Chandigarh Rain: ਚੰਡੀਗੜ੍ਹ ਤੇ ਹੋਰ ਖੇਤਰਾਂ ਵਿੱਚ ਮੀਂਹ; ਸ਼ਿਮਲਾ ’ਚ ਬਰਫਬਾਰੀ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ/ਪੀਟੀਆਈ
ਚੰਡੀਗੜ੍ਹ/ਨਵੀਂ ਦਿੱਲੀ/ਸ਼ਿਮਲਾ, 8 ਦਸੰਬਰ
Shimla receives season's first snow: ਉਤਰੀ ਭਾਰਤ ਵਿਚ ਅੱਜ ਕਈ ਥਾਵਾਂ ’ਤੇ ਕਿਣਮਿਣ ਹੋਈ ਤੇ ਚੰਡੀਗੜ੍ਹ ਵਿਚ ਵੀ ਸ਼ਾਮ ਵੇਲੇ ਮੀਂਹ ਪਿਆ ਜਿਸ ਨਾਲ ਠੰਢ ਵਧ ਗਈ ਹੈ। ਚੰਡੀਗੜ੍ਹ ਵਿੱਚ ਅੱਜ ਪਹਿਲਾਂ ਸ਼ਾਮ ਪੰਜ ਵਜੇ ਤੋਂ ਬਾਅਦ ਕਿਣਮਿਣ ਸ਼ੁਰੂ ਹੋਈ ਤੇ ਇਸ ਤੋਂ ਬਾਅਦ ਸਾਢੇ ਅੱਠ ਵਜੇ ਮੁੜ ਮੀਂਹ ਸ਼ੁਰੂ ਹੋਇਆ। ਇਹ ਮੀਂਹ ਪੂਰੇ ਚੰਡੀਗੜ੍ਹ ਵਿਚ ਨਾ ਪੈ ਕੇ ਕੁਝ ਸੈਕਟਰਾਂ ਵਿਚ ਹੀ ਪਿਆ। ਇਸ ਦੌਰਾਨ ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਚੱਲਣ ਨਾਲ ਮੌਸਮ ਖੁਸ਼ਨੁਮਾ ਬਣ ਗਿਆ ਹੈ। ਦੂਜੇ ਪਾਸੇ ਮੁਹਾਲੀ ਵਿਚ ਬੱਦਲ ਗਰਜ ਰਹੇ ਹਨ ਤੇ ਬਿਜਲੀ ਚਮਕ ਰਹੀ ਹੈ ਤੇ ਮੀਂਹ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਇਸ ਵੇਲੇ ਚੰਡੀਗੜ੍ਹ ਦਾ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਤੇ ਨਮੀ ਦੀ ਮਾਤਰਾ 71 ਫੀਸਦੀ ਹੈ। ਉਂਝ ਅੱਜ ਦਿਨ ਵਿਚ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਰਿਹਾ।
ਸ਼ਿਮਲਾ ਅਤੇ ਇਸ ਨਾਲ ਲੱਗਦੇ ਸੈਲਾਨੀ ਕੇਂਦਰਾਂ ਕੁਫਰੀ ਅਤੇ ਫਾਗੂ ਵਿੱਚ ਅੱਜ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਜਦਕਿ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਇਲਾਕਿਆਂ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਉੱਚੇ ਇਲਾਕਿਆਂ ਵਿੱਚ ਰੁਕ-ਰੁਕ ਕੇ ਬਰਫ਼ ਪਈ ਜਿਸ ਕਾਰਨ ਨਾਲ ਲੱਗਦੀਆਂ ਘਾਟੀਆਂ ਵਿੱਚ ਠੰਢ ਵਧ ਗਈ ਹੈ। ਲਾਹੌਲ ਦਾ ਪੂਰਾ ਖੇਤਰ ਬਰਫ਼ ਦੀ ਪਤਲੀ ਚਾਦਰ ਵਿਚ ਢਕਿਆ ਗਿਆ ਹੈ। ਇਥੇ ਬਰਫ ਪੈਣ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ।
ਉੱਚੇ ਪਹਾੜੀ ਰਾਹਾਂ ਅਤੇ ਹੋਰ ਉੱਚਾਈ ਵਾਲੇ ਕਬਾਇਲੀ ਖੇਤਰਾਂ ਵਿੱਚ ਵੀ ਤਾਜ਼ਾ ਬਰਫ਼ ਪਈ। ਮੌਸਮ ਵਿਭਾਗ ਨੇ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ਹੋਰ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਨਾਲ ਸੂਬੇ ਭਰ ’ਚ ਘੱਟੋ-ਘੱਟ ਤਾਪਮਾਨ ਹੇਠਾਂ ਆ ਗਿਆ। ਇਥੋਂ ਦੇ ਕਾਲਪਾ ਵਿੱਚ ਤਾਪਮਾਨ 3.3 ਡਿਗਰੀ, ਰਿਕਾਂਗ ਪੀਓ ਵਿੱਚ 1 ਡਿਗਰੀ ਅਤੇ ਨਾਰਕੰਡਾ ਵਿੱਚ 0.8 ਡਿਗਰੀ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਅੱਜ ਸ਼ਾਮ ਵੇਲੇ ਹਲਕਾ ਮੀਂਹ ਪਿਆ। ਇੱਥੋਂ ਦੇ ਕੋਟਾ ਹਾਊਸ, ਅਕਬਰ ਰੋਡ ਅਤੇ ਪੰਡਾਰਾ ਪਾਰਕ ਸਣੇ ਦਿੱਲੀ ਦੇ ਕਈ ਹਿੱਸਿਆਂ ’ਚ ਮੀਂਹ ਨੇ ਦਸਤਕ ਦਿੱਤੀ। ਇਸ ਤੋਂ ਪਹਿਲਾਂ ਮੌਸਮ ਵਿਭਾਗ (ਆਈਐਮਡੀ) ਨੇ ਪੱਛਮੀ ਗੜਬੜੀ ਕਾਰਨ ਅੱਠ ਤੇ ਨੌਂ ਦਸੰਬਰ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਸੀ। ਉੱਤਰੀ ਭਾਰਤ ਅਤੇ ਦਿੱਲੀ-ਐਨਸੀਆਰ ਦੇ ਮੌਸਮ ਬਾਰੇ ਏਐਨਆਈ ਨਾਲ ਗੱਲ ਕਰਦਿਆਂ ਆਈਐਮਡੀ ਦੇ ਵਿਗਿਆਨੀ ਨਰੇਸ਼ ਕੁਮਾਰ ਨੇ ਕਿਹਾ ਕਿ 9 ਦਸੰਬਰ ਤੋਂ ਬਾਅਦ ਦਿੱਲੀ-ਐਨਸੀਆਰ ਵਿੱਚ ਤਾਪਮਾਨ ਘੱਟ ਜਾਵੇਗਾ।
ਜਾਣਕਾਰੀ ਅਨੁਸਾਰ ਅੱਜ ਸ਼ਾਮ ਚੰਡੀਗੜ੍ਹ ਦੇ ਸਿਰਫ ਕੁਝ ਸੈਕਟਰਾਂ ਵਿਚ ਹੀ ਹਲਕੀ ਕਿਣਮਿਣ ਹੋਣ ਦੀ ਖਬਰ ਹੈ। ਇਹ ਵੀ ਪਤਾ ਲੱਗਿਆ ਹੈ ਕਿ ਸੈਕਟਰ 47 ਵਿਚ ਕੁਝ ਦੇਰ ਮੀਂਹ ਪਿਆ ਜਦਕਿ ਸੈਕਟਰ 29 ਵਿਚ ਕੁਝ ਦੇਰ ਹੀ ਕਿਣਮਿਣ ਹੋਈ। ਇਸ ਤੋਂ ਇਲਾਵਾ ਮੁਹਾਲੀ ਵਿਚ ਸ਼ਾਮ ਵੇਲੇ ਬੱਦਲਵਾਈ ਰਹੀ ਪਰ ਮੀਂਹ ਪੈਣ ਦੀਆਂ ਖਬਰਾਂ ਨਹੀਂ ਹਨ। ਦੂਜੇ ਪਾਸੇ ਚੰਡੀਗੜ੍ਹ ਦੇ ਮੌਸਮ ਵਿਭਾਗ ਨੇ ਆਉਂਦੇ ਦੋ ਦਿਨਾਂ ਵਿਚ ਠੰਢੀਆਂ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਤੋਂ ਇਲਾਵਾ ਭਾਰਤੀ ਮੌਸਮ ਵਿਭਾਗ ਨੇ ਵੀ ਪੱਛਮੀ ਗੜਬੜੀ ਵਜੋਂ ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਵਿੱਚ ਦੋ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ 9 ਦਸੰਬਰ ਤੋਂ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੀਤ ਲਹਿਰ ਚੱਲੇਗੀ।
ਆਈਐਮਡੀ ਦੇ ਵਿਗਿਆਨੀ ਨਰੇਸ਼ ਕੁਮਾਰ ਨੇ ਕਿਹਾ ਕਿ 9 ਦਸੰਬਰ ਤੋਂ ਬਾਅਦ ਦਿੱਲੀ-ਐਨਸੀਆਰ ਵਿੱਚ ਤਾਪਮਾਨ ਘੱਟ ਜਾਵੇਗਾ।
ਇਹ ਮੱਧ ਪਾਕਿਸਤਾਨ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਪੱਛਮੀ ਗੜਬੜੀ ਵਜੋਂ ਹੋਵੇਗਾ। ਇਸ ਤੋਂ ਇਲਾਵਾ ਹਿਮਾਚਲ ਦੇ ਉੱਚੇ ਖੇਤਰਾਂ ਵਿਚ ਬਰਫਬਾਰੀ ਹੋਣ ਦੀ ਵੀ ਸੰਭਾਵਨਾ ਹੈ।