਅਦ ਇਸ ਤੋਂ ਜੋ ਗ਼ੁਬਾਰ ਪੈਦਾ ਹੋਇਆ ਉਸ ਤੋਂ ਚੰਦ ਦੇ ਵਾਤਾਵਰਨ ਵਿਚ ਪਾਣੀ ਦੀ ਮੌਜੂਦਗੀ ਦਾ ਸੰਕੇਤ ਮਿਲਿਆ। ਇਸੇ ਤਰ੍ਹਾਂ ਔਰਬਿਟਰ ਵਿਚਲੇ ਯੰਤਰਾਂ, ਜਿਵੇਂ ਮੂਨ ਮਿਨਰਾਲੋਜੀਕਲ ਮੈਪਰ ਵੱਲੋਂ ਇਕੱਤਰ ਕੀਤੇ ਗਏ ਡੇਟਾ ਦੇ ਬਾਅਦ ਵਿਚ ਕੀਤੇ ਗਏ ਮੁਲਾਂਕਣ ਤੋਂ ਪਾਣੀ ਵਾਲੇ ਸੂਖ਼ਮ ਕਣਾਂ ਦੀ ਹੋਂਦ ਦੀ ਪੁਸ਼ਟੀ ਹੋਈ। ਚੰਦਰਯਾਨ-2 ਦੇ ਔਰਬਿਟਰ ਵਿਚ ਇਕ ਬਹੁਤ ਹੀ ਵੱਡੇ ਰੈਜ਼ੋਲਿਊਸ਼ਨ (0.3 ਮੀਟਰ) ਦਾ ਕੈਮਰਾ ਲੱਗਾ ਹੋਇਆ ਸੀ ਜਿਸ ਨੇ ਅਜਿਹੇ ਵੇਰਵੇ ਮੁਹੱਈਆ ਕਰਵਾਏ ਜਿਹੜੇ ਆਲਮੀ ਵਿਗਿਆਨਕ ਭਾਈਚਾਰੇ ਲਈ ਬੇਸ਼ਕੀਮਤੀ ਸਾਬਿਤ ਹੋਏ। ਔਰਬਿਟਰ ਆਪਣੀ ਇਕ ਸਾਲ ਦੀ ਮਿਥੀ ਉਮਰ ਤੋਂ ਕਿਤੇ ਲੰਬਾ ਸਮਾਂ ਚੰਦ ਦੁਆਲੇ ਘੁੰਮਦਾ ਰਿਹਾ। ਮੌਜੂਦਾ ਮਿਸ਼ਨ ਦੇ ਲੈਂਡਰ ਤੇ ਰੋਵਰ ਵਿਚ ਲੱਗੇ ਹੋਏ ਵਿਗਿਆਨਕ ਯੰਤਰਾਂ ਵੱਲੋਂ ਵੀ ਚੰਦ ਦੀ ਮਿੱਟੀ ਤੇ ਪੱਥਰਾਂ-ਚੱਟਾਨਾਂ ਦੀ ਰਸਾਇਣਕ ਤੇ ਮੌਲਿਕ ਬਣਤਰ ਬਾਰੇ ਨਵੇਂ ਵੇਰਵੇ ਮੁਹੱਈਆ ਕਰਵਾਏ ਜਾਣ ਦੀ ਉਮੀਦ ਹੈ।
ਇਸਰੋ ਲਈ ਚੰਦ ਦੀਆਂ ਫੇਰੀਆਂ ਬਿਖੜੀਆਂ ਹੀ ਰਹੀਆਂ ਹਨ। ਚੰਦਰਯਾਨ-1 ਆਪਣੇ ਮਿਸ਼ਨ ਦੀ ਮਿਥੀ ਮਿਆਦ ਦੋ ਸਾਲਾਂ ਤੱਕ ਨਹੀਂ ਚੱਲ ਸਕਿਆ। ਇਸ ਨੂੰ ਨਵੰਬਰ 2008 ਤੋਂ ਆਪਣੇ ਕੁਝ ਸੰਦਾਂ ਦੇ ਗ਼ੈਰਮਾਮੂਲੀ ਢੰਗ ਨਾਲ ਗਰਮ ਹੋਣ ਕਾਰਨ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਕੁਝ ਮਹੀਨਿਆਂ ਬਾਅਦ ਇਸ ਦੇ ਚੰਦ ਦੁਆਲੇ ਘੁੰਮਣ ਦੇ ਘੇਰੇ ਨੂੰ 100 ਕਿਲੋਮੀਟਰ ਤੋਂ ਵਧਾ ਕੇ 200 ਕਿਲੋਮੀਟਰ ਦੀ ਉਚਾਈ ਤੱਕ ਕਰਨਾ ਪਿਆ ਤਾਂ ਕਿ ਇਸ ਦਾ ਤਾਪਮਾਨ ਝੱਲਣਯੋਗ ਪੱਧਰ ਤੱਕ ਬਣਿਆ ਰਹੇ। ਫਿਰ ਇਸ ਦਾ ਇਕ ਸੈਂਸਰ ਖ਼ਰਾਬ ਹੋ ਗਿਆ ਜਿਸ ਕਾਰਨ ਆਖ਼ਰ ਇਹ ਉਪਗ੍ਰਹਿ ਨਕਾਰਾ ਹੋ ਕੇ ਰਹਿ ਗਿਆ। ਇਸਰੋ ਦਾ 29 ਅਗਸਤ 2009 ਨੂੰ ਚੰਦਰਯਾਨ-1 ਤੋਂ ਸੰਪਰਕ ਟੁੱਟ ਗਿਆ। ਚੰਦਰਯਾਨ-2 ਅੰਸ਼ਕ ਤੌਰ ’ਤੇ ਕਾਮਯਾਬ ਰਿਹਾ ਕਿਉਂਕਿ ਇਸ ਦੇ ਔਰਬਿਟਰ ਨੂੰ ਸਫ਼ਲਤਾ ਨਾਲ ਟਰਾਂਸਪੋਰਟ ਕਰ ਕੇ ਚੰਦ ਦੇ ਗ੍ਰਹਿ ਪੰਧ ਉੱਤੇ ਪਾ ਦਿੱਤਾ ਗਿਆ, ਪਰ ਇਸ ਦਾ ਲੈਂਡਰ ਚੰਦ ਦੀ ਸਤ੍ਵਾ ਉੱਤੇ ਮਿੱਥੇ ਮੁਤਾਬਿਕ ਉਤਰਨ ਵਿਚ ਨਾਕਾਮ ਰਿਹਾ। ਚੰਦਰਯਾਨ-3 ਨੂੰ ਇਹੋ ਕੰਮ ਸਫ਼ਲਤਾ ਨਾਲ ਕਰਨ ਲਈ ਤਿਆਰ ਕੀਤਾ ਗਿਆ ਸੀ। ਇਸ ਵਿਚ ਲੈਂਡਰ ਤੇ ਰੋਵਰ ਨੂੰ ਇੰਜੈਕਸ਼ਨ ਔਰਬਿਟ ਤੋਂ ਚੰਦ ਦੇ 100 ਕਿਲੋਮੀਟਰ ਦੇ ਘੇਰੇ ਤੱਕ ਲਿਜਾਣ ਲਈ ਔਰਬਿਟਰ ਦੀ ਥਾਂ ਇਕ ਪ੍ਰੋਪਲਸ਼ਨ ਮਾਡਿਊਲ ਲੱਗਾ ਹੋਇਆ ਸੀ।
ਚੰਦ ਮਿਸ਼ਨਾਂ ਦੀ ਤਕਨਾਲੋਜੀਕਲ ਤੇ ਵਿਗਿਆਨਕ ਮੰਤਵਾਂ ਤੋਂ ਇਲਾਵਾ ਬਹੁਤ ਭਾਰੀ ਭੂ-ਸਿਆਸੀ ਅਹਿਮੀਅਤ ਵੀ ਹੈ। ਪੁਲਾੜ ਨੂੰ ਗਾਹੁਣ ਦੀ ਦੌੜ ਮੁੱਖ ਤੌਰ ’ਤੇ ਸਿਆਸੀ ਖ਼ੁਆਹਿਸ਼ਾਂ ਅਤੇ ਠੰਢੀ ਜੰਗ ਤੋਂ ਪ੍ਰੇਰਿਤ ਸੀ। ਜਦੋਂ ਅਮਰੀਕਾ ਨੇ ਚੰਦ ਉੱਤੇ ਮਨੁੱਖ ਨੂੰ ਭੇਜਣ ਦਾ ਮਿਸ਼ਨ ਪੂਰਾ ਕਰ ਕੇ ਇਸ ਦੌੜ ਦਾ ਪਹਿਲਾ ਪੜਾਅ ਜਿੱਤ ਲਿਆ ਤਾਂ ਸੋਵੀਅਤ ਸੰਘ ਨੇ ਚੰਦ ਦੀ ਘੋਖ ਕਰਨ ਲਈ ਰੋਬੋਟ ਆਧਾਰਿਤ ਮਿਸ਼ਨਾਂ ਦੀ ਸ਼ੁਰੂਆਤ ਕੀਤੀ ਅਤੇ ਸਭ ਤੋਂ ਪਹਿਲੇ ਰੋਵਰ ਅਤੇ ‘ਨਮੂਨੇ ਵਾਪਸ ਲਿਆਉਣ’ ਦੇ ਮਿਸ਼ਨ ਪੂਰੇ ਕੀਤੇ। ਕੁਝ ਦਹਾਕੇ ਬਾਅਦ ਚੀਨ ਵੀ ਇਸ ਦੌੜ ਵਿਚ ਸ਼ਾਮਿਲ ਹੋ ਗਿਆ ਅਤੇ ਇਸ ਨੇ ਲੈਂਡਰ ਤੇ ਨਮੂਨਿਆਂ ਦੀ ਵਾਪਸੀ ਵਾਲੇ ਮਿਸ਼ਨ ਪੂਰੇ ਕੀਤੇ। ਹੁਣ ਇਸ ਦੀ 2030 ਤੱਕ ਚੰਨ ਉੱਤੇ ਇਨਸਾਨੀ ਮਿਸ਼ਨ ਭੇਜਣ ਦੀ ਯੋਜਨਾ ਹੈ। ਜਨਵਰੀ 2019 ਵਿਚ ਚੰਦ ਉੱਤੇ ਉਤਰਿਆ ਇਸ ਦਾ ਯੂਤੂ-2 ਰੋਵਰ ਹਾਲੇ ਵੀ ਕੰਮ ਕਰ ਰਿਹਾ ਹੈ। ਰੂਸ ਦੀ ਵੀ ਚੰਦ ਮਿਸ਼ਨਾਂ ਵਿਚ ਦੁਬਾਰਾ ਦਿਲਚਸਪੀ ਜਾਗੀ ਹੈ, ਜਿਵੇਂ ਇਸ ਦੇ ਹਾਲੀਆ ਲੈਂਡਰ-ਰੋਵਰ ਚੰਦ ਮਿਸ਼ਨ ਤੋਂ ਜ਼ਾਹਰ ਹੁੰਦਾ ਹੈ ਜਿਹੜਾ ਭਾਰਤ ਦੇ ਸਫ਼ਲ ਰਹੇ ਚੰਦਰਯਾਨ-3 ਮਿਸ਼ਨ ਤੋਂ ਕੁਝ ਦਿਨ ਪਹਿਲਾਂ ਨਾਕਾਮ ਹੋ ਗਿਆ ਸੀ।
ਚੰਦਰਯਾਨ-1 ਇਸਰੋ ਲਈ ਇਕ ਅਹਿਮ ਮੋੜ ਸੀ। ਅਜਿਹਾ ਮਹਿਜ਼ ਇਸ ਕਾਰਨ ਨਹੀਂ ਕਿ ਇਹ ਪੁਲਾੜ ਵਿਚ ਦੂਰ ਤੱਕ ਭੇਜਿਆ ਗਿਆ ਇਸ ਦਾ ਪਹਿਲਾ ਮਿਸ਼ਨ ਸੀ ਸਗੋਂ ਇਸ ਕਾਰਨ ਵੀ ਕਿ ਇਸ ਨੇ ਜਨਤਾ ਦਾ ਵੱਡੇ ਪੱਧਰ ’ਤੇ ਧਿਆਨ ਖਿੱਚਿਆ। ਮਿਸ਼ਨ ਨੇ ਕਈ ਤਰੀਕਿਆਂ ਨਾਲ ਆਮ ਲੋਕਾਂ ਦੀ ਕਲਪਨਾ ਨੂੰ ਜਗਾਇਆ। ਜਿਵੇਂ ਇਸ ਤੋਂ ਬਾਅਦ ਉੱਭਰਦੇ ਵਿਗਿਆਨੀਆਂ ਤੇ ਇੰਜੀਨੀਅਰਾਂ ਦੀਆਂ ਇਸਰੋ ਵਿਚ ਕੰਮ ਕਰਨ ਲਈ ਅਰਜ਼ੀਆਂ ਦਾ ਹੜ੍ਹ ਆ ਗਿਆ। ਇਸ ਵਰਤਾਰੇ ਤੋਂ ਅਦਾਰੇ ਨੂੰ ਜਨਤਕ ਸ਼ਮੂਲੀਅਤ ਦੀ ਅਹਿਮੀਅਤ ਦਾ ਪਤਾ ਲੱਗਿਆ। ਉਸ ਤੋਂ ਬਾਅਦ ਮੰਗਲ ਔਰਬਿਟਰ ਮਿਸ਼ਨ ਭੇਜਿਆ ਗਿਆ ਤੇ ਉਸ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ। ਹੁਣ ਚੰਦਰਯਾਨ-3 ਨੂੰ ਭੇਜੇ ਜਾਣ ਮੌਕੇ ਵੀ ਇਸਰੋ ਨੇ ਲੈਂਡਰ ਮਾਡਿਊਲ ਵੱਲੋਂ ਚੰਦ ਦੀ ਸਤ੍ਵਾ ਦੀਆਂ ਖਿੱਚੀਆਂ ਗਈਆਂ ਫੋਟੋਆਂ ਅਤੇ ਹੋਰ ਜਾਣਕਾਰੀਆਂ ਨਾਲ ਜਨਤਾ ਤੱਕ ਪਹੁੰਚ ਕਰਨ ਵਾਸਤੇ ਸੋਸ਼ਲ ਮੀਡੀਆ ਮੰਚਾਂ ਦਾ ਬਹੁਤ ਹੀ ਹਮਲਾਵਰਾਨਾ ਢੰਗ ਨਾਲ ਫ਼ਾਇਦਾ ਉਠਾਇਆ। ਇਹ ਪਹਿਲੀ ਵਾਰ ਹੈ ਕਿ ਅਦਾਰੇ ਨੇ ਮਿਸ਼ਨ ਦਾ ‘ਸਰਗਰਮੀ ਨਾਲ ਪ੍ਰਚਾਰ’ ਕਰਨ ਲਈ ਤੇ ਨਾਲ ਹੀ ਚੰਦਰਯਾਨ-3 ਦੀ ਸੌਫਟ ਲੈਂਡਿੰਗ ਨੂੰ ਲਾਈਵ ਸਟਰੀਮਿੰਗ ਰਾਹੀਂ ਸਕੂਲਾਂ ਕਾਲਜਾਂ ਵਿਚ ਸਿੱਧਾ ਦਿਖਾਉਣ ਵਾਸਤੇ ਵਿੱਦਿਅਕ ਅਦਾਰਿਆਂ ਨੂੰ ਸੱਦਾ ਦਿੱਤਾ। ਇਸਰੋ ਵੱਲੋਂ ਵਿੱਦਿਅਕ ਅਦਾਰਿਆਂ ਤੱਕ ਪਹੁੰਚ ਕੀਤੇ ਜਾਣ ਦੀ ਅਜਿਹੀ ਕਾਰਵਾਈ ਦਾ ਜਿੱਥੇ ਸਵਾਗਤ ਹੈ, ਉੱਥੇ ਇਹ ਵੀ ਜ਼ਰੂਰੀ ਹੈ ਕਿ ਅਜਿਹੀ ਕਾਰਵਾਈ ਪ੍ਰਚਾਰ ਤੋਂ ਅਗਾਂਹ ਤੱਕ ਜਾਣੀ ਚਾਹੀਦੀ ਹੈ। ਚੰਦਰਯਾਨ ਵਰਗੇ ਮਿਸ਼ਨਾਂ ਦਾ ਇਸਤੇਮਾਲ ਵਿਗਿਆਨ ਬਾਰੇ ਸਮਝ ਅਤੇ ਵਿਗਿਆਨਕ ਸੋਚ ਨੂੰ ਹੁਲਾਰਾ ਦੇਣ ਵਾਸਤੇ ਕੀਤਾ ਜਾਣਾ ਚਾਹੀਦਾ ਹੈ। ਇਹ ਅਜਿਹੇ ਮੌਕੇ ਹੋਰ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਜਦੋਂ ਨਕਲੀ-ਵਿਗਿਆਨ ਵਧ ਰਿਹਾ ਹੈ ਅਤੇ ਦੂਜੇ ਪਾਸੇ ਅਸਲੀ ਵਿਗਿਆਨਕ ਵਿਚਾਰਾਂ ਉੱਤੇ ਹਮਲੇ ਹੋ ਰਹੇ ਹਨ।
* ਲੇਖਕ ਵਿਗਿਆਨਕ ਵਿਸ਼ਲੇਸ਼ਕ ਹੈ।
ਚੰਦ ’ਤੇ ਪਾਣੀ
1971 ਵਿਚ ਅਮਰੀਕਾ ਦੇ ਅਪੋਲੋ ਮਿਸ਼ਨ ਨੇ ਚੰਦ ’ਤੇ ਪਾਣੀ ਹੋਣ ਦੀ ਵਿਗਿਆਨਕ ਤਸਦੀਕ ਕੀਤੀ ਸੀ। 1976 ਵਿਚ ਸੋਵੀਅਤ ਯੂਨੀਅਨ ਦਾ ਲੂਨਾ-24 ਖੋਜ-ਯੰਤਰ ਚੰਦ ’ਤੇ ਉਤਰਿਆ ਅਤੇ ਉੱਥੋਂ ਮਿੱਟੀ ਦੇ ਨਮੂਨੇ ਲਿਆਇਆ ਜਿਨ੍ਹਾਂ ਵਿਚ 0.1 ਫ਼ੀਸਦੀ ਪਾਣੀ ਪਾਇਆ ਗਿਆ। 2009 ਵਿਚ ਭਾਰਤ ਦੇ ਚੰਦ ਨੂੰ ਭੇਜੇ ਗਏ ਪਹਿਲੇ ਮਿਸ਼ਨ ਦੁਆਰਾ ਕੀਤੇ ਗਏ ਪ੍ਰਯੋਗਾਂ ਨਾਲ ਚੰਦ ਦੀ ਸਤ੍ਵਾ ’ਤੇ ਪਾਣੀ ਹੋਣ ਦੀ ਫਿਰ ਤਸਦੀਕ ਹੋਈ। 2018 ਵਿਚ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੇ ਕਈ ਪ੍ਰਯੋਗਾਂ ਨੇ ਵੀ ਚੰਦ ਦੀ ਸਤ੍ਵਾ ’ਤੇ ਬਰਫ਼ ਜੰਮੀ ਹੋਣ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਚੰਦਰਯਾਨ ਦੇ ਵਿਕਰਮ ਲੈਂਡਰ ’ਚੋਂ ਨਿਕਲਿਆ ਪ੍ਰਗਿਆਨ ਰੋਵਰ ਚੰਦ ਦੇ ਤਲ ’ਤੇ ਘੁੰਮ ਫਿਰ ਕੇ ਇਸ ਦੀ ਹੋਰ ਪੱਕੀ ਤਸਦੀਕ ਕਰੇਗਾ। ਚੰਦ ’ਤੇ ਪਾਣੀ ਦਾ ਹੋਣਾ ਕਈ ਸੰਭਾਵਨਾਵਾਂ ਨਾਲ ਜੁੜਿਆ ਹੋਇਆ ਹੈ।
ਚੰਦਰਯਾਨ-3 ਯਾਤਰਾ
14 ਜੁਲਾਈ : ਚੰਦਰਯਾਨ-3 ਨੇ ਸ੍ਰੀਹਰੀਕੋਟਾ ਤੋਂ ਪੁਲਾੜ ਯਾਤਰਾ ਆਰੰਭੀ
14 ਜੁਲਾਈ : ਚੰਦਰਯਾਨ-3 ਨੇ ਧਰਤੀ ਦੁਆਲੇ ਚੱਕਰ ਲਾਉਣੇ ਸ਼ੁਰੂ ਕੀਤੇ
31 ਜੁਲਾਈ : ਚੰਦਰਯਾਨ-3 ਨੇ ਧਰਤੀ ਦੇ ਗੁਰੂਤਾ ਖੇਤਰ ਤੋਂ ਨਿਕਲ ਕੇ ਚੰਦਰ ਵੱਲ ਯਾਤਰਾ ਦਾ ਆਰੰਭ ਕੀਤੀ
5 ਅਗਸਤ : ਚੰਦ ਦੇ ਗੁਰੂਤਾ ਖੇਤਰ ਵਿਚ ਦਾਖਲਾ ਅਤੇ ਚੰਦ ਦੇ ਆਲੇ ਦੁਆਲੇ ਚੱਕਰ ਸ਼ੁਰੂ
17 ਅਗਸਤ: ਲੈਂਡਰ ਮੋਡਿਊਲ ਪ੍ਰੋਪਲਸ਼ਨ ਮੋਡਿਊਲ ਤੋਂ ਵੱਖ ਹੋਇਆ
23 ਅਗਸਤ : ਵਿਕਰਮ ਲੈਂਡਰ ਨੇ ਚੰਦ ਵੱਲ ਉਤਰਨਾ ਸ਼ੁਰੂ ਕੀਤਾ ਅਤੇ ਸ਼ਾਮ ਦੇ 6.04 ਵਜੇ ਵਿਕਰਮ ਲੈਂਡਰ ਚੰਦ ’ਤੇ ਉਤਰਿਆ। ਫਿਰ ਲੈਂਡਰ ਨੇ ਤਸਵੀਰਾਂ ਭੇਜਣੀਆਂ ਸ਼ੁਰੂ ਕੀਤੀਆਂ।
ਵਿਕਰਮ ਸਾਰਾਭਾਈ (12 ਅਗਸਤ 1919 ਤੋਂ 30 ਦਸੰਬਰ 1971) ਉੱਘੇ ਭੌਤਿਕ ਅਤੇ ਪੁਲਾੜ ਵਿਗਿਆਨੀ ਸਨ ਜਿਨ੍ਹਾਂ ਨੇ ਕਈ ਪਹਿਲਕਦਮੀਆਂ ਕੀਤੀਆਂ। ਉਨ੍ਹਾਂ ਨੇ ਭਾਰਤ ਵਿਚ ਪੁਲਾੜ ਸਬੰਧੀ ਖੋਜ ਸ਼ੁਰੂ ਕਰਵਾਈ ਅਤੇ ਦੇਸ਼ ਦੇ ਪਰਮਾਣੂ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਵੱਡਾ ਯੋਗਦਾਨ ਪਾਇਆ। ਉਹ ਮਨੁੱਖਤਾ ਦੇ ਭਲੇ ਲਈ ਵਿਗਿਆਨ ਦੀ ਤਰੱਕੀ ਅਤੇ ਇਸ ਦੀ ਵਰਤੋਂ ਦੇ ਹਾਮੀ ਸਨ। ਉਨ੍ਹਾਂ ਨੇ 1947 ਵਿਚ ਫਿਜ਼ੀਕਲ ਰਿਸਰਚ ਲੈਬਾਰਟਰੀ ਦੀ ਸਥਾਪਨਾ ਕੀਤੀ। ਵਿਕਰਮ ਸਾਰਾਭਾਈ ਨੇ ਭਾਰਤ ਜਿਹੇ ਵਿਕਾਸਸ਼ੀਲ ਮੁਲਕ ਵਿਚ ਪੁਲਾੜੀ ਖੋਜ ਦੀ ਮਹੱਤਤਾ ਤੋਂ ਕੇਂਦਰ ਸਰਕਾਰ ਨੂੰ ਜਾਣੂੰ ਕਰਵਾਇਆ। 1962 ਵਿਚ ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਅਗਵਾਈ ਵਿਚ ਪੁਲਾੜ ਸਬੰਧੀ ਖੋਜ ਦੀ ਭਾਰਤੀ ਕੌਮੀ ਖੋਜ ਕਮੇਟੀ (Indian National Committee for Space Research) ਬਣਾਈ ਗਈ। ਵਿਕਰਮ ਸਾਰਾਭਾਈ 1963 ਤੋਂ 1971 ਤਕ ਇਸ ਕਮੇਟੀ ਦੇ ਚੇਅਰਮੈਨ ਰਹੇ। 1969 ਵਿਚ ਭਾਰਤੀ ਪੁਲਾੜ ਖੋਜ ਸੰਸਥਾ- ਇਸਰੋ ਹੋਂਦ ਵਿਚ ਆਈ ਜਿਸ ਦੇ ਉਹ ਬਾਨੀ ਚੇਅਰਮੈਨ ਬਣੇ। ਭਾਰਤ ਦੇ ਵਿਕਰਮ ਲੈਂਡਰ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ।
ਮਿਸ਼ਨ ਚੰਦਰਯਾਨ 3 ਦੇ ਮੁੱਖ ਵਿਗਿਆਨੀ
ਚੋਟੀ ਦੇ ਏਅਰੋਸਪੇਸ ਇੰਜੀਨੀਅਰ ਐੱਸ. ਸੋਮਨਾਥ ਇਸਰੋ ਦੇ ਚੇਅਰਮੈਨ ਹਨ। ਉਨ੍ਹਾਂ ਨੇ ਚੰਦਰਯਾਨ-3 ਨੂੰ ਗ੍ਰਹਿਪੰਧ ਉੱਤੇ ਪਾਉਣ ਵਾਲੇ ਰਾਕੇਟ ਲਾਂਚ ਵਹੀਕਲ ਮਾਰਕ-3 (ਐਲਵੀਐਮ3) ਜਾਂ ਬਾਹੂਬਲੀ ਰਾਕੇਟ ਦਾ ਡਿਜ਼ਾਈਨ ਤਿਆਰ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ ਹੈ।
ਪੀ ਵੀਰਾਮੁਥਵੇਲ ਸਮੁੱਚੇ ਤੌਰ ’ਤੇ ਚੰਦਰਯਾਨ-3 ਮਿਸ਼ਨ ਦੇ ਪ੍ਰਾਜੈਕਟ ਡਾਇਰੈਕਟਰ ਹਨ ਜਿਹੜੇ ਇਸਰੋ ਦੇ ਸਪੇਸ ਇਨਫਰਾਸਟਰਕਚਰ ਪ੍ਰੋਗਰਾਮ ਆਫੀਸਰ ਵੀ ਹਨ। ਉਨ੍ਹਾਂ ਨੇ 2019 ਵਿਚ ਮਿਸ਼ਨ ਦੀ ਜ਼ਿੰਮੇਵਾਰੀ ਸੰਭਾਲੀ ਸੀ। ਉਹ ਆਪਣੀ ਤਕਨੀਕੀ ਯੋਗਤਾ ਲਈ ਜਾਣੇ ਜਾਂਦੇ ਹਨ ਜਿਨ੍ਹਾਂ ਚੰਦਰਯਾਨ-2 ਮਿਸ਼ਨ ਵਿਚ ਵੀ ਅਹਿਮ ਜ਼ਿੰਮੇਵਾਰੀ ਨਿਭਾਈ ਸੀ।
ਐੱਸ ਮੋਹਨ ਕੁਮਾਰ, ਵਿਕਰਮ ਸਾਰਾਭਾਈ ਸਪੇਸ ਸੈਂਟਰ ਨਾਲ ਸਬੰਧਤ ਸੀਨੀਅਰ ਪੁਲਾੜ ਵਿਗਿਆਨੀ ਹਨ ਜਿਹੜੇ ਬੀਤੇ 30 ਸਾਲਾਂ ਤੋਂ ਇਸਰੋ ਦਾ ਹਿੱਸਾ ਹਨ। ਉਹ ਚੰਦਰਯਾਨ-3 ਮਿਸ਼ਨ ਦੇ ਮਿਸ਼ਨ ਡਾਇਰੈਕਟਰ ਹਨ ਅਤੇ ਉਨ੍ਹਾਂ 14 ਜੁਲਾਈ ਨੂੰ ਸ੍ਰੀਹਰੀਕੋਟਾ ਸਪੇਸ ਸੈਂਟਰ ਤੋਂ ਪੁਲਾੜ ਵਾਹਨ ਨੂੰ ਲਾਂਚ
ਕੀਤੇ ਜਾਣ ਦਾ ਅਧਿਕਾਰਤ ਤੌਰ ’ਤੇ ਐਲਾਨ ਕੀਤਾ।
ਐੱਮ ਸ਼ੰਕਰਨ ਦੇਸ਼ ਦੇ ਉੱਘੇ ਵਿਗਿਆਨੀ ਅਤੇ ਇਸਰੋ ਦੇ ਉਪਗ੍ਰਹਿ ਕੇਂਦਰ ‘ਯੂਆਰ ਰਾਓ ਸੈਟੇਲਾਈਟ ਸੈਂਟਰ’ ਦੇ ਮੁਖੀ ਹਨ। ਇਸੇ ਅਦਾਰੇ ਵੱਲੋਂ ਇਸਰੋ ਦੇ ਪੁਲਾੜ ਮਿਸ਼ਨਾਂ ਲਈ ਪੁਲਾੜ ਵਾਹਨ ਤਿਆਰ ਕੀਤੇ ਜਾਂਦੇ ਹਨ। ਚੰਦਰਯਾਨ-3 ਵੀ ਇਸਰੋ ਉਪਗ੍ਰਹਿ ਕੇਂਦਰ ਨੇ ਤਿਆਰ ਕੀਤਾ ਸੀ। ਕੇਂਦਰ ਦੀ ਅਗਵਾਈ 2021 ਤੋਂ ਸ਼ੰਕਰਨ ਦੇ ਹੱਥ ਹੈ। ਉਨ੍ਹਾਂ ਦੀ ਜ਼ਿੰਮੇਵਾਰੀ ਮੁੱਖ ਤੌਰ ’ਤੇ ਚੰਦਰਯਾਨ-3 ਦੀ ਗਰਮੀ ਤੇ ਠੰਢ ਪੱਖੋਂ ਢੁਕਵੀਂ ਅਜ਼ਮਾਇਸ਼ ਯਕੀਨੀ ਬਣਾਉਣਾ ਸੀ। ਵਿਕਰਮ ਲੈਂਡਰ ਦੀ ਮਜ਼ਬੂਤੀ ਪੱਖੋਂ ਅਜ਼ਮਾਇਸ਼ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਸੀ।
ਐਮ ਸ੍ਰੀਕਾਂਤ, ਵਿਕਰਮ ਸਾਰਾਭਾਈ ਪੁਲਾੜ ਕੇਂਦਰ ਵਿਖੇ ਚੰਦਰਯਾਨ-3 ਨਾਲ ਸਬੰਧਿਤ ਮਿਸ਼ਨ ਡਾਇਰੈਕਟਰ ਹਨ। ਸ੍ਰੀਕਾਂਤ ਜੁਲਾਈ 2010 ਤੋਂ ਇਸਰੋ ਦੇ ਡਿਪਟੀ ਪ੍ਰਾਜੈਕਟ ਡਾਇਰੈਕਟਰ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ।
ਕਲਪਨਾ ਕੇ. ਨੇ ਚੰਦਰਯਾਨ-3 ਮਿਸ਼ਨ ਦੀ ਡਿਪਟੀ ਪ੍ਰਾਜੈਕਟ ਡਾਇਰੈਕਟਰ ਵਜੋਂ ਪ੍ਰਾਜੈਕਟ ਦੇ ਕਈ ਗੁੰਝਲਦਾਰ ਪੱਖਾਂ ਉੱਤੇ ਡੂੰਘੀ ਨਜ਼ਰ ਰੱਖਦਿਆਂ ਇਸ ਦੀ ਸਫ਼ਲਤਾ ਵਿਚ ਅਹਿਮ ਭੂਮਿਕਾ ਨਿਭਾਈ। ਭਾਰਤ ਦੇ ਕਈ ਉਪਗ੍ਰਹਿਆਂ ਨੂੰ ਤਿਆਰ ਕਰਨ ਦੇ ਪ੍ਰਾਜੈਕਟਾਂ ਵਿਚ ਭੂਮਿਕਾ ਨਿਭਾਉਣ ਦੇ ਨਾਲ ਹੀ ਕਲਪਨਾ ਚੰਦਰਯਾਨ-2 ਅਤੇ ਮੰਗਲਯਾਨ ਮਿਸ਼ਨਾਂ ਨਾਲ ਵੀ ਨੇੜਿਉਂ ਜੁੜੀ ਰਹੀ ਹੈ।
ਐੱਮ ਵਨੀਤਾ ਇਸਰੋ ਦੀ ਪਹਿਲੀ ਮਹਿਲਾ ਪ੍ਰਾਜੈਕਟ ਡਾਇਰੈਕਟਰ ਅਤੇ ਨਾਲ ਹੀ ਕਿਸੇ ਅੰਤਰ-ਗ੍ਰਹਿ ਮਿਸ਼ਨ ਦੀ ਅਗਵਾਈ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਹੈ। ਉਹ ਇਲੈਕਟਰਾਨਿਕ ਸਿਸਟਮ ਇੰਜੀਨੀਅਰ ਹੈ ਅਤੇ ਚੰਦਰਯਾਨ-3 ਮਿਸ਼ਨ ਦੀ ਡਿਪਟੀ ਡਾਇਰੈਕਟਰ।