ਚੰਡੀਗੜ੍ਹ ਦਾ ਵਿਦਿਆਰਥੀ ਆਈਆਈਟੀ-ਦਿੱਲੀ ਦੇ ਹੋਸਟਲ ਵਿੱਚ ਮ੍ਰਿਤਕ ਮਿਲਿਆ
ਨਵੀਂ ਦਿੱਲੀ, 4 ਜੂਨ
ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ-ਦਿੱਲੀ ਵਿੱਚ ਦੂਜੇ ਸਾਲ ਦਾ ਇੱਕ ਵਿਦਿਆਰਥੀ ਬੁੱਧਵਾਰ ਨੂੰ ਕੈਂਪਸ ਵਿੱਚ ਆਪਣੇ ਹੋਸਟਲ ਦੇ ਕਮਰੇ ਵਿੱਚ ਭੇਦਭਰੇ ਹਾਲਾਤ ਵਿੱਚ ਮ੍ਰਿਤਕ ਮਿਲਿਆ ਹੈ। ਬਾਇਓਮੈਕਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੇ ਦੂਜੇ ਸਾਲ ਦੇ ਇਸ ਅੰਡਰਗ੍ਰੈਜੁਏਟ ਵਿਦਿਆਰਥੀ ਦੀ ਲਾਸ਼ ’ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਸਨ, ਹਾਲਾਂਕਿ ਬਿਸਤਰੇ ਦੇ ਨੇੜੇ ਫਰਸ਼ ’ਤੇ ਉਲਟੀ ਮਿਲੀ ਜੋ ਸੰਭਾਵਿਤ ਡਾਕਟਰੀ ਪੇਚੀਦਗੀਆਂ ਦਾ ਸੰਕੇਤ ਹੈ।
ਅਧਿਕਾਰੀ ਨੇ ਕਿਹਾ, ‘‘ਇਹ ਘਟਨਾ ਕਿਸ਼ਨਗੜ੍ਹ ਪੁਲੀਸ ਸਟੇਸ਼ਨ ਵਿੱਚ ਇੱਕ ਪੀਸੀਆਰ ਕਾਲ ਆਉਣ ਤੋਂ ਬਾਅਦ ਸਾਹਮਣੇ ਆਈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੰਡੀਗੜ੍ਹ ਦਾ ਇੱਕ ਵਿਦਿਆਰਥੀ ਆਪਣੇ ਹੋਸਟਲ ਵਿਚ ਕਮਰੇ ਦਾ ਦਰਵਾਜ਼ਾ ਵਾਰ-ਵਾਰ ਖੜਕਾਏ ਜਾਣ 'ਤੇ ਵੀ ਜਵਾਬ ਨਹੀਂ ਦੇ ਰਿਹਾ ਸੀ।’’
ਉਨ੍ਹਾਂ ਦੱਸਿਆ, ‘‘ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਫਾਇਰ ਅਧਿਕਾਰੀਆਂ ਦੀ ਮਦਦ ਨਾਲ ਦਰਵਾਜ਼ਾ ਤੋੜ ਦਿੱਤਾ ਅਤੇ ਇਸ ਦੌਰਾਨ ਵਿਦਿਆਰਥੀ ਨੂੰ ਬਿਸਤਰੇ 'ਤੇ ਬੇਹੋਸ਼ ਪਿਆ ਪਾਇਆ ਗਿਆ। ਕੈਂਪਸ ਵਿੱਚ ਮੌਜੂਦ ਡਾਕਟਰਾਂ ਨੇ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ।’’
ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਵਿਦਿਆਰਥੀ ਨੂੰ ਆਖਰੀ ਵਾਰ ਦੋ ਦਿਨ ਪਹਿਲਾਂ ਰਾਤ ਦਾ ਖਾਣਾ ਖਾਂਦੇ ਦੇਖਿਆ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਸਬੂਤ ਇਕੱਠੇ ਕਰਨ ਅਤੇ ਕਮਰੇ ਦੀ ਵਿਸਥਾਰਤ ਜਾਂਚ ਕਰਨ ਲਈ ਇੱਕ ਫੋਰੈਂਸਿਕ ਟੀਮ ਨੂੰ ਘਟਨਾ ਸਥਾਨ ’ਤੇ ਬੁਲਾਇਆ ਗਿਆ ਹੈ। -ਪੀਟੀਆਈ