ਚੰਡੀਗੜ੍ਹ ਟਰਾਂਸਪੋਰਟ ਵਿਭਾਗ ਵੱਲੋਂ ਸੱਤ ਸਕੂਲੀ ਬੱਸਾਂ ਜ਼ਬਤ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 12 ਅਪਰੈਲ
ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਵਾਪਰੇ ਦਰਦਨਾਕ ਸਕੂਲ ਬੱਸ ਹਾਦਸੇ ਤੋਂ ਸਬਕ ਲੈਂਦੇ ਹੋਏ ਚੰਡੀਗੜ੍ਹ ਸਟੇਟ ਟਰਾਂਸਪੋਰਟ ਅਥਾਰਟੀ ਨੇ ਖੇਤਰ ਦੇ ਸਾਰੇ ਸਕੂਲ ਬੱਸ ਆਪਰੇਟਰਾਂ ਨੂੰ ‘‘ਸਟ੍ਰੈਪਸ’ ਨੀਤੀ ਵਿੱਚ ਦੱਸੇ ਗਏ ਸੁਰੱਖਿਆ ਮਾਪਦੰਡਾਂ ਨੂੰ ਬਰਕਰਾਰ ਰੱਖਣ ਲਈ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਇਸ ਕਦਮ ਦਾ ਉਦੇਸ਼ ਵਿਦਿਅਕ ਅਦਾਰਿਆਂ ਵਿੱਚ ਜਾਣ ਅਤੇ ਜਾਣ ਸਮੇਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਵਧਾਉਣਾ ਹੈ। ਇਸੇ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਸਬੰਧੀ ਅੱਜ ਦੇਰ ਸ਼ਾਮ ਕਾਰਵਾਈ ਦੌਰਾਨ ਸਟੇਟ ਟਰਾਂਸਪੋਰਟ ਅਥਾਰਟੀ ਨੇ ਵੱਖ-ਵੱਖ ਉਲੰਘਣਾਵਾਂ ਲਈ ਸੱਤ ਸਕੂਲੀ ਬੱਸਾਂ ਅਤੇ 13 ਆਟੋ ਰਿਕਸ਼ਾ ਦੇ ਚਲਾਨ ਜਾਰੀ ਕੀਤੇ, ਚਾਰ ਆਟੋ ਰਿਕਸ਼ਾ ਜ਼ਬਤ ਕੀਤੇ ਗਏ।
ਨਿਰਦੇਸ਼ਾਂ ਦੇ ਅਨੁਸਾਰ, ਸਕੂਲ ਬੱਸ ਆਪਰੇਟਰਾਂ ਲਈ ਵਿਦਿਆਰਥੀਆਂ ਦੀ ਆਵਾਜਾਈ ਲਈ ਬੱਸਾਂ ਵਿੱਚ ਲੱਗੇ ਸੀਸੀਟੀਵੀ ਕੈਮਰੇ, ਜੀਪੀਐਸ ਸਿਸਟਮ ਅਤੇ ਪੈਨਿਕ ਬਟਨਾਂ ਦੀ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਬਸ ਆਪਰੇਟਰਾਂ ਕੋਲ ਨਿਰਵਿਘਨ ਨਿਰੀਖਣ ਦੀ ਸਹੂਲਤ ਲਈ ਪਰਮਿਟ, ਬੀਮਾ, ਡਰਾਈਵਰ ਲਾਇਸੈਂਸ, ਫਿਟਨੈਸ ਸਰਟੀਫਿਕੇਟ ਅਤੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਸਮੇਤ ਪ੍ਰਮਾਣਿਕ ਦਸਤਾਵੇਜ਼ ਹੋਣੇ ਚਾਹੀਦੇ ਹਨ। ਪ੍ਰਸ਼ਾਸਨ ਨੇ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਵਾਜਾਈ ਦੇ ਪ੍ਰਵਾਨਿਤ ਸਾਧਨ ਜਿਨਾਂ ਨੂੰ ਸਕੂਲ ਅਥਾਰਟੀ ਦੁਆਰਾ ਮਨਜ਼ੂਰ ਕੀਤੀ ਗਈ ਹੈ ਉਹੀ ਬੱਸਾਂ ਰਾਹੀਂ ਸਕੂਲੀ ਬੱਚਿਆਂ ਨੂੰ ਭੇਜਣ। ਮਾਪਿਆਂ ਲਈ ਇਹ ਤਸਦੀਕ ਕਰਨਾ ਮਹੱਤਵਪੂਰਨ ਹੈ ਕਿ ਟਰਾਂਸਪੋਰਟ ਦੇ ਚੁਣੇ ਗਏ ਢੰਗ ਵਿੱਚ ਸੀਸੀ ਟੀਵੀ ਕੈਮਰੇ, ਜੀ ਪੀਐਸ ਟਰੈਕਿੰਗ ਅਤੇ ਪੈਨਿਕ ਬਟਨਾਂ ਵਰਗੀਆਂ ਜ਼ਰੂਰੀ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਲੈਸ ਹੈ, ਤਾਂ ਜੋ ਆਵਾਜਾਈ ਦੇ ਦੌਰਾਨ ਉਹਨਾਂ ਦੇ ਬੱਚਿਆਂ ਦੀ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਪ੍ਰਸ਼ਾਸਨ ਨੇ ਇਸ ਤੋਂ ਇਲਾਵਾ, ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਮੁਖੀਆਂ ਨੂੰ ਉਨ੍ਹਾਂ ਦੇ ਸਬੰਧਤ ਟਰਾਂਸਪੋਰਟਰਾਂ ਦੁਆਰਾ ਮੁਹੱਈਆ ਕਰਵਾਈਆਂ ਜਾਂਦੀਆਂ ਸਕੂਲ ਟਰਾਂਸਪੋਰਟ ਸੇਵਾਵਾਂ ਦੀ ਪਾਲਣਾ ਦੀ ਨਿਗਰਾਨੀ ਕਰਨ ਲਈ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਅੰਬਾਲਾ ਵਿੱਚ ਛੇ ਬੱਸਾਂ ਜ਼ਬਤ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਕੇ ਮੁੱਖ ਸਕੱਤਰ ਟੀਵੀਐੱਸਐੱਨ ਪ੍ਰਸਾਦ ਨੇ ਸ਼ੁੱਕਰਵਾਰ ਨੂੰ ਵੀਸੀ ਦੇ ਮਾਧਿਅਮ ਰਾਹੀਂ ਡਿਪਟੀ ਕਮਿਸ਼ਨਰਾਂ, ਪੁਲੀਸ ਕਪਤਾਨਾਂ ਅਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਸੁਰੱਖਿਅਤ ਸਕੂਲ ਵਾਹਨ ਨੀਤੀ ਦੇ ਤਹਿਤ ਅਗਲੇ 10 ਦਿਨਾਂ ਵਿਚ ਸਕੂਲਾਂ ਦੇ ਵਾਹਨਾਂ ਨੂੰ ਪੁਲੀਸ ਦੇ ਅਧੀਨ ਚੈੱਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੀਸੀ ਡਾ. ਸ਼ਾਲੀਨ ਨੇ ਸਬੰਧਿਤ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਕਿਹਾ ਕਿ ਸੁਰੱਖਿਅਤ ਸਕੂਲ ਵਾਹਨ ਪਾਲਿਸੀ ਤਹਿਤ ਅੱਜ ਆਰਟੀਏ ਵਿਭਾਗ ਵੱਲੋਂ 6 ਸਕੂਲ ਬੱਸਾਂ ਇੰਪਾਊਂਡ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਗੇ ਵੀ ਇਹ ਕਾਰਵਾਈ ਜਾਰੀ ਰਹੇਗੀ। ਆਰਟੀਏ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਐੱਸਡੀ ਕੰਨਿਆ ਮਹਾਂਵਿਦਿਆਲਾ ਅੰਬਾਲਾ ਕੈਂਟ, ਏਂਜਲ ਪਬਲਿਕ ਸਕੂਲ, ਸੇਂਟ ਪਾਲ ਹਾਈ ਸਕੂਲ, ਡੀਪੀਐਸ ਸਕੂਲ, ਚੇਤੰਨਿਆ ਇੰਸਟੀਚਿਊਟ ਅਤੇ ਚਮਨ ਵਾਟਿਕਾ ਦੀਆਂ ਬੱਸਾਂ ਜ਼ਬਤ ਕੀਤੀਆਂ ਗਈਆਂ।