For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਪੁਲੀਸ ਨੇ ਚੱਪੇ-ਚੱਪੇ ’ਤੇ ਚੌਕਸੀ ਵਧਾਈ

06:49 AM Aug 04, 2024 IST
ਚੰਡੀਗੜ੍ਹ ਪੁਲੀਸ ਨੇ ਚੱਪੇ ਚੱਪੇ ’ਤੇ ਚੌਕਸੀ ਵਧਾਈ
ਗ੍ਰਹਿ ਮੰਤਰੀ ਦੀ ਫੇਰੀ ਤੋਂ ਪਹਿਲਾਂ ਰਿਹਰਸਲ ਕਰਦੀਆਂ ਹੋਈਆਂ ਪੁਲੀਸ ਦੀਆਂ ਟੀਮਾਂ। -ਫੋਟੋ: ਰਵੀ ਕੁਮਾਰ
Advertisement

ਅਮਿਤ ਸ਼ਾਹ ਦੀ ਫੇਰੀ

ਮੁਕੇਸ਼ ਕੁਮਾਰ
ਚੰਡੀਗੜ੍ਹ, 3 ਅਗਸਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਐਤਵਾਰ ਨੂੰ ਚੰਡੀਗੜ੍ਹ ਦੌਰੇ ’ਤੇ ਹਨ। ਆਪਣੀ ਫੇਰੀ ਦੌਰਾਨ ਗ੍ਰਹਿ ਮੰਤਰੀ ਸ਼ਹਿਰ ਦੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਸਣੇ ਚੰਡੀਗੜ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਇਸ ਦੌਰਾਨ ਗ੍ਰਹਿ ਮੰਤਰੀ ਚੰਡੀਗੜ੍ਹ ਪੁਲੀਸ ਵਿੱਚ ਭਰਤੀ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੀ ਵੰਡਣਗੇ। ਗ੍ਰਹਿ ਮੰਤਰੀ ਦੀ ਫੇਰੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ। ਗ੍ਰਹਿ ਮੰਤਰੀ ਦੇ ਦੌਰੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਟੀਮ ਚੰਡੀਗੜ੍ਹ ਪੁੱਜ ਗਈ ਹੈ ਅਤੇ ਉਨ੍ਹਾਂ ਦੀ ਸਖ਼ਤ ਨਿਗਰਾਨੀ ਹੇਠ ਤਿਆਰੀਆਂ ਚੱਲ ਰਹੀਆਂ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਤੈਅ ਪ੍ਰੋਗਰਾਮ ਅਨੁਸਾਰ ਸ਼ਹਿਰ ਦੇ ਬਹੁ-ਕਰੋੜੀ 24 ਘੰਟਾ ਜਲ ਸਪਲਾਈ ਪ੍ਰਾਜੈਕਟ ਦਾ ਮਨੀਮਾਜਰਾ ਦੇ ਸ਼ਿਵਾਲਿਕ ਗਾਰਡਨ ਵਿੱਚ ਦੁਪਹਿਰ ਸਾਢੇ ਬਾਰ੍ਹਾਂ ਵਜੇ ਉਦਘਾਟਨ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਚੰਡੀਗੜ੍ਹ ਸਕੱਤਰੇਤ ਵਿੱਚ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਮਨੀਮਾਜਰਾ ਵਿੱਚ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਸਿੱਧਾ ਸਕੱਤਰੇਤ ਪੁੱਜਣਗੇ ਅਤੇ ਉੱਥੇ ਉਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਅਤੇ ਚੰਡੀਗੜ੍ਹ ਭਾਜਪਾ ਦੇ ਕੁਝ ਆਗੂਆਂ ਨਾਲ ਦੁਪਹਿਰ ਦਾ ਭੋਜਨ ਕਰਨਗੇ।
ਇਸ ਤੋਂ ਪਹਿਲਾ ਮਨੀਮਾਜਰਾ ਵਿੱਚ ਜਨ ਸਭਾ ਨੂੰ ਸੰਬੋਧਨ ਕਰਨ ਲਈ ਉਥੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਟਰ ਪਰੂਫ ਵਿਸ਼ਾਲ ਪੰਡਾਲ ਤਿਆਰ ਕੀਤਾ ਗਿਆ ਹੈ। ਉਥੇ ਹੀ ਗ੍ਰਹਿ ਮੰਤਰੀ ਦੀ ਫੇਰੀ ਨੂੰ ਲੈ ਕੇ ਸੁਰੱਖਿਆ ਲਈ ਪੁਲੀਸ ਨੇ ਪਿਛਲੇ ਦੋ ਦਿਨਾਂ ਤੋਂ ਸ਼ਹਿਰ ਵਿੱਚ ਗਸ਼ਤ ਵਧਾ ਦਿੱਤੀ ਹੈ, ਜਿਨ੍ਹਾਂ ਇਲਾਕਿਆਂ ਵਿੱਚ ਗ੍ਰਹਿ ਮੰਤਰੀ ਦੇ ਪ੍ਰੋਗਰਾਮ ਹੋਣੇ ਹਨ, ਉਥੇ ਆਸਪਾਸ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਜਿਨ੍ਹਾਂ ਸੜਕਾਂ ਤੋਂ ਗ੍ਰਹਿ ਮੰਤਰੀ ਦਾ ਕਾਫ਼ਲਾ ਲੰਘੇਗਾ, ਉਨ੍ਹਾਂ ਸੜਕਾਂ ’ਤੇ ਵੀ ਬਕਾਇਦਾ ਚੈੱਕ ਪੋਸਟ ਬਣਾਏ ਜਾ ਰਹੇ ਹਨ। ਸਮਾਗਮ ਵਾਲੀ ਥਾਂ ਦੇ ਆਸਪਾਸ ਕਿਰਾਏਦਾਰਾਂ ਅਤੇ ਸ਼ੱਕੀ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਗ੍ਰਹਿ ਮੰਤਰੀ ਦੇ ਕਾਫ਼ਲੇ ਦੇ ਰੂਟ ਨੂੰ ਲੈ ਕੇ ਪੁਲੀਸ ਵਲੋਂ ਰਿਹਰਸਲ ਵੀ ਕੀਤੀ ਗਈ।

Advertisement

ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਵੀ ਸਰਗਰਮ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਅਤੇ ਨਗਰ ਨਿਗਮ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਗ੍ਰਹਿ ਮੰਤਰੀ ਦੇ ਸਾਹਮਣੇ ਚੰਡੀਗੜ੍ਹ ਦੀ ‘ਖੂਬਸੂਰਤੀ’ ਨੂੰ ਕਾਇਮ ਰੱਖਣ ਲਈ ਅਧਿਕਾਰੀ ਪੱਬਾਂ ਭਾਰ ਹਨ। ਨਗਰ ਨਿਗਮ ਵਲੋਂ ਇਥੇ ਮਨੀਮਾਜਰਾ ਵਿੱਚ ਸ਼ਿਵਾਲਿਕ ਗਾਰਡਨ ਦੇ ਆਲੇ ਦੁਆਲੇ ਨੂੰ ਚਮਕਾਇਆ ਜਾ ਰਿਹਾ ਹੈ। ਖਸਤਾ ਹਾਲਤ ਸੜਕਾਂ ਦੀ ਕਾਰਪੇਟਿੰਗ ਕੀਤੀ ਜਾ ਰਹੀ ਅਤੇ ਲੰਬੇ ਸਮੇਂ ਤੋਂ ਪਏ ਕੂੜੇ ਦੇ ਢੇਰਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਸ਼ਿਵਾਲਿਕ ਗਾਰਡਨ ਨੇੜੇ ਰਹਿਣ ਵਾਲਿਆਂ ਨੂੰ ਇਸ ਪ੍ਰਾਜੈਕਟ ਦੀ ਖੁਸ਼ੀ ਘੱਟ ਅਤੇ ਇਥੇ ਸਫਾਈ ਹੋਣ ਦੀ ਖੁਸ਼ੀ ਜ਼ਿਆਦਾ ਹੈ। ਇਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਗਰ ਨਿਗਮ ਦੇ ਸ਼ੁਰੂ ਹੋਣ ਵਾਲੇ 24 ਘੰਟੇ ਜਲ ਸਪਲਾਈ ਦਾ ਫਾਇਦਾ ਹੋਵੇ ਜਾਂ ਨਾ ਹੋਵੇ ਪਰ ਇਸ ਗੱਲ ਦੀ ਖੁਸ਼ੀ ਹੈ ਕਿ ਇਥੇ ਉਦਘਾਟਨ ਸਮਾਗਮ ਨੂੰ ਲੈ ਕੇ ਉਨ੍ਹਾਂ ਦੇ ਇਲਾਕੇ ਵਿੱਚ ਸਫਾਈ ਹੋ ਗਈ ਹੈ ਅਤੇ ਖਸਤਾ ਹਾਲਤ ਸੜਕ ਦੀ ਰੀਕਾਰਪੇਟਿੰਗ ਹੋ ਗਈ ਹੈ।

Advertisement
Author Image

Advertisement
Advertisement
×