For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਪੁਲੀਸ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਈ

07:51 AM Sep 20, 2023 IST
ਚੰਡੀਗੜ੍ਹ ਪੁਲੀਸ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਈ
ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 19 ਸਤੰਬਰ
ਚੰਡੀਗੜ੍ਹ ਪੁਲੀਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਿਸ਼ਾ-ਨਿਰਦੇਸ਼ ’ਤੇ ਲੋਕਾਂ ਨੂੰ ਵਧੀਆ ਸੁਰੱਖਿਆ ਸਹੂਲਤਾਂ ਪ੍ਰਦਾਨ ਕਰਨ ਲਈ ਅਤਿ-ਆਧੁਨਿਕ ਮਸ਼ੀਨਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਇਸੇ ਦੇ ਚਲਦਿਆਂ ਚੰਡੀਗੜ੍ਹ ਪੁਲੀਸ ਦੇ ਵਿਹੜੇ ਵਿੱਚ ਮੋਬਾਈਲ ਫੋਰੈਂਸਿਕ ਇਨਵੈਸਟੀਗੇਸ਼ਨ ਵੈਨ, ਕਵਚ ਵਾਹਨ, ਜੈਮਰ ਵਾਲਾ ਵਾਹਨ ਤੇ ਜਲ ਤੋਪ ਵਾਲੇ ਵਾਹਨ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਸੈਕਟਰ-9 ਸਥਿਤ ਚੰਡੀਗੜ੍ਹ ਸਕੱਤਰੇਤ ਵਿੱਚ ਸਾਰੇ ਵਾਹਨਾਂ ਨੂੰ ਹਰੀ ਝੰਡੀ ਦੇ ਰਵਾਨਾ ਕੀਤਾ। ਇਸ ਮੌਕੇ ਡੀਜੀਪੀ ਪਰਵੀਰ ਰੰਜਨ ਤੇ ਹੋਰ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ। ਚੰਡੀਗੜ੍ਹ ਪੁਲੀਸ ਨੇ ਇਨ੍ਹਾਂ ਵਾਹਨਾਂ ਨੂੰ ਆਪਣੀਆਂ ਵੱਖ-ਵੱਖ ਟੀਮਾਂ ਦੇ ਹਵਾਲੇ ਕਰ ਦਿੱਤਾ ਹੈ। ਮੋਬਾਈਲ ਫੋਰੈਂਸਿਕ ਇਨਵੈਸਟੀਗੇਸ਼ਨ ਵੈਨ ਨੂੰ ਚੰਡੀਗੜ੍ਹ ਪੁਲੀਸ ਦੀ ਮੋਬਾਈਲ ਫੋਰੈਂਸਿਕ ਟੀਮ ਨੂੰ ਸੌਂਪ ਦਿੱਤਾ ਹੈ। ਇਸੇ ਤਰ੍ਹਾਂ ਜੈਮਰ ਵਾਲੇ ਵਾਹਨ ਨੂੰ ਵੀਆਈਪੀ ਸੁਰੱਖਿਆ ਯੂਨਿਟ, ਕਵਚ ਵਾਹਨ ਨੂੰ ਅਪ੍ਰੈਸ਼ਨ ਸੈੱਲ ਅਤੇ ਜਲ ਤੋਪ ਵਾਲੇ ਵਾਹਨ ਨੂੰ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਦੇ ਮੰਤਵ ਲਈ ਰੱਖਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੋਬਾਈਲ ਫੋਰੈਂਸਿਕ ਇਨਵੈਸਟੀਗੇਸ਼ਨ ਵੈਨ ਗੁਜਰਾਤ ਦੇ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਹੈ। ਇਸ ਵਿੱਚ ਮਾਈਕ੍ਰੋਸਕੋਪ, ਲੈਪਟਾਪ, ਪ੍ਰਿੰਟਰ, ਕੈਮਰਾ, ਬਰੂਦ ਦੀ ਰਹਿੰਦ-ਖੂੰਹਦ ਦੀ ਜਾਂਚ ਕਰਨ ਵਾਲੀ ਕਿੱਟ, ਨਾਰਕੋਟਿਕ ਖੋਜ ਕਿੱਟ, ਵਿਸਫੋਟਕ ਖੋਜ ਕਿੱਟ, ਡੀਐੱਨਏ ਨਮੂਨੇ, ਖੂਨ ਦੇ ਨਮੂਨੇ ਤੇ ਜਿਨਸੀ ਸ਼ੋਸ਼ਣ ਦਾ ਮਾਮਲਿਆਂ ਦੀ ਜਾਂਚ ਲਈ ਪ੍ਰਬੰਧ ਕੀਤੇ ਗਏ ਹਨ। ਕਵਚ ਵਾਹਨ ਦੀ ਵਰਤੋਂ ਅਤਿਵਾਦੀਆਂ ’ਤੇ ਨੱਥ ਪਾਉਣ ਲਈ ਕੀਤੇ ਜਾਂਦੇ ਵਿਸ਼ੇਸ਼ ਅਪ੍ਰੇਸ਼ਨ ’ਚ ਕੀਤੀ ਜਾਂਦੀ ਹੈ। ਜਲ ਤੋਪ ਵਾਹਨ ਦੀ ਵਰਤੋਂ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਾਰ ਰੱਖਣ ਲਈ ਕੀਤੀ ਜਾਵੇਗੀ। ਇਹ ਵਾਹਨ 60 ਮੀਟਰ ਦੀ ਦੂਰੀ ਤੱਕ ਪਾਣੀ ਦੀਆਂ ਬੌਛਾੜਾਂ ਮਾਰ ਸਕਦਾ ਹੈ।

ਪ੍ਰਸ਼ਾਸਕ ਨੇ 14 ਫੋਰੈਂਸਿਕ ਕੰਸਲਟੈਂਟਾਂ ਨੂੰ ਨਿਯੁਕਤੀ ਪੱਤਰ ਦਿੱਤੇ

ਨਿਯੁਕਤੀ ਪੱਤਰ ਦਿਖਾਉਂਦੇ ਹੋਏ ਨਵ-ਨਿਯੁਕਤ ਨੌਜਵਾਨ। -ਫੋਟੋ: ਮਿੱਤਲ

ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਨੇ 14 ਫੋਰੈਂਸਿਕ ਕੰਸਲਟੈਂਟਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਇਨ੍ਹਾਂ ਨਵੇਂ ਕੰਸਲਟੈਂਟਾਂ ਵੱਲੋਂ ਹੀ ਮੋਬਾਈਲ ਫੋਰੈਂਸਿਕ ਇਨਵੈਸਟੀਗੇਸ਼ਨ ਲੈਬ ’ਚ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰਸ਼ਾਸਕ ਨੇ ਪੰਜਾਬ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਵਿੱਚ ਸਾਈਬਰ ਸੁਰੱਖਿਆ ਤੇ ਡਿਜੀਟਲ ਫੋਰੈਂਸਿਕ ਕੋਰਸ ਦੇ ਪਹਿਲੇ ਬੈਚ ਦੀ ਸ਼ੁਰੂਆਤ ਕੀਤੀ। ਇਸ ਕੋਰਸ ਰਾਹੀਂ ਗ਼ੈਰ-ਸਮਾਜਿਕ ਅਨਸਰਾਂ ’ਤੇ ਸਮਾਂ ਰਹਿੰਦੇ ਕਾਰਵਾਈ ਕੀਤੀ ਜਾ ਸਕੇਗੀ।

Advertisement

Advertisement
Author Image

joginder kumar

View all posts

Advertisement