ਚੰਡੀਗੜ੍ਹ ਟਰੈਫਿਕ ਪੁਲੀਸ ਵੱਲੋਂ ਦਸਹਿਰੇ ਨੂੰ ਲੈ ਕੇ ਐਡਵਾਈਜ਼ਰੀ ਜਾਰੀ
ਮੁਕੇਸ਼ ਕੁਮਾਰ
ਚੰਡੀਗੜ੍ਹ, 11 ਅਕਤੂਬਰ
ਚੰਡੀਗੜ੍ਹ ਦੇ ਵੱਖ-ਵੱਖ ਇਲਾਕਿਆਂ ਵਿੱਚ ਮਨਾਏ ਜਾ ਰਹੇ ਦਸਹਿਰੇ ਦੇ ਤਿਉਹਾਰ ਦੌਰਾਨ ਭਾਰੀ ਭੀੜ ਅਤੇ ਟਰੈਫਿਕ ਜਾਮ ਹੋਣ ਦੀ ਸੰਭਾਵਨਾ ਨੂੰ ਲੈ ਕੇ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਚੰਡੀਗੜ੍ਹ ਟਰੈਫਿਕ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਧਿਕਾਰਤ ਪਾਰਕਿੰਗ ਥਾਵਾਂ ’ਤੇ ਹੀ ਵਾਹਨ ਸਹੀ ਢੰਗ ਨਾਲ ਪਾਰਕ ਕਰਨ ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ। ਟਰੈਫਿਕ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਦਸਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਸੈਕਟਰ 17 ਦੇ ਪਰੇਡ ਗਰਾਊਂਡ ਨੇੜਲੀਆਂ ਸੜਕਾਂ ’ਤੇ ਭਾਰੀ ਟਰੈਫਿਕ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਵਾਹਨ ਸੈਕਟਰ 22-ਏ ਦੀ ਮਾਰਕੀਟ, ਸੈਕਟਰ 22 ਬੀ ਮਾਰਕੀਟ ਦਾ ਪਾਰਕਿੰਗ ਏਰੀਆ, ਸੈਕਟਰ-17 ਦੇ ਫੁਟਬਾਲ ਗਰਾਊਂਡ ਦੀ ਪਾਰਕਿੰਗ, ਸੈਕਟਰ 17 ਦੇ ਬੱਸ ਸਟੈਂਡ ਨੇੜੇ ਨੀਲਮ ਸਿਨੇਮਾ ਦੇ ਸਾਹਮਣੇ ਅਤੇ ਪਿਛਲੇ ਪਾਸੇ ਪਾਰਕਿੰਗ ਏਰੀਏ ਵਿੱਚ ਵਾਹਨ ਪਾਰਕ ਕਰਨ। ਦਸਹਿਰਾ ਸਮਾਗਮ ਦੀ ਸਮਾਪਤੀ ਵੇਲੇ ਸੈਕਟਰ 17/18 ਲਾਈਟ ਪੁਆਇੰਟ, ਅਰੋਮਾ ਲਾਈਟ ਪੁਆਇੰਟ, ਸੈਕਟਰ 18/19/20/21 ਚੌਕ ਅਤੇ ਕ੍ਰਿਕਟ ਸਟੇਡੀਅਮ ਚੌਕ ਤੋਂ ਆਉਣ ਵਾਲੀ ਟਰੈਫਿਕ ਨੂੰ ਸ਼ਾਮ 5.30 ਤੋਂ 6.30 ਵਜੇ ਤੱਕ ਡਾਇਵਰਟ ਕਰ ਦਿੱਤਾ ਜਾਵੇਗਾ। ਇਸ ਦੌਰਾਨ ਬੱਸਾਂ ਨੂੰ ਛੱਡ ਕੇ ਬਾਕੀ ਸਾਰੇ ਵਾਹਨਾਂ ਨੂੰ ਇਸ ਰੂਟ ’ਤੇ ਚੱਲਣ ਦੀ ਇਜਾਜ਼ਤ ਨਹੀਂ ਹੋਵੇਗੀ। ਆਮ ਲੋਕਾਂ ਨੂੰ ਵੀ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ।
ਇਸੇ ਤਰ੍ਹਾਂ ਸੈਕਟਰ 34 ਵਿੱਚ ਦਸਹਿਰੇ ਦੇ ਤਿਉਹਾਰ ਮੌਕੇ ਸਬਜ਼ੀ ਮੰਡੀ ਗਰਾਊਂਡ ਸੈਕਟਰ 34, ਸ਼ਿਆਮ ਮਾਲ ਪਾਰਕਿੰਗ ਸੈਕਟਰ 34 , ਲਾਇਬਰੇਰੀ ਬਿਲਡਿੰਗ ਪਾਰਕਿੰਗ ਸੈਕਟਰ 34, ਕੰਪਲੈਕਸ ਪਾਰਕਿੰਗ ਸੈਕਟਰ 34, ਓਪਨ ਗਰਾਊਂਡ ਸੈਕਟਰ 33 ਡੀ ਮਾਰਕੀਟ ਨੇੜੇ ਵਾਹਨ ਪਾਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਮਾਗਮ ਦੀ ਸਮਾਪਤੀ ਸਮੇਂ ਸੈਕਟਰ 34/35 ਦੇ ਟਰੈਫਿਕ ਲਾਈਟ ਪੁਆਇੰਟ ਤੋਂ ਫਰਨੀਚਰ ਮਾਰਕੀਟ ਮੋੜ ਤੱਕ ਵਾਹਨਾਂ ਦੀ ਆਵਾਜਾਈ ਸ਼ਾਮ 5.30 ਵਜੇ ਤੋਂ 7 ਵਜੇ ਤੱਕ ਆਮ ਲੋਕਾਂ ਲਈ ਬੰਦ ਰਹੇਗੀ। ਦਸਹਿਰਾ ਗਰਾਊਂਡ ਸੈਕਟਰ 46 ਵਿੱਚ ਮਨਾਏ ਜਾ ਰਹੇ ਸਮਾਗਮਾਂ ਦੌਰਾਨ ਭਾਰੀ ਟਰੈਫਿਕ ਦੀ ਸੰਭਾਵਨਾ ਦੇ ਮੱਦੇਨਜ਼ਰ ਲੋਕਾਂ ਨੂੰ ਪਾਰਕਿੰਗ ਮਾਰਕੀਟ ਸੈਕਟਰ 46, ਬੂਥ ਮਾਰਕੀਟ ਸੈਕਟਰ 46 ਡੀ ਨੇੜੇ ਪਾਰਕਿੰਗ ਵਿੱਚ ਵਾਹਨ ਪਾਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਸਮਾਗਮ ਦੀ ਸਮਾਪਤੀ ਸਮੇਂ ਸ਼ਾਮ 5.30 ਵਜੇ ਤੋਂ ਬਾਅਦ ਸੈਕਟਰ 45/46 ਲਾਈਟ ਪੁਆਇੰਟ ਤੋਂ ਸੈਕਟਰ 46 ਵੱਲ ਜਾਣ ਵਾਲੀ ਸੜਕ ਸ਼ਾਮ 7 ਵਜੇ ਤੱਕ ਬੰਦ ਰਹੇਗੀ।
ਵਪਾਰ ਮੰਡਲ ਨੇ ਤਿਉਹਾਰਾਂ ਦੇ ਸੀਜ਼ਨ ਵਿੱਚ ਵਾਧੂ ਪਾਰਕਿੰਗ ਥਾਂ ਮੰਗੀ
ਚੰਡੀਗੜ੍ਹ ਵਪਾਰ ਮੰਡਲ ਦੀ ਪੁਲੀਸ ਕੋਆਰਡੀਨੇਸ਼ਨ ਕਮੇਟੀ ਦੇ ਇੱਕ ਵਫ਼ਦ ਨੇ ਚੰਡੀਗੜ੍ਹ ਦੇ ਐੱਸਐੱਸਪੀ ਟਰੈਫਿਕ ਸੁਮੇਰ ਪ੍ਰਤਾਪ ਸਿੰਘ ਨਾਲ ਮੁਲਾਕਾਤ ਕਰ ਕੇ ਸ਼ਹਿਰ ਦੇ ਵਪਾਰੀਆਂ ਵੱਲੋਂ ਮਾਰਕੀਟਾਂ ਵਿੱਚ ਅਤੇ ਆਲੇ-ਦੁਆਲੇ ਪਾਰਕਿੰਗ ਦੀਆਂ ਹੋਰ ਸਹੂਲਤਾਂ ਦੇਣ ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੁਝ ਸੁਝਾਅ ਪੇਸ਼ ਕੀਤੇ। ਇਸ ਵਫ਼ਦ ਵਿੱਚ ਪ੍ਰਧਾਨ ਚਰਨਜੀਵ ਸਿੰਘ, ਕਮਲਜੀਤ ਸਿੰਘ ਪੰਛੀ, ਅਨਿਲ ਵੋਹਰਾ ਤੇ ਰਾਜਨ ਮਹਾਜਨ ਸ਼ਾਮਲ ਸਨ। ਉਨ੍ਹਾਂ ਆਮ ਲੋਕਾਂ ਦੀ ਸਹੂਲਤ ਲਈ ਨੇੜਲੇ ਸਕੂਲਾਂ, ਕਮਿਊਨਿਟੀ ਸੈਂਟਰਾਂ ਅਤੇ ਖਾਲੀ ਮੈਦਾਨਾਂ ਵਿੱਚ ਵਾਧੂ ਪਾਰਕਿੰਗ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਵਫ਼ਦ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਭੀੜ-ਭੜੱਕੇ ਵਾਲੇ ਬਾਜ਼ਾਰਾਂ ਅਤੇ ਟਰੈਫਿਕ ਚੌਕਾਂ ਦੇ ਬਾਹਰ ਵੀ-4 ਸੜਕਾਂ ’ਤੇ ਭੀੜ ਵਾਲੇ ਸਮੇਂ ਦੌਰਾਨ ਟਰੈਫਿਕ ਸਟਾਫ ਨੂੰ ਲੋੜੀਂਦੀ ਗਿਣਤੀ ਵਿੱਚ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। ਐੱਸਐੱਸਪੀ ਸੁਮੇਰ ਪ੍ਰਤਾਪ ਸਿੰਘ ਨੇ ਕਿਹਾ ਕਿ ਮਾਰਕੀਟਾਂ ਨੇੜਲੇ ਸਕੂਲ ਵਾਹਨਾਂ ਦੀ ਪਾਰਕਿੰਗ ਲਈ ਖੋਲ੍ਹੇ ਜਾਣਗੇ। ਉਨ੍ਹਾਂ ਵਫ਼ਦ ਦੀਆਂ ਬਾਕੀ ਮੰਗਾਂ ਮੰਨਣ ਦਾ ਭਰੋਸਾ ਵੀ ਦਿੱਤਾ।