ਚੰਡੀਗੜ੍ਹ ਪੁਲੀਸ ਨੇ 58ਵਾਂ ਸਥਾਪਨਾ ਦਿਵਸ ਮਨਾਇਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਨਵੰਬਰ
ਚੰਡੀਗੜ੍ਹ ਪੁਲੀਸ ਵੱਲੋਂ ਸੈਕਟਰ-26 ਵਿੱਚ ਸਥਿਤ ਪੁਲੀਸ ਲਾਈਨ ਵਿੱਚ ਚੰਡੀਗੜ੍ਹ ਪੁਲੀਸ ਦਾ 58ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨ੍ਹਾਂ ਨੇ ਪੁਲੀਸ ਪਰੇਡ ਵਿੱਚ ਪੁਲੀਸ ਦੀਆਂ ਵੱਖ-ਵੱਖ ਟੀਮਾਂ ਤੋਂ ਸਲਾਮੀ ਲਈ। ਪਰੇਡ ਦੌਰਾਨ ਪਾਈਪ ਬੈਂਡ ਤੇ ਬਰਾਸ ਬੈਂਡ ਸਣੇ 14 ਟੀਮਾਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਹੈ। ਇਸ ਸਮਾਗਮ ਦੌਰਾਨ ਸ੍ਰੀ ਕਟਾਰੀਆ ਨੇ ਵਧੀਆਂ ਸੇਵਾਵਾਂ ਨਿਭਾਉਣ ਲਈ ਸੈਕਟਰ-26 ਦੇ ਪੁਲੀਸ ਸਟੇਸ਼ਨ ਨੂੰ ‘ਡੀਜੀਪੀ’ ਟਰਾਫੀ ਤੇ 25 ਹਜ਼ਾਰ ਰੁਪਏ ਨਗਦ ਇਨਾਮ ਦੇ ਨਾਲ ਸਨਮਾਨਿਆ ਗਿਆ। ਦੂਜੇ ਨੰਬਰ ’ਤੇ ਰਹਿਣ ਕਰ ਕੇ ਸੈਕਟਰ-11 ਦੇ ਪੁਲੀਸ ਥਾਣੇ ਨੂੰ 15 ਹਜ਼ਾਰ ਅਤੇ ਥਾਣਾ ਮੌਲੀ ਜੱਗਰਾਂ ਨੂੰ ਤੀਜੇ ਨੰਬਰ ’ਤੇ ਰਹਿਣ ’ਤੇ 10 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ।
ਸ੍ਰੀ ਕਟਾਰੀਆ ਨੇ ਵੱਖ-ਵੱਖ ਮਾਮਲਿਆਂ ਵਿੱਚ ਵਧੀਆਂ ਜਾਂਚ ਕਰਨ ਕਰ ਕੇ ਇੰਸਪੈਕਟਰ ਸ਼ਿਵਚਰਨ ਸਿੰਘ ਨੂੰ ਡੀਜੀਪੀ ਟਰਾਫੀ ਤੇ 25 ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਆ। ਇਸ ਤੋਂ ਇਲਾਵਾ ਐੱਸਆਈ ਨਵੀਨ ਕੁਮਾਰ ਨੂੰ 15 ਹਜ਼ਾਰ ਅਤੇ ਏਐੱਸਆਈ ਕੁਲਦੀਪ ਸਿੰਘ ਨੂੰ 10 ਹਜ਼ਾਰ ਰੁਪਏ ਨਗਦ ਇਨਾਮ ਨਾਲ ਸਨਮਾਨਿਤ ਕੀਤਾ। ਪ੍ਰਸ਼ਾਸਕ ਨੇ ਬੀਟ ਬਾਕਸ ’ਤੇ ਵਧੀਆ ਕੰਮ ਕਰਨ ਲਈ ਕਾਂਸਟੇਬਲ ਸੰਜੇ ਤੇ ਕਾਂਸਟੇਬਲ ਕਮਲਜੀਤ ਕੌਰ ਦਾ ਸਨਮਾਨ ਕੀਤਾ। ਸਮਾਗਮ ਵਿੱਚ ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਚੰਡੀਗੜ੍ਹ ਪੁਲੀਸ ਦੇ ਵਿਹੜੇ ਵਿੱਚ ਜਲਦ ਹੀ 800 ਮੁਲਾਜ਼ਮ ਸ਼ਾਮਲ ਹੋਣਗੇ। ਇਸ ਵਿੱਚੋਂ 44 ਏਐੱਸਆਈ ਦੀ ਟਰੇਨਿੰਗ ਪੂਰੀ ਹੋ ਚੁੱਕੀ ਹੈ ਜਦੋਂਕਿ 745 ਕਾਂਸਟੇਬਲਾਂ ਦੀ ਟਰੇਨਿੰਗ ਚੱਲ ਰਹੀ ਹੈ। ਇਸ ਮੌਕੇ ਡੀਜੀਪੀ ਸੁਰਿੰਦਰ ਸਿੰਘ ਯਾਦਵ, ਐੱਸਐੱਸਪੀ ਕੰਵਰਦੀਪ ਕੌਰ ਤੋਂ ਇਲਾਵਾ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।