ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮੀਟਿੰਗ 23 ਨੂੰ
ਮੁਕੇਸ਼ ਕੁਮਾਰ
ਚੰਡੀਗੜ੍ਹ, 15 ਨਵੰਬਰ
ਚੰਡੀਗੜ੍ਹ ਨਗਰ ਨਿਗਮ ਦੀ ਇਸ ਮਹੀਨੇ 23 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨੇ ਵਿੱਤ ਸੰਕਟ ਦਾ ਸਾਹਮਣਾ ਕਰ ਰਹੀ ਨਗਰ ਨਿਗਮ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ। ਮੇਅਰ ਕੁਲਦੀਪ ਕੁਮਾਰ ਦੀ ਅਰਜੋਈ ਤੋਂ ਬਾਅਦ ਪ੍ਰਸ਼ਾਸਕ ਕਟਾਰੀਆ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਹਾਮੀ ਭਰੀ ਹੈ। ਵਿੱਤੀ ਸੰਕਟ ਵਿੱਚੋਂ ਲੰਘ ਰਹੀ ਨਿਗਮ ਨੂੰ ਪ੍ਰਸ਼ਾਸਕ ਦੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਵੱਡੀਆਂ ਆਸਾਂ ਹਨ। ਮੇਅਰ ਕੁਲਦੀਪ ਕੁਮਾਰ ਨੇ ਸ਼ਹਿਰ ਦੇ ਪ੍ਰਸ਼ਾਸਕ ਨੂੰ ਨਿਗਮ ਹਾਊਸ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ। ਇਸ ਤੋਂ ਪਹਿਲਾ ਮੇਅਰ ਨੇ ਪ੍ਰਸ਼ਾਸਕ ਨਾਲ ਕੀਤੀ ਮੁਲਾਕਾਤ ਦੌਰਾਨ ਨਿਗਮ ਲਈ ਵਾਧੂ ਗ੍ਰਾਂਟਾਂ ਦੀ ਮੰਗ ਕੀਤੀ ਸੀ। ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਵਿੱਤੀ ਸੰਕਟ ਦੌਰਾਨ ਗਰਾਂਟ ਦੀ ਘਾਟ ਕਾਰਨ ਨਿਗਮ ਵਿਕਾਸ ਕਾਰਜਾਂ ਸਬੰਧੀ ਕੋਈ ਵੀ ਨਵਾਂ ਕੰਮ ਸ਼ੁਰੂ ਨਹੀਂ ਕਰ ਸਕਿਆ ਹੈ। ਇੰਨਾ ਹੀ ਨਹੀਂ ਨਿਗਮ ਨੂੰ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਲਾਲੇ ਪੈ ਸਕਦੇ ਹਨ। ਨਿਗਮ ਹਾਊਸ ਦੀ 23 ਨਵਬੰਰ ਨੂੰ ਸਵੇਰੇ 11 ਵਜੇ ਹੋਣ ਵਾਲੀ ਮੀਟਿੰਗ ਬਾਰੇ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਾਲ 2018 ਅਤੇ 2019 ਵਿੱਚ ਉਸ ਵੇਲੇ ਦੇ ਪ੍ਰਸ਼ਾਸਕ ਨੇ ਵੀ ਨਿਗਮ ਵਿੱਚ ਆ ਕੇ ਆਪਣਾ ਭਾਸ਼ਣ ਦਿੱਤਾ ਸੀ, ਪਰ ਉਸ ਸਮੇਂ ਵੀ ਨਿਗਮ ਲਈ ਕਿਸੇ ਆਰਥਿਕ ਪੈਕੇਜ ਦਾ ਐਲਾਨ ਨਹੀਂ ਕੀਤਾ ਗਿਆ ਸੀ। ਹੁਣ ਤਕ ਆਮਦਨੀ ਵਧਾਉਣ ਲਈ ਰੈਵੇਨਿਊ ਰਿਸੋਰਸ ਦੇ ਨਾਂ ’ਤੇ ਨਗਰ ਨਿਗਮ ਨੂੰ ਦੋ ਪੈਟਰੋਲ ਪੰਪ ਜ਼ਰੂਰ ਮਿਲੇ ਸਨ। ਇਸ ਬਾਰ ਪ੍ਰਸ਼ਾਸਕ ਦੀ ਨਗਰ ਨਿਗਮ ਦੇ ਦੌਰਾਨ ਦੌਰਾਨ ਨਿਗਮ ਨੂੰ ਉਮੀਦ ਹੈ ਕਿ ਸ਼ਹਿਰ ਦੇ ਪ੍ਰਸ਼ਾਸਕ ਨਿਗਮ ਲਈ ਕੋਈ ਵੱਡਾ ਐਲਾਨ ਕਰਨਗੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਜਦੋਂ ਮੇਅਰ ਕੁਲਦੀਪ ਉਕਮਾਰ ਨਿਗਮ ਲਈ ਵਾਧੂ ਗ੍ਰਾਂਟ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਕ ਨਾਲ ਮਿਲੇ ਸਨ ਤਾਂ ਪ੍ਰਸ਼ਾਸਕ ਨੇ ਨਗਰ ਨਿਗਮ ਨੂੰ ਆਪਣੇ ਹੀ ਸਾਧਨਾਂ ਤੋਂ ਮਾਲੀਆ ਇਕੱਠਾ ਕਰਨ ‘ਤੇ ਜ਼ੋਰ ਦਿੱਤਾ ਸੀ ਅਤੇ ਟੈਕਸ ਡਿਫਾਲਟਰਾਂ ਤੋਂ ਵਸੂਲੀ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਸਨ, ਜਿਸ ਤੋਂ ਬਾਅਦ ਨਿਗਮ ਟੈਕਸ ਡਿਫਾਲਟਰਾਂ ‘ਤੇ ਸਖ਼ਤ ਰੁਖ਼ ਅਪਣਾ ਰਿਹਾ ਹੈ। ਇਸ ਤੋਂ ਬਾਅਦ ਮੇਅਰ ਸਣੇ ਨਗਰ ਨਿਗਮ ਪ੍ਰਸ਼ਾਸਨ ਨੂੰ ਹੁਣ ਪ੍ਰਸ਼ਾਸਕ ਦੇ ਨਗਰ ਨਿਗਮ ਦੌਰੇ ਦੌਰਾਨ ਕੁੱਝ ਰਾਹਤ ਮਿਲਣ ਦੀ ਉਮੀਦ ਹੈ।