ਦੇਸ਼-ਪੱਧਰੀ ਰੈਂਕਿੰਗ ਵਿੱਚ ਚੰਡੀਗੜ੍ਹ 16ਵੇਂ ਨੰਬਰ ’ਤੇ
ਮੁਕੇਸ਼ ਕੁਮਾਰ
ਚੰਡੀਗੜ੍ਹ, 20 ਅਗਸਤ
ਸਵੱਛ ਭਾਰਤ ਮਿਸ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਕਰਵਾਏ ਗਏ ‘ਸਵੱਛ ਸਰਵੇਖਣ-2020’ ਬਾਰੇ ਸਾਫ਼-ਸੁੱਥਰੇ ਸ਼ਹਿਰਾਂ ਦੀ ਜਾਰੀ ਰੈੰਕਿੰਗ ਵਿੱਚ ਚੰਡੀਗੜ੍ਹ ਦੇਸ਼ ਭਰ ਵਿੱਚ 16ਵੇਂ ਸਥਾਨ ’ਤੇ ਆਇਆ ਹੈ। ਪਿਛਲੇ ਸਾਲ ਚੰਡੀਗੜ੍ਹ ਸ਼ਹਿਰ 20ਵੇਂ ਸਥਾਨ ’ਤੇ ਆਇਆ ਸੀ। ਦਸ ਲੱਖ ਤੱਕ ਦੀ ਵੱਸੋਂ ਵਾਲੇ ਸਿਖਰਲੇ ਦਸ ਸ਼ਹਿਰਾਂ ਵਿੱਚ ਚੰਡੀਗੜ੍ਹ ਅੱਠਵੇਂ ਸਥਾਨ ’ਤੇ ਆਇਆ ਹੈ। ਇਹ ਰੈਂਕਿੰਗ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਰੀ ਕੀਤੀ ਹੈ। ਇਸ ਸਰਵੇਖਣ ਦੌਰਾਨ ਦੇਸ਼ ਭਰ ਦੇ ਦੇ ਸਭ ਤੋਂ ਸਾਫ਼ ਸ਼ਹਿਰਾਂ ਵਿੱਚ ਪਹਿਲੇ ਨੰਬਰ ਉੱਤੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਨੇ ਲਗਾਤਾਰ ਚੌਥੀ ਵਾਰ ਕਬਜ਼ਾ ਕੀਤਾ ਹੈ।
ਚੰਡੀਗੜ੍ਹ ਦੀ ਰੈਕਿੰਗ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਹੋਏ ਸੁਧਾਰ ਨੂੰ ਲੈਕੇ ਚੰਡੀਗੜ੍ਹ ਨਗਰ ਨਿਗਮ ਸਮੇਤ ਮੇਅਰ ਨੇ ਖੁਸ਼ੀ ਜ਼ਾਹਿਰ ਕੀਤੀ ਹੈ। ਨਿਗਮ ਵਲੋਂ ਕੀਤੇ ਗਏ ਪ੍ਰਬੰਧਾਂ ਨਾਲ ਸਫ਼ਾਈ ਦੇ ਮਾਮਲੇ ਵਿੱਚ ਚੰਡੀਗੜ੍ਹ ਦੀ ਰੈੰਕਿੰਗ ਵਿੱਚ ਸੁਧਾਰ ਹੋਇਆ ਹੈ। ਇਹ ਸਰਵੇਖਣ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲਾ ਵਲੋਂ ਕਰਵਾਇਆ ਜਾਂਦਾ ਹੈ। ਸਰਵੇਖਣ ਲਈ ਕੇਂਦਰ ਸਰਕਾਰ ਵੱਲੋਂ ਸਫ਼ਾਈ ਦੇ ਰੈੰਕਿੰਗ ਤਿਆਰ ਕਰਨ ਲਈ ਵੱਖ ਵੱਖ ਪੈਰਾਮੀਟਰਾਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ਤੋਂ ਵੀ ਸਫ਼ਾਈ ਦੇ ਮਾਮਲੇ ਵਿੱਚ ਫੀਡਬੈਕ ਲਈ ਜਾਂਦੀ ਹੈ। ਇਸ ਆਧਾਰ ’ਤੇ ਰੈੰਕਿੰਗ ਜਾਰੀ ਕੀਤੀ ਜਾਂਦੀ ਹੈ।
ਪੰਚਕੂਲਾ ਦਾ 56ਵਾਂ ਰੈਂਕ
ਪੰਚਕੂਲਾ (ਪੀ.ਪੀ. ਵਰਮਾ) ‘ਸਵੱਛਤਾ ਸਰਵੇਖਣ 2020’ ਅਨੁਸਾਰ, ਸਵੱਛ ਸ਼ਹਿਰਾਂ ਦੀ ਸੂਚੀ ਵਿੱਚ ਪੰਚਕੂਲਾ ਨੇ 56ਵਾਂ ਰੈਂਕ ਹਾਸਲ ਕੀਤਾ ਹੈ। ਪਿਛਲੇ ਸਾਲ ਹੋਏ ਸਰਵੇਖਣ ਅਨੁਸਾਰ ਪੰਚਕੁਲਾ ਨੂੰ 71ਵਾਂ ਸਥਾਨ ਮਿਲਿਆ ਸੀ। ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਨੇ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਪਿਛਲੇ ਕੁਝ ਸਾਲਾਂ ਤੋਂ ਸ਼ਹਿਰ ਨੂੰ ਸਾਫ ਕਰਨ ਲਈ ਕਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸ਼ਹਿਰ ਦੀ ਹਰਿਆਲੀ ਬਣਾਈ ਰੱਖਣ ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਕਈ ਥਾਵਾਂ ’ਤੇ ਬੂਟੇ ਵੀ ਲਗਾਏ ਗਏ। ਪੰਚਕੂਲਾ ਦੇ 56ਵੇਂ ਰੈਂਕ ਦੇ ਆਉਣ ਉੱਤੇ ਇਸ ਪ੍ਰਾਪਤੀ ਤੋਂ ਬਾਅਦ ਵੱਖ-ਵੱਖ ਸੈਕਟਰਾਂ ਦੀਆਂ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਮਾਰਕੀਟ ਵੈਲਫੇਅਰ ਐਸੋਸੀਏਸ਼ਨਾਂ ਤੇ ਕਈ ਸਿਆਸੀ ਆਗੂਆਂ ਨੇ ਇਸ ਵਾਰੇ ਖ਼ੁਸ਼ੀ ਜ਼ਾਹਰ ਕੀਤੀ ਹੈ।
ਸਾਲ 2016 ਵਿੱਚ ਦੂਜੇ ਨੰਬਰ ’ਤੇ ਆਇਆ ਸੀ ਚੰਡੀਗੜ੍ਹ
ਸਵੱਛਤਾ ਮਿਸ਼ਨ ਦੀ ਸ਼ੁਰੂਆਤ ਸਾਲ 2016 ਵਿੱਚ ਹੋਈ ਸੀ ਤੇ ਊਸ ਸਾਲ ਚੰਡੀਗੜ੍ਹ ਨੰਬਰ-2 ’ਤੇ ਆਇਆ ਸੀ। ਇਸ ਤੋਂ ਬਾਅਦ ਅਗਲੇ ਸਾਲ 2017 ਵਿੱਚ 11ਵੇਂ ਸਥਾਨ ’ਤੇ ਰਿਹਾ ਅਤੇ ਸਾਲ 2018 ਵਿੱਚ ਤੀਸਰੇ ਸਥਾਨ ’ਤੇ ਆਇਆ ਸੀ। ਇਸ ਤੋਂ ਬਾਅਦ ਅਗਲੇ ਸਾਲ 2019 ਵਿੱਚ ਚੰਡੀਗੜ੍ਹ ਸਫ਼ਾਈ ਦੇ ਮਾਮਲੇ ਵਿੱਚ 20ਵੇਂ ਸਥਾਨ ’ਤੇ ਖਿਸਕ ਗਿਆ ਸੀ। ਮੌਜੂਦਾ ਸਾਲ ਦੇ ਸਫ਼ਾਈ ਸਰਵੇਖਣ ਦੇ ਨਤੀਜਿਆਂ ਵਿੱਚ ਚੰਡੀਗੜ੍ਹ ਦੀ ਰੈੰਕਿੰਗ ਵਿੱਚ ਆਏ ਸੁਧਾਰ ਨੂੰ ਲੈਕੇ ਨਿਗਮ ਪ੍ਰਸ਼ਾਸਨ ਨੇ ਕੁੱਝ ਰਾਹਤ ਮਹਿਸੂਸ ਕੀਤੀ ਹੈ। ਨਿਗਮ ਅਨੁਸਾਰ ਰੈੰਕਿੰਗ ਵਿੱਚ ਕੀਤੇ ਗਏ ਸੁਧਾਰ ਤੋਂ ਬਾਅਦ ਅਗਲੇ ਸਾਲ ਦੇ ਸਰਵੇਖਣ ਵਿੱਚ ਚੰਡੀਗੜ੍ਹ ਨੂੰ ਦੇਸ਼ ਭਰ ਦੇ ਸ਼ਹਿਰਾਂ ਵਿੱਚ ਪਹਿਲੇ ਨੰਬਰ ’ਤੇ ਲਿਜਾਣ ਲਈ ਉਪਰਾਲੇ ਕੀਤੇ ਜਾਣਗੇ।
ਮੁਹਾਲੀ 157ਵੇਂ ਨੰਬਰ ’ਤੇ ਆਇਆ
ਮੁਹਾਲੀ (ਦਰਸ਼ਨ ਸਿੰਘ ਸੋਢੀ): ਸਵੱਛ ਭਾਰਤ ਸਰਵੇਖਣ ਵਿੱਚ ਮੁਹਾਲੀ ਐਤਕੀਂ ਫਿਰ ਪਛੜ ਗਿਆ ਹੈ। ਪਿਛਲੇ ਸਾਲ ਨਾਲੋਂ ਇਸ ਸਾਲ ਵੀ ਮੁਹਾਲੀ ਰੈਂਕਿੰਗ ਵਿੱਚ ਪਿੱਛੇ ਹੈ। ਦੇਸ਼ ਭਰ ਵਿੱਚ ਪਹਿਲੇ 100 ਨੰਬਰਾਂ ਤਾਂ ਦੂਰ 155 ਸ਼ਹਿਰਾਂ ਤੋਂ ਵੀ ਮੁਹਾਲੀ ਆਪਣੀ ਥਾਂ ਨਹੀਂ ਬਣਾ ਪਾਇਆ। ਸਾਲ 2018 ਵਿੱਚ ਮੁਹਾਲੀ 109ਵੇਂ ਸਥਾਨ ਸੀ ਜੋ ਪਿਛਲੇ ਸਾਲ 2019 ਵਿੱਚ 153ਵੇਂ ਨੰਬਰ ’ਤੇ ਪਹੁੰਚ ਗਿਆ ਲੇਕਿਨ ਇਸ ਵਾਰ ਸਰਵੇ ਵਿੱਚ ਮੁਹਾਲੀ 157ਵੇਂ ਸਥਾਨ ’ਤੇ ਆਇਆ ਹੈ। ਇਸ ਸਾਲ ਕੁੱਲ 6 ਹਜ਼ਾਰ ਅੰਕਾਂ ’ਚੋਂ ਸ਼ਹਿਰ ਨੇ ਸਿਰਫ਼ 2790 ਅੰਕ ਪ੍ਰਾਪਤ ਕੀਤੇ ਹਨ। ਇਸ ਸਾਲ ਮੁਹਾਲੀ ਚੌਥੇ ਸਥਾਨ ਤੋਂ ਸੱਤਵੇਂ ਸਥਾਨ ’ਤੇ ਖਿਸਕ ਗਿਆ ਹੈ। ਮੁਹਾਲੀ ਵਿੱਚ ਸਰਵੇ ਕਰਨ ਆਏ ਆਬਜ਼ਰਵਰ ਦੀ ਰਿਪੋਰਟ ਮੁਤਾਬਕ ਸ਼ਹਿਰ ਨੇ ਕੁੱਲ 1500 ’ਚੋਂ 215 ਅੰਕ ਪ੍ਰਾਪਤ ਕੀਤੇ ਹਨ। ਸ਼ਹਿਰ ਵਾਸੀਆਂ ਤੋਂ ਹਾਸਲ ਕੀਤੀ ਫੀਡਬੈਕ ਨੂੰ ਆਧਾਰ ਬਣਾ ਕੇ ਤਿਆਰ ਕੀਤੀ ਰਿਪੋਰਟ ਵਿੱਚ 1500 ਅੰਕਾਂ ’ਚੋਂ 1119 ਪੁਆਇੰਟ ਦਿੱਤੇ ਹਨ। ਜਦੋਂਕਿ ਸ਼ਹਿਰ ਨੂੰ ਜਨਤਕ ਸੌਚ ਮੁਕਤ ਕਰਨ ਸਬੰਧੀ ਮੁਹਾਲੀ ਨੂੰ 1500 ’ਚੋਂ ਮਹਿਜ਼ 300 ਪੁਆਇੰਟ ਹੀ ਮਿਲੇ ਹਨ। ਇੰਜ ਹੀ ਸਰਵਿਸ ਲੈਵਲ ਪ੍ਰੋਗਰੈੱਸ ਵਿੱਚ ਵੀ 1500 ’ਚੋਂ ਸਿਰਫ਼ 215 ਪੁਆਇੰਟ ਹੀ ਮਿਲ ਸਕੇ ਹਨ। ਨਿਗਮ ਕਮਿਸ਼ਨਰ ਕਮਲ ਗਰਗ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਫ਼ਾਈ ਵਿਵਸਥਾ ਵਿੱਚ ਸੁਧਾਰ ਲਿਆਂਦਾ ਜਾਵੇਗਾ।