For the best experience, open
https://m.punjabitribuneonline.com
on your mobile browser.
Advertisement

ਦਿਲਜੀਤ ਦੋਸਾਂਝ ਦੇ ਗੀਤਾਂ ’ਤੇ ਝੂਮੇ ਚੰਡੀਗੜ੍ਹੀਏ

05:22 AM Dec 15, 2024 IST
ਦਿਲਜੀਤ ਦੋਸਾਂਝ ਦੇ ਗੀਤਾਂ ’ਤੇ ਝੂਮੇ ਚੰਡੀਗੜ੍ਹੀਏ
ਕੰਸਰਟ ਦੌਰਾਨ ਪੇਸ਼ਕਾਰੀ ਦਿੰਦਾ ਹੋਇਆ ਦਿਲਜੀਤ ਦੋਸਾਂਝ ਤੇ ਸਜ-ਧਜ ਕੇ ਪੁੱਜੇ ਬੱਚੇ। -ਫੋਟੋ: ਰਵੀ ਕੁਮਾਰ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 14 ਦਸੰਬਰ
ਸਿਟੀ ਬਿਊਟੀਫੁੱਲ ਦੇ ਸੈਕਟਰ-34 ਵਿੱਚ ਕਰਵਾਏ ਗਏ ਦਿਲਜੀਤ ਦੋਸਾਂਝ ਦੇ ‘ਦਿਲ-ਲੁਮੀਨਾਟੀ’ ਕੰਸਰਟ ਵਿੱਚ ਪੰਜਾਬ, ਹਰਿਆਣਾ ਸਣੇ ਵਿਦੇਸ਼ਾਂ ਤੋਂ ਪ੍ਰਸ਼ੰਸਕ ਪਹੁੰਚੇ। ਦਿਲਜੀਤ ‘ਪੰਜਾਬੀ ਆ ਗਏ ਓਏ’ ਸਲੋਗਨ ਨਾਲ ਕੰਸਰਟ ਦੀ ਸ਼ੁਰੂਆਤ ਕੀਤੀ। ‘ਪੰਜ ਤਾਰਾ’ ਗੀਤ ਨਾਲ ਦਿਲਜੀਤ ਨੇ ਹੋਰ ਰੰਗ ਬੰਨ੍ਹ ਦਿੱਤਾ। ਦਿਲਜੀਤ ਦੇ ਗੀਤਾਂ ’ਤੇ ਹਰ ਕੋਈ ਝੂਮ ਰਿਹਾ ਸੀ। ਦਰਸ਼ਕਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਸੈਕਟਰ-34 ਦੇ ਮੇਲਾ ਗਰਾਊਂਡ ਸਣੇ ਆਲੇ-ਦੁਆਲੇ ਇਲਾਕੇ ਵਿੱਚ ਤਿਲ ਸੁੱਟਣ ਨੂੰ ਥਾਂ ਤੱਕ ਨਹੀਂ ਸੀ ਬਚੀ। ਇਸ ਲਾਈਵ ਕੰਸਰਟ ਵਿੱਚ ਦਿਲਜੀਤ ਨੇ ਚਿਟੇ ਰੰਗ ਦੇ ਕੁੜਤੇ-ਚਾਦਰੇ ਨਾਲ ਸਿਰ ’ਤੇ ਚਿੱਟੀ ਪੱਗ ਅਤੇ ਕਾਲੀਆਂ ਐਨਕਾਂ ਲਗਾ ਕੇ ਸਭ ਦਾ ਦਿਲ ਜਿੱਤ ਲਿਆ। ਇਸ ਮੌਕੇ ਵੱਡੀ ਗਿਣਤੀ ਮੁੰਡੇ-ਕੁੜੀਆਂ ਵੀ ਦਿਲਜੀਤ ਦੋਸਾਂਝ ਵਾਂਗ ਪਹਿਰਾਵਾ ਪਾ ਕੇ ਪਹੁੰਚੇ ਹੋਏ ਸਨ, ਜੋ ਕਿ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੇ। ਇਸ ਦੌਰਾਨ ਵੱਡੀ ਗਿਣਤੀ ਪੁਲੀਸ, ਪ੍ਰਸ਼ਾਸਨਿਕ ਤੇ ਸਿਆਸੀ ਆਗੂ ਵੀ ਪਰਿਵਾਰਾਂ ਸਣੇ ਕੰਸਰਟ ਦਾ ਆਨੰਦ ਮਾਣਨ ਪੁੱਜੇ ਹੋਏ ਸਨ, ਜਿਨ੍ਹਾਂ ਨੇ ਦਿਲਜੀਤ ਦੇ ਗੀਤਾਂ ’ਤੇ ਆਨੰਦ ਮਾਣਿਆ। ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਆਪਣੇ ਲਾਈਵ ਕੰਸਰਟ ਤੋਂ ਪਹਿਲਾਂ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਤੇ ਅਰਦਾਸ ਕੀਤੀ। ਹਾਲਾਂਕਿ ਦਿਲਜੀਤ ਦੋਸਾਂਝ ਨੇ ਬੀਤੀ ਰਾਤ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ’ਤੇ ਪਹੁੰਚ ਕੇ ਉਨ੍ਹਾਂ ਨਾਲ ਵੀ ਮੁਲਾਕਾਤ ਕੀਤੀ ਸੀ।
ਇਸ ਲਾਈਵ ਕੰਸਰਟ ਵਿੱਚ ਵੱਡੀ ਗਿਣਤੀ ਦਰਸ਼ਕ ਪੁੱਜੇ ਹੋਏ ਸਨ, ਜਿਸ ਕਰਕੇ ਹਜ਼ਾਰਾਂ ਰੁਪਏ ਖਰਚ ਕੇ ਟਿਕਟਾਂ ਖਰੀਦਣ ਵਾਲਿਆਂ ਨੂੰ ਵੀ ਖੱਜਲ-ਖੁਆਰ ਹੋਣਾ ਪਿਆ ਹੈ। ਲੋਕਾਂ ਦੀ ਵਧਦੀ ਭੀੜ ਨੂੰ ਵੇਖਦੇ ਹੋਏ ਚੰਡੀਗੜ੍ਹ ਪੁਲੀਸ ਵੱਲੋਂ ਹਲਕਾ ਲਾਠੀਚਾਰਜ ਵੀ ਕੀਤਾ ਗਿਆ।

Advertisement

ਸ਼ਹਿਰ ਦੀ ਆਵਾਜਾਈ ’ਤੇ ਵੀ ਅਸਰ ਪਿਆ

ਟ੍ਰਿਬਿਊਨ ਚੌਕ ’ਚ ਵਾਹਨਾਂ ਦਾ ਲੱਗਿਆ ਜਾਮ। -ਫੋਟੋ: ਵਿੱਕੀ ਘਾਰੂ

ਇਸ ਲਾਈਵ ਕੰਸਰਟ ਨੂੰ ਵੇਖਣ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ ਦੂਰ-ਦੂਰ ਤੋਂ ਲੋਕ ਚੰਡੀਗੜ੍ਹ ਪਹੁੰਚੇ ਸਨ। ਇਸ ਦੌਰਾਨ ਲੋਕਾਂ ਦੇ ਵੱਡੇ ਇਕੱਠ ਕਰਕੇ ਸ਼ਹਿਰ ਵਿੱਚ ਆਵਾਜਾਈ ਵਿਵਸਥਾ ਵਿਗੜੀ ਰਹੀ। ਸੈਕਟਰ-34 ਗਰਾਊਂਡ ਦੇ ਆਲੇ-ਦੁਆਲੇ ਸਥਿਤ ਸੈਕਟਰ-33, 35, 44, 43, 20, 21 ਵਿੱਚ ਸਥਿਤ ਘਰਾਂ ਦੇ ਬਾਹਰ ਲੋਕਾਂ ਨੇ ਵਾਹਨ ਖੜੇ ਕਰ ਦਿੱਤੇ, ਇਸ ਕਰਕੇ ਚੰਡੀਗੜ੍ਹ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਪਹਿਲਾਂ ਹੀ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਸੀ ਅਤੇ ਸੈਕਟਰ-17, 29, 44, 43 ਸਣੇ ਦੂਰ-ਦੂਰ ਪਾਰਕਿੰਗਾਂ ਦਾ ਵੀ ਪ੍ਰਬੰਧ ਕੀਤਾ ਸੀ। ਇਸ ਤੋਂ ਇਲਾਵਾ ਬਾਅਦ ਦੁਪਹਿਰ ਤੋਂ ਹੀ ਸੈਕਟਰ-34 ਗਰਾਊਂਡ ਦੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਆਮ ਲੋਕਾਂ ਲਈ ਆਵਾਜਾਈ ਬੰਦ ਕਰ ਦਿੱਤੀ ਸੀ। ਇਸ ਦੇ ਬਾਵਜੂਦ ਚੰਡੀਗੜ੍ਹ ਵਿੱਚ ਆਵਾਜਾਈ ਦੇ ਹਾਲਾਤ ਵਿਗੜੇ ਰਹੇ। ਸ਼ਹਿਰ ਵਿੱਚ ਆਵਾਜਾਈ ਵਿਵਸਥਾ ਵਿਗੜਨ ਕਰਕੇ ਲੋਕਾਂ ਨੂੰ ਵੀ ਜਾਮ ਵਿੱਚ ਫਸਣਾ ਪਿਆ ਹੈ। ਉੱਧਰ ਸੈਕਟਰ-34 ਦੇ ਆਲੇ-ਦੁਆਲੇ ਸਥਿਤ ਸਿੱਖਿਆ ਅਦਾਰੇ, ਵਪਾਰਕ ਅਦਾਰਿਆਂ ’ਚ ਆਉਣ ਜਾਣ ਵਾਲਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

Advertisement

Advertisement
Author Image

Sukhjit Kaur

View all posts

Advertisement