ਚੰਡੀਗੜ੍ਹੀਆਂ ਨੇ ਧੂਮ-ਧਾਮ ਨਾਲ ਮਨਾਇਆ ਦਸਹਿਰਾ
ਮੁਕੇਸ਼ ਕੁਮਾਰ
ਚੰਡੀਗੜ੍ਹ, 24 ਅਕਤੂਬਰ
ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਚੰਡੀਗੜ੍ਹ ਵਿੱਚ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਦਸਹਿਰੇ ਨੂੰ ਲੈ ਕੇ ਸ਼ਹਿਰ ਵਿੱਚ ਲਗਪਗ 23 ਥਾਵਾਂ ’ਤੇ ਕੀਤੇ ਗਏ ਸਮਾਗਮਾਂ ਦੌਰਾਨ ਰਾਵਣ ਦੇ ਪੁਤਲੇ ਸਾੜ ਕੇ ਬੁਰਾਈ ਨੂੰ ਹਮੇਸ਼ਾ ਲਈ ਤਿਆਗਣ ਦਾ ਸੰਦੇਸ਼ ਦਿੱਤਾ ਗਿਆ। ਸ਼੍ਰੀ ਸਨਾਤਨ ਧਰਮ ਦਸਹਿਰਾ ਕਮੇਟੀ ਵਲੋਂ ਇਸ ਸਾਲ ਵੀ ਦਸਹਿਰਾ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸੈਕਟਰ 46 ਦੀ ਸਬਜ਼ੀ ਮੰਡੀ ਵਾਲੇ ਗਰਾਊਂਡ ਵਿੱਚ ਮਨਾਏ ਗਏ ਦਸਹਿਰੇ ਨੂੰ ਲੈਕੇ ਚੰਡੀਗੜ੍ਹ ਸਮੇਤ ਆਸਪਾਸ ਦੇ ਹੋਰ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਪੁੱਜੇ। ‘ਸੋਨੇ ਦੀ ਲੰਕਾ’ ਅਤੇ ਚੰਡੀਗੜ੍ਹ ਵਿੱਚ ਸਭ ਤੋਂ ਉੱਚੇ 101 ਫੁੱਟ ਉੱਚੇ ਰਾਵਣ ਦੇ ਪੁਤਲੇ ਦੀ ਘੁੰਮਦੀ ਹੋਈ ਗਰਦਨ ਤੇ ਚਿਹਰਾ ਸਮੇਤ ਸਟੇਜ ਤੋਂ ਹੀ ਰਿਮੋਟ ਕੰਟਰੋਲ ਰਾਹੀਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆ ਨੂੰ ਸਾੜਨਾ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਚੰਡੀਗੜ੍ਹ ਪੁਲੀਸ ਦੇ ਡੀਜੀਪੀ ਪ੍ਰਵੀਰ ਰੰਜਨ ਬਤੌਰ ਮੁੱਖ ਮਹਿਮਾਨ ਹਜ਼ਾਰ ਹੋਏ। ਦਸਹਿਰਾ ਕਮੇਟੀ ਵੱਲੋਂ ‘ਚੰਡੀਗੜ੍ਹ ਰਤਨ ਐਵਾਰਡ’ ਇਸ ਸਾਲ ਚੰਡੀਗੜ੍ਹ ਪੁਲੀਸ ਦੇ ਡੀਐੱਸਪੀ ਚਰਣਜੀਤ ਸਿੰਘ ਵਿਰਕ, ਇੰਸਪੈਕਟਰ ਦਵਿੰਦਰ ਸਿੰਘ, ਗੁਰਦੁਆਰਾ ਸ੍ਰੀ ਸਿੰਘ ਸਭਾ ਸੈਕਟਰ 46 ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਸੁਖ ਫਾਊਂਡੇਸ਼ਨ ਦੇ ਸੰਸਥਾਪਕ ਪ੍ਰਧਾਨ ਅਮਿਤ ਦਿਵਾਨ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਕਾਰਜਾਂ ਲਈ ਇਹ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਦਸਹਿਰੇ ਮੇਲੇ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਚੀਫ ਇੰਜਨੀਅਰ ਸੀਬੀ ਓਝਾ, ਨਗਰ ਨਿਗਮ ਦੇ ਚੀਫ ਇੰਜਨੀਅਰ ਐਨਪੀ ਸ਼ਰਮਾ, ਜੀਜੀਡੀਐਸਡੀ ਕਾਲੇਜ ਸੈਕਟਰ 32 ਦੇ ਪ੍ਰਿੰਸੀਪਲ ਪ੍ਰੋਫੈਸਰ ਅਜੈ ਸ਼ਰਮਾ, ਪੀਜੀਆਈਐਮਈਆਰ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ), ਰੀਜਨਲ ਪ੍ਰੋਵੀਡੈਂਟ ਕਮਿਸ਼ਨਰ ਪਰਮਪਾਲ ਸਿੰਘ ਮੇੰਗੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਬਕਾ ਚੀਫ ਇੰਜਨੀਅਰ ਕਿਸ਼ਨਜੀਤ ਸਿੰਘ ਬਤੌਰ ‘ਗੈਸਟ ਆਫ ਆਨਰ’ ਹਾਜ਼ਰ ਹੋਏ। ਸੈਕਟਰ 46 ਦੇ ਸ੍ਰੀ ਸਨਾਤਨ ਧਰਮ ਮੰਦਰ ਤੋਂ ਦੁਪਹਿਰ ਲਗਪਗ ਦੋ ਵਜੇ ਸ਼ੋਭਾ ਯਾਤਰਾ ਕੱਢੀ ਗਈ ਜੋ ਸੈਕਟਰ 46 ਦੇ ਵੱਖ ਇਲਾਕਿਆਂ ਤੋਂ ਹੁੰਦੀ ਹੋਈ ਬਾਅਦ ਦੁਪਹਿਰ ਲਗਪਗ ਸਾਢੇ ਚਾਰ ਵਜੇ ਦਸਹਿਰਾ ਮੇਲੇ ’ਚ ਪੁੱਜੀ। ਸ਼ਾਮ ਸੂਰਜ ਛਿਪਦੇ ਹੀ ਸੋਨੇ ਦੀ ਲੰਕਾ ਤੋਂ ਬਾਅਦ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸੈਕਟਰ 34, ਸੈਕਟਰ 17 ਸਮੇਤ ਸ਼ਹਿਰ ਵਿੱਚ ਲਗਪਗ 23 ਥਾਵਾਂ ਦੇ ਦਸਹਿਰਾ ਮਨਾਇਆ ਗਿਆ ਅਤੇ ਰਾਵਣ ਦੇ ਪੁਤਲੇ ਸਾੜੇ ਗਏ। ਦੁਸਹਿਰੇ ਮੇਲੇ ਦੀ ਸਮਾਪਤੀ ਤੋਂ ਬਾਅਦ ਆਸ ਪਾਸ ਦੀਆਂ ਸੜਕਾਂ ਤੇ ਜਾਣ ਜਿਹੀ ਸਥਿਤ ਪੈਦਾ ਹੋ ਗਈ। ਦਸਹਿਰੇ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਪੁਜੇ ਦਰਸ਼ਕਾਂ ਅਤੇ ਵਾਹਨਾਂ ਕਾਰਨ ਉਥੇ ਆਸ ਪਾਸ ਦੀਆਂ ਸੜਕਾਂ ’ਤੇ ਕਾਫੀ ਦੇਰ ਜਾਮ ਵਰਗੀ ਸਥਿਤ ਬਣੀ ਰਹੀ। ਉਧਰ ਦੁਸਹਿਰੇ ਨੂੰ ਲੈਕੇ ਚੰਡੀਗੜ੍ਹ ਪੁਲੀਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।