ਚੰਦਰਯਾਨ-3 ਚੰਨ ਦੀ ਸਭ ਤੋਂ ਪੁਰਾਣੀ ਪੱਥਰਾਟੀ ਸਤਹਿ ’ਤੇ ਉਤਰਿਆ: ਖੋਜਾਰਥੀ
ਨਵੀਂ ਦਿੱਲੀ, 29 ਸਤੰਬਰ
ਭਾਰਤ ਦਾ ਚੰਦਰਮਾ ਮਿਸ਼ਨ ਚੰਦਰਯਾਨ-3 ਸੰਭਾਵੀ ਤੌਰ ’ਤੇ ਚੰਦਰਮਾ ਦੇ ਸਭ ਤੋਂ ਪੁਰਾਣੇ ਕਰੇਟਰਾਂ (ਪੱਥਰਾਟੀ ਸਤਹਿ) ’ਤੇ ਉਤਰਿਆ ਹੋਵੇਗਾ। ਮਿਸ਼ਨ ਤੇ ਉਪਗ੍ਰਹਿਆਂ ਦੀਆਂ ਤਸਵੀਰਾਂ ਦਾ ਅਧਿਐਨ ਕਰਨ ਵਾਲੇ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਹੈ। ਫ਼ਿਜ਼ੀਕਲ ਰਿਸਰਚ ਲੈਬਾਰਟਰੀ ਤੇ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਅਹਿਮਦਾਬਾਦ ਨੇ ਕਿਹਾ ਕਿ ਇਹ ਕ੍ਰੇਟਰ 3.85 ਅਰਬ ਸਾਲ ਪਹਿਲਾਂ ਦੇ ਨੈਕਟੇਰੀਅਨ ਅਰਸੇ ਦੌਰਾਨ ਬਣੇ ਹੋਣਗੇ ਤੇ ਚੰਦਰਮਾ ਦੇ ਇਤਿਹਾਸ ਵਿਚ ਇਹ ਹੁਣ ਤੱਕ ਦੇ ਸਭ ਤੋਂ ਪੁਰਾਣੇ ਸਮਿਆਂ ’ਚੋਂ ਇਕ ਹੈ। ਪਲੈਨੇਟਰੀ ਸਾਇੰਸਜ਼ ਡਿਵੀਜ਼ਨ ’ਚ ਸਹਾਇਕ ਪ੍ਰੋਫੈਸਰ ਐੱਸ. ਵਿਜਯਨ ਨੇ ਦੱਸਿਆ, ‘‘ਚੰਦਰਯਾਨ-3 ਜਿਸ ਥਾਂ ’ਤੇ ਉਤਰਿਆ ਉਹ ਨਿਵੇਕਲੀ ਭੂਗੋਲਿਕ ਸੈਟਿੰਗ ਹੈ, ਜਿੱਥੇ ਪਹਿਲਾਂ ਕੋਈ ਮਿਸ਼ਨ ਨਹੀਂ ਗਿਆ। ਮਿਸ਼ਨ ਦੇ ਪ੍ਰਗਿਆਨ ਰੋਵਰ ਵੱਲੋਂ ਖਿੱਚੀਆਂ ਤਸਵੀਰਾਂ ਚੰਦਰਮਾ ਦੇ ਇਸ ਦਾਇਰੇ ਦੀਆਂ ਪਹਿਲੀਆਂ ਤਸਵੀਰਾਂ ਹਨ। ਉਹ ਦਰਸਾਉਂਦੀਆਂ ਹਨ ਕਿ ਸਮੇਂ ਦੇ ਨਾਲ ਚੰਦਰਮਾ ਦਾ ਵਿਸਤਾਰ ਕਿਵੇਂ ਹੋਇਆ।’’ ਜਦੋਂ ਸੂਰਜ ਦੁਆਲੇ ਘੁੰਮਣ ਵਾਲੇ ਨਿੱਕੇ ਨਿੱਕੇ ਗ੍ਰਹਿ (ਐਸਟਰੌਇਡ) ਕਿਸੇ ਵੱਡੇ ਗ੍ਰਹਿ ਜਾਂ ਚੰਦਰਮਾ ਜਿਹੀ ਕਿਸੇ ਵੱਡੀ ਚੀਜ਼ ਦੇ ਸਤਹਿ ਨਾਲ ਟਕਰਾਉਂਦੇ ਹਨ ਤਾਂ ਇਸ ਕਰਕੇ ਜਿਹੜੀ ਸਮੱਗਰੀ ਆਪਣੀ ਥਾਂ ਤੋਂ ਹਿੱਲਦੀ ਹੈ ਉਸ ਨੂੰ ‘ਇਜੈਕਟਾ’ ਕਹਿੰਦੇ ਹਨ। -ਪੀਟੀਆਈ