For the best experience, open
https://m.punjabitribuneonline.com
on your mobile browser.
Advertisement

ਚੰਦਰਬਾਬੂ ਨਾਇਡੂ ਵੱਲੋਂ ਵਿੱਤ ਮੰਤਰੀ ਸੀਤਾਰਾਮਨ ਨਾਲ ਮੁਲਾਕਾਤ

06:16 AM Jul 06, 2024 IST
ਚੰਦਰਬਾਬੂ ਨਾਇਡੂ ਵੱਲੋਂ ਵਿੱਤ ਮੰਤਰੀ ਸੀਤਾਰਾਮਨ ਨਾਲ ਮੁਲਾਕਾਤ
ਿਵੱਤ ਮੰਤਰੀ ਿਨਰਮਲਾ ਸੀਤਾਰਾਮਨ ਨਾਲ ਗੱਲਬਾਤ ਕਰਦੇ ਹੋਏ ਐੱਨ ਚੰਦਰਬਾਬੂ ਨਾਇਡੂ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 5 ਜੁਲਾਈ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਅੱਜ ਇੱਥੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਮੁਲਾਕਾਤ ਕੀਤੀ ਤੇ ਕਰਜ਼ ’ਚ ਡੁੱਬੇ ਸੂਬੇ ਲਈ ਵਿੱਤੀ ਮਦਦ ਮੰਗੀ। ਕੇਂਦਰੀ ਬਜਟ ਪੇਸ਼ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਨਾਇਡੂ ਦੀ ਕੇਂਦਰੀ ਵਿੱਤ ਮੰਤਰੀ ਨਾਲ ਇਹ ਮੀਟਿੰਗ ਅਹਿਮ ਮੰਨੀ ਜਾ ਰਹੀ ਹੈ।
ਉੱਤਰੀ ਬਲਾਕ ’ਚ ਮੀਟਿੰਗ ਦੌਰਾਨ ਨਾਇਡੂ ਨੇ ਆਂਧਰਾ ਪ੍ਰਦੇਸ਼ ’ਚ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਬਾਰੇ ਚਾਨਣਾ ਪਾਇਆ ਜਿਨ੍ਹਾਂ ਲਈ ਕੇਂਦਰੀ ਮਦਦ ਦੀ ਲੋੜ ਹੈ। ਸੂਤਰਾਂ ਮੁਤਾਬਕ, ‘‘ਮੁੱਖ ਮੰਤਰੀ ਨੇ ਤਫ਼ਸੀਲ ’ਚ ਇੱਕ ਮੈਮੋਰੰਡਮ ਪੇਸ਼ ਕੀਤਾ, ਜਿਸ ਵਿੱਚ ਸੂਬੇ ਦੀਆਂ ਵਿੱਤੀ ਲੋੜਾਂ ਅਤੇ ਵੰਡ ’ਚ ਵਾਧੇ ਦੀ ਮੰਗ ਪਿੱਛੇ ਤਰਕ ਨੂੰ ਉਭਾਰਿਆ ਗਿਆ ਹੈ।’’ ਕੇਂਦਰ ’ਚ ਸ਼ਾਮਲ ਤੇਲਗੂ ਦੇਸਮ ਪਾਰਟੀ (ਟੀਡੀਪੀ) ਦੇ ਮੰਤਰੀ ਵੀ ਮੀਟਿੰਗ ’ਚ ਮੌਜੂਦ ਸਨ। ਸੂਤਰਾਂ ਨੇ ਦੱਸਿਆ ਕਿ ਨਿਰਮਲਾ ਸੀਤਾਰਾਮਨ ਨੇ ਨਾਇਡੂ ਦੀਆਂ ਫ਼ਿਕਰਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਹ ਆਂਧਰਾ ਪ੍ਰਦੇਸ਼ ਦੀਆਂ ਮੰਗਾਂ ’ਤੇ ਵਿਚਾਰ ਕਰਨਗੇ। ਸੂਬਾ ਸਰਕਾਰ ਦੇ ਅੰਕੜਿਆਂ ਮੁਤਾਬਕ ਆਂਧਰਾ ਪ੍ਰਦੇਸ਼ ਦਾ ਜਨਤਕ ਕਰਜ਼ਾ 2019-20 ’ਚ ਕੁੱਲ ਸੂਬਾਈ ਘਰੇਲੂ ਉਤਪਾਦ (ਜੀਐੱਸਡੀਪੀ) 31.02 ਫ਼ੀਸਦ ਤੋਂ ਵਧ ਕੇ ਵਿੱਤੀ ਵਰ੍ਹੇ 2023-24 ’ਚ 33.32 ਫ਼ੀਸਦ ਹੋ ਗਿਆ ਹੈ। ਇਸ ਤੋਂ ਪਿਛਲੇ ਪੰਜ ਸਾਲਾਂ ’ਚ ਸੂਬੇ ਦੀ ਵਿੱਤੀ ਸਥਿਤੀ ’ਚ ਗਿਰਾਵਟ ਦਾ ਸੰਕੇਤ ਮਿਲਦਾ ਹੈ। ਨਾਇਡੂ ਵੱਲੋਂ ਮੁੱਖ ਮੰਗਾਂ ’ਚ ਪੋਲਾਵਰਮ ਸਿੰਜਾਈ ਪ੍ਰਾਜੈਕਟ ਲਈ ਫੰਡ, ਪੱਛੜੇ ਖੇਤਰਾਂ ਲਈ ਵਿਸ਼ੇਸ਼ ਸਹਾਇਤਾ ਅਤੇ ਨਵੀਂ ਰਾਜਧਾਨੀ ਅਮਰਾਵਤੀ ਦੇ ਵਿਕਾਸ ਲਈ ਸਮਰਥਨ ਸ਼ਾਮਲ ਹੈ। ਮੁੱਖ ਮੰਤਰੀ ਨਾਇਡੂ ਨੇ ਆਂਧਰਾ ਪ੍ਰਦੇਸ਼ ਦੀ ਵੰਡ ਤੋਂ ਪੈਦਾ ਹੋਏ ਮੁੱਦਿਆਂ ਦੇ ਹੱਲ ਦੀ ਵੀ ਮੰਗ ਕੀਤੀ। ਇਸ ਦੌਰਾਨ ਚੰਦਰਬਾਬੂ ਨਾਇਡੂ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਜੇ.ਪੀ. ਨੱਢਾ ਨਾਲ ਵੀ ਮੁਲਾਕਾਤ ਕੀਤੀ। -ਪੀਟੀਆਈ

Advertisement

Advertisement
Advertisement
Author Image

sanam grng

View all posts

Advertisement